ਲੌਂਗੋਵਾਲ, 4 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿਛਲੇ ਦਿਨੀ ਪੰਜਾਬ ‘ਚ ਹਨੇਰੀ ਝੱਖੜ ਦਾ ਕਹਿਰ ਝੁੱਲਿਆ।ਜਿਸ ਨਾਲ ਸਥਾਨਕ ਕਸਬਾ ਲੌਂਗੋਵਾਲ 
ਦੇ ਕਿਸਾਨ ਕਰਮਜੀਤ ਸਿੰਘ ਦੇ ਖੇਤ ਵਿੱਚ ਬਣੇ ਗਊਆਂ ਅਤੇ ਮੁਰਗੀਆਂ ਦੇ ਫਾਰਮ ਨੂੰ ਹਨੇਰੀ ਨੇ ਤਬਾਹ ਕਰਕੇ ਰੱਖ ਦਿੱਤਾ।ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਹਨੇਰੀ ਐਨੀ ਤੇਜ਼ ਸੀ ਕਿ ਇਸ ਨੇ ਸੀਮੈਂਟ ਦੇ ਬਣੇ ਪਿੱਲਰਾਂ ਵਿੱਚ ਭਾਰੀ ਲੋਹੇ ਦੀਆਂ ਪਾਈਪਾਂ ਨੂੰ ਤੋੜ ਮਰੋੜ ਕੇ ਰੱਖ ਦਿੱਤਾ।ਇਸ ਫਾਰਮ ਉਪਰ ਘੱਟੋ-ਘੱਟ ਵੀਹ ਲੱਖ ਰੁਪਏ ਖਰਚ ਹੋਇਆ ਸੀ।ਹਨੇਰੀ ਨੇ ਜਿਥੇ ਅੱਧੇ ਫਾਰਮ ਦੀ ਛੱਤ ਬਿਲਕੁੱਲ ਚਕਨਾਚੂਰ ਕਰ ਦਿੱਤੀ ਹੈ, ਉਥੇ ਤਿੰਨ ਚਾਰ ਗਾਵਾਂ ਵੀ ਕਿੱਧਰੇ ਚਲੀਆਂ ਗਈਆਂ ਹਨ, ਜੋ ਹੁਣ ਤੱਕ ਲਾਪਤਾ ਹਨ।ਉਨ੍ਹਾਂ ਕਿਹਾ ਕਿ ਪਹਿਲਾਂ ਕਰੋਨਾ ਮਹਾਂਮਾਰੀ ਕਾਰਣ ਕਿਸਾਨਾਂ ਨੂੰ ਦੁੱਧ ਦੀ ਮੰਦੀ ਝੱਲਣੀ ਪਈ ਅਤੇ ਮੁਰਗੀਆਂ ਨੂੰ ਟੋਏ ਪੁੱਟ ਕੇ ਜ਼ਮੀਨ ਹੇਠ ਦੱਬਿਆ ਗਿਆ।ਪਰ ਸਰਕਾਰ ਵਲੋਂ ਕਿਸਾਨਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕੀਤੀ ਗਈ।ਕਿਸਾਨ ਕਰਮਜੀਤ ਸਿੰਘ ਨੇ ਕਿਹਾ ਕਿ ਉਸ ਦਾ ਹੁਣ ਤਕਰੀਬਨ 10 ਲੱਖ ਦੇ ਕਰੀਬ ਨੁਕਸਾਨ ਹੋ ਗਿਆ ਹੈ।ਇਸ ਲਈ ਗਿਰਦਾਵਰੀ ਕਰਵਾ ਕੇ ਉਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ।
Punjab Post Daily Online Newspaper & Print Media