ਕੋਵਿਡ ਸੈਂਪਲਾਂ ਦਾ ਅੰਕੜਾ ਹੋਇਆ 10 ਹਜ਼ਾਰ ਤੋਂ ਪਾਰ – ਡਾ. ਮਲਹੋਤਰਾ
ਪਟਿਆਲਾ, 10 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਹੈ ਕਿ ਬੀਤੇ ਦਿਨੀਂ ਕੋਵਿਡ ਜਾਂਚ ਲਈ ਪੈਡਿੰਗ 1255 ਸੈਂਪਲਾਂ
ਵਿਚੋਂ 622 ਸੈਂਪਲਾਂ ਦੀ ਪ੍ਰਾਪਤ ਹੋਈ ਰਿਪੋਰਟਾਂ ਵਿਚੋਂ 618 ਨੈਗੇਟਿਵ ਅਤੇ 4 ਕੋਵਿਡ ਪੌਜਟਿਵ ਪਾਏ ਗਏ ਹਨ ਅਤੇ ਇੱਕ ਪੌਜਟਿਵ ਕੇਸ ਦੀ ਰਿਪੋਰਟ ਪੀ.ਜੀ.ਆਈ ਤੋਂ ਪ੍ਰਾਪਤ ਹੋਈ ਹੈ। ਬਾਕੀ ਸੈਂਪਲਾਂ ਦੀ ਰਿਪੋਰਟ ਦੇਰ ਰਾਤ ਆਵੇਗੀ।
ਡਾ. ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੇ ਪਾਠਕ ਵਿਹਾਰ ਦੇ ਬੀਤੇ ਦਿਨੀਂ ਪੌਜ਼ਟਿਵ ਆਏ 42 ਸਾਲ ਵਿਅਕਤੀ ਦੀ 36 ਸਾਲਾ ਪਤਨੀ ਦੀ ਕੰਟੈਕਟ ਟਰੇਸਿੰਗ ਵਿਚ ਕੀਤੀ ਸੈਪਲਿੰਗ ਦੌਰਾਨ ਕੋਵਿਡ ਪੌਜ਼ਟਿਵ ਆਈ ਹੈ। ਨਾਭਾ ਦਾ ਹੀਰਾ ਪੈਲੇਸ ਵਿੱਚ ਰਹਿਣ ਵਾਲਾ ਕਰੋਨਾ ਪੌਜ਼ਟਿਵ ਮ੍ਰਿਤਕ ਦਾ 16 ਸਾਲਾ ਲੜਕਾ ਵੀ ਕੋਵਿਡ ਜਾਂਚ ਦੌਰਾਨ ਕੋਵਿਡ ਪੌਜ਼ਟਿਵ ਪਾਇਆ ਗਿਆ ਹੈ।ਇਸੇ ਤਰਾਂ ਹੀ ਬੀਤੇ ਦਿਨੀਂ ਨਾਭੇ ਦੀ ਗਿੱਲਜੀਆਂ ਸਟਰੀਟ ਵਿੱਚ ਪੌਜ਼ਟਿਵ ਆਏ ਵਿਅਕਤੀ ਦੇ ਪਰਿਵਾਰਕ ਮੈਂਬਰ 55 ਸਾਲਾ ਔਰਤ ਵੀ ਕੋਵਿਡ ਪੌਜ਼ਟਿਵ ਪਾਈ ਗਈ ਹੈ।ਸਮਾਣਾ ਦੇ ਇੰਦਰਾ ਪੁਰੀ ਇਲਾਕੇ ਵਿਚ ਰਹਿਣ ਵਾਲਾ 28 ਸਾਲਾ ਨੌਜਵਾਨ ਜੋ ਕਿ ਥੈਲੇਸੀਮੀਆ ਦਾ ਮਰੀਜ਼ ਹੈ ਅਤੇ ਪੀ.ਜੀ.ਆਈ ਚੰਡੀਗੜ੍ਹ ਵਿਖੇ ਆਪਣੇ ਇਲਾਜ ਲਈ ਗਿਆ ਸੀ, ਦੀ ਵੀ ਪੀ.ਜੀ.ਆਈ ਵਿਖੇ ਕੋਵਿਡ ਜਾਂਚ ਸਬੰਧੀ ਲਿਆ ਸੈਂਪਲ ਵੀ ਕੋਵਿਡ ਪੌਜ਼ਟਿਵ ਪਾਇਆ ਗਿਆ ਹੈ।ਜਿਸ ਦੀ ਸੂਚਨਾ ਪੀ.ਜੀ.ਆਈ ਵੱਲੋਂ ਸਿਵਲ ਸਰਜਨ ਪਟਿਆਲਾ ਨੂੰ ਪ੍ਰਾਪਤ ਹੋਈ ਹੈ।ਇਸੇ ਤਰਾਂ ਤਹਿਸੀਲ ਲਹਿਰਾਗਾਗਾ ਜਿਲ੍ਹਾ ਸੰਗਰੂਰ ਦਾ ਰਹਿਣ ਵਾਲਾ 60 ਸਾਲਾ ਬਜ਼ੁਰਗ ਜੋ ਕਿ ਆਪਣੇ ਸਿਹਤ ਦੀ ਜਾਂਚ ਲਈ ਟੀ.ਬੀ ਹਸਪਤਾਲ ਪਟਿਆਲਾ ਆਇਆ ਸੀ, ਦਾ ਵੀ ਕੋਵਿਡ ਜਾਂਚ ਸਬੰਧੀ ਲਿਆ ਸੈਂਪਲ ਕੋਵਿਡ ਪੌਜ਼ਟਿਵ ਆਇਆ ਹੈ। ਜਿਸ ਦੀ ਸੂਚਨਾ ਸਿਵਲ ਸਰਜਨ ਸੰਗਰੂਰ ਨੂੰ ਦੇ ਦਿੱਤੀ ਗਈ ਹੈ।ਉਨ੍ਹਾਂ ਦਸਿਆ ਕਿ ਪੌਜ਼ਟਿਵ ਆਏ ਇਹਨਾਂ ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਦੇ ਵਾਰਡ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਪੌਜ਼ਟਿਵ ਆਏ ਕੇਸਾਂ ਦੇ ਘਰਾਂ ਅਤੇ ਆਲ਼ੇ ਦੁਆਲੇ ਦੇ ਘਰਾਂ ਵਿਚ ਸੋਡੀਅਮ ਹਾਈਪੋਕਲੋਰਾਈਡ ਦਾ ਸਪਰੇਅ ਵੀ ਕਰਵਾਇਆ ਜਾ ਰਿਹਾ ਹੈ। ਜਲਦ ਹੀ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਉਨ੍ਹਾਂ ਦੇ ਵੀ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਜਾਣਗੇ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਵੀ ਜਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਕੁੱਲ 642 ਸੈਂਪਲ ਲਏ ਗਏ ਹਨ।ਜਿਨ੍ਹਾਂ ਵਿਚੋਂ ਪੌਜ਼ਟਿਵ ਆਏ ਵਿਅਕਤੀਆਂ ਦੇ ਨੇੜਲੇ ਸੰਪਰਕ, ਬਾਹਰੀ ਰਾਜਾਂ, ਵਿਦੇਸ਼ਾਂ ਤੋਂ ਆ ਰਹੇ ਯਾਤਰੀਆਂ, ਲੇਬਰ, ਫਲੂ ਲੱਛਣਾਂ ਵਾਲੇ ਮਰੀਜ਼, ਟੀ.ਬੀ ਮਰੀਜ਼, ਸਿਹਤ ਵਿਭਾਗ ਦੇ ਫ਼ਰੰਟਲਾਈਨ ਵਰਕਰ, ਪੁਲਿਸ ਮੁਲਾਜ਼ਮ, ਸੈਨੇਟਰੀ ਵਰਕਰ ਆਦਿ ਦੇ ਲਏ ਗਏ ਸੈਂਪਲ ਸ਼ਾਮਲ ਹਨ। ਜਿਨ੍ਹਾਂ ਦੀ ਰਿਪੋਰਟ ਕੱਲ੍ਹ ਨੂੰ ਆਵੇਗੀ।
ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਪਲਿੰਗ ਵਿਚ ਵਾਧਾ ਕਰਨ ਅਤੇ ਸੈਂਪਲ ਲੈਣ ਲਈ ਪ੍ਰਾਈਵੇਟ ਹਸਪਤਾਲਾਂ ਨਾਲ ਵੀ ਤਾਲਮੇਲ ਕੀਤਾ ਗਿਆ ਹੈ ਜਿਸ ਤਹਿਤ ਜਿਲ੍ਹੇ ਦੇ ਤਿੰਨ ਹਸਪਤਾਲ ਵਰਧਮਾਨ ਹਸਪਤਾਲ, ਅਮਰ ਹਸਪਤਾਲ ਅਤੇ ਕੋਲੰਬੀਆ ਏਸ਼ੀਆ ਹਸਪਤਾਲ ਨੂੰ ਇੰਪੈਂਨਲਡ ਕੀਤਾ ਗਿਆ ਹੈ। ਜੋ ਕਿ ਮਰੀਜ਼ ਤੋਂ ਇੱਕ ਹਜ਼ਾਰ ਰੁਪਏ ਲੈ ਕੇ ਮਰੀਜ਼ ਦਾ ਕੋਵਿਡ ਜਾਂਚ ਸਬੰਧੀ ਸੈਂਪਲ ਲੈ ਕੇ ਮੈਡੀਕਲ ਕਾਲਜ ਦੀ ਲੈਬ ਵਿਚ ਜਾਂਚ ਲਈ ਭੇਜਣਗੇ ਅਤੇ ਲੈਬ ਵਿਚ ਕੋਵਿਡ ਜਾਂਚ ਬਿਲਕੁਲ ਮੁਫ਼ਤ ਹੋਏਗੀ।ਮਰੀਜ਼ ਦਾ ਸੈਂਪਲ ਲੈਣਾ, ਟਰਾਂਸਪੋਟੇਸ਼ਨ, ਇਕੁਪਮੈਂਟ ਆਦਿ ਦਾ ਸਾਰਾ ਖਰਚਾ ਸਬੰਧਤ ਪ੍ਰਾਈਵੇਟ ਹਸਪਤਾਲ ਦਾ ਹੋਵੇਗਾ।ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਵੀ ਦਫ਼ਤਰ ਸਿਵਲ ਸਰਜਨ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿਚ ਆਉਣ ਵਾਲੇ ਸਮੇਂ ਵਿਚ ਜੇਕਰ ਜਿਲ੍ਹੇ ਵਿਚ ਕੋਵਿਡ ਦੀ ਸਥਿਤੀ ਗੰਭੀਰ ਹੁੰਦੀ ਹੈ ਤਾਂ ਪ੍ਰਾਈਵੇਟ ਕਲੀਨਿਕਾਂ/ਹਸਪਤਾਲਾਂ ਨੂੰ ਵਰਤਣ ਅਤੇ ਡਾਕਟਰਾਂ ਦੀਆ ਸੇਵਾਵਾਂ ਦੇ ਸਹਿਯੋਗ ਦੀ ਮੰਗ ਕੀਤੀ ਗਈ।ਜਿਸ ਵਿਚ ਆਏ ਮੈਂਬਰਾਂ ਵਲੋਂ ਜਿਲ੍ਹਾ ਸਿਹਤ ਵਿਭਾਗ ਨੂੰ ਪੂਰਾ ਸਹਿਯੋਗ ਦੇਣ ਦੀ ਸਹਿਮਤੀ ਜਤਾਈ ਗਈ।
ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜਿਲ੍ਹੇ ਵਿੱਚ ਕੋਵਿਡ ਜਾਂਚ ਸਬੰਧੀ 10058 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾਂ ਵਿਚੋਂ ਜਿਲ੍ਹਾ ਪਟਿਆਲਾ 151 ਕੋਵਿਡ ਪੌਜਟਿਵ, 8622 ਨੈਗੇਟਿਵ ਅਤੇ 1285 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪੌਜਟਿਵ ਕੇਸਾਂ ਵਿਚੋਂ ਤਿੰਨ ਪੌਜਟਿਵ ਕੇਸ ਦੀ ਮੌਤ ਹੋ ਚੁੱਕੀ ਹੈ, 116 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 32 ਹੈ ।
Punjab Post Daily Online Newspaper & Print Media