ਐਸ.ਏ.ਐਸ ਨਗਰ, 24 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪੁਲਿਸ ਦੇ ਸਾਈਬਰ ਸੈਲ ਨੇ ਐਸ.ਐਸ.ਪੀ ਕੁਲਦੀਪ ਸਿੰਘ ਚਾਹਲ ਦੀ ਅਗਵਾਈ ਹੇਠ ਇਕ
ਨਕਲੀ ਪੈਟਰੋਲ ਡੀਲਰਸ਼ਿਪ ਗਰੋਹ ਦਾ ਪਰਦਾਫਾਸ਼ ਕਰਦਿਆਂ ਪੰਜ ਨੂੰ ਗ੍ਰਿਫਤਾਰ ਕੀਤਾ ਹੈ।
ਐਸ.ਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਡੀ.ਐਸ.ਪੀ ਰੁਪਿੰਦਰ ਕੌਰ ਨੇ ਦੱਸਿਆ ਕਿ ਇਹ ਗਰੋਹ ਪੈਟਰੋਲ ਪੰਪ ਡੀਲਰਸ਼ਿਪ ਦੇਣ ਦੇ ਨਾਮ ‘ਤੇ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ।ਇਹ ਗਰੋਹ ਮੱਧ ਪ੍ਰਦੇਸ਼, ਛੱਤੀਸਗੜ, ਰਾਜਸਥਾਨ, ਗੁਜਰਾਤ, ਉੜੀਸਾ, ਯੂ.ਪੀ, ਬੰਗਲੌਰ, ਮਣੀਪੁਰ, ਅਸਾਮ ਅਤੇ ਕਰਨਾਟਕ ਵਰਗੇ ਵੱਖ-ਵੱਖ ਰਾਜਾਂ ਵਿੱਚ ਆਨਲਾਈਨ ਇਸ਼ਤਿਹਾਰ ਦਿੰਦਾ ਸੀ।ਇਹ ਗਰੋਹ ਪੈਟਰੋਲ ਪੰਪ ਡੀਲਰਸ਼ਿਪ ਦੇਣ ਦੇ ਨਾਮ `ਤੇ ਵੱਖ-ਵੱਖ ਖਾਤਿਆਂ `ਚ ਪੈਸੇ ਜਮ੍ਹਾ ਕਰਵਾ ਕੇ ਲੋਕਾਂ ਨਾਲ ਧੋਖਾ ਕਰਦਾ ਸੀ।ਲੋਕਾਂ ਨੂੰ ਜਾਅਲੀ ਮਨਜ਼ੂਰੀ ਪੱਤਰ ਅਤੇ ਜਾਅਲੀ ਲਾਇਸੈਂਸ ਦਿੱਤੇ ਗਏ ਸਨ।ਡੀਲਰਸ਼ਿਪਾਂ ਬਾਰੇ ਪੁੱਛੇ ਜਾਣ `ਤੇ ਗਿਰੋਹ ਦੇ ਮੈਂਬਰ ਆਪਣੇ ਫੋਨ ਬੰਦ ਕਰ ਲੈਂਦੇ ਸਨ।ਇਹਨਾਂ ਵਲੋਂ ਹੁਣ ਤੱਕ ਲੋਕਾਂ ਨਾਲ 1 ਕਰੋੜ ਰੁਪਏ ਤੱਕ ਦਾ ਧੋਖਾ ਕੀਤਾ ਗਿਆ ਹੈ।
ਗਵਾਲੀਅਰ, ਹਮੀਰਪੁਰ (ਯੂ.ਪੀ) ਵਿੱਚ ਪੁਲਿਸ ਨੇ ਛਾਪੇ ਮਾਰੇ ਅਤੇ ਚਾਰ ਨੂੰ ਗ੍ਰਿਫਤਾਰ ਕੀਤਾ ਜਦਕਿ ਇੱਕ ਹੋਰ ਨੂੰ ਖਰੜ ਤੋਂ ਕਾਬੂ ਕੀਤਾ ਗਿਆ।
ਮੁਲਜ਼ਮ ਮਹਿੰਦਰ ਸਿੰਘ, ਬ੍ਰਹਮਪ੍ਰਕਾਸ਼ ਸ਼ੁਕਲਾ, ਜਤਿੰਦਰ ਸਿੰਘ, ਆਸਿਫ ਖਾਨ ਅਤੇ ਅਕਾਸ਼ ਸਿੰਘ ਦੀ ਗ੍ਰਿਫਤਾਰੀ ਦੇ ਨਤੀਜੇ ਵਜੋਂ 4,90,000 ਰੁਪਏ ਨਕਦ, ਇਕ ਸਕਾਰਪੀਓ, 2 ਲੈਪਟਾਪ, ਅਪਰਾਧ ਵਿਚ ਵਰਤੇ ਗਏ ਮੋਬਾਈਲ ਫੋਨ ਅਤੇ ਸਿਮ ਕਾਰਡ ਬਰਾਮਦ ਕੀਤੇ ਗਏ।ਮੁਲਜ਼ਮ ਦੇ ਵੱਖ-ਵੱਖ ਬੈਂਕਾਂ ਵਿੱਚ 21 ਖਾਤੇ ਸਨ।ਇਨ੍ਹਾਂ ਖਾਤਿਆਂ ਵਿਚ 2.50 ਲੱਖ ਰੁਪਏ ਫਰੀਜ਼ ਕਰ ਦਿੱਤੇ ਗਏ ਹਨ।
ਇਸ ਸਬੰਧੀ ਥਾਣਾ ਮਟੌਰ ਵਿਖੇ 15-5-2020 ਨੂੰ ਆਈ.ਪੀ.ਸੀ ਦੀ ਧਾਰਾ 406, 419, 420, 465, 467, 471 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।ਮੁਲਜ਼ਮ ਦਾ ਰਿਮਾਂਡ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media