ਅੰਮ੍ਰਿਤਸਰ, 12 ਜਨ (ਪੰਜਾਬ ਪੋਸਟ – ਖੁਰਮਣੀਆਂ) – ਕੇਂਦਰੀ ਮਨੁੱਖੀ ਸਰੋਤ ਤੇ ਵਿਕਾਸ ਮੰਤਰੀ ਸ੍ਰੀ ਰਮੇਸ਼ ਪ੍ਰੋਖਿਆਲ ਨਿਸ਼ੰਕ ਵੱਲੋਂ ਅੱਜ ਨਵੀਂ ਦਿੱਲੀ ਤੋਂ ਜਾਰੀ
ਕੀਤੀ ਗਈ ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ (ਐਨ.ਆਈ.ਆਰ.ਐਫ)-2020 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ ਭਰ ਦੀਆਂ ਕੇਂਦਰੀ, ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ 51 ਸਥਾਨ ਪ੍ਰਾਪਤ ਹੋਇਆ ਹੈ ਜੋ ਪਿਛਲੇ ਸਾਲ 59ਵਾਂ ਸੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵੱਖ ਵੱਖ ਖੇਤਰਾਂ ਵਿਚ ਵੱਧ ਰਹੀ ਰੈਂਕਿੰਗ `ਤੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਉਥੇ ਬੁਲੰਦੀਆਂ ਨੂੰ ਛੂਹ ਰਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭਾਈਚਾਰੇ ਵਿਚ ਵੀ ਖੁਸ਼ੀ ਦਾ ਮਾਹੌਲ ਹੈ।
ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਅਤੇ ਉਚ ਅਧਿਕਾਰੀਆਂ ਵੱਲੋਂ ਯੂਨੀਵਰਸਿਟੀ ਦੀਆਂ ਮਾਣਮਤੀਆਂ ਪ੍ਰਾਪਤੀਆਂ `ਤੇ ਵਧਾਈਆਂ ਕਬੂਲਦਿਆਂ ਪ੍ਰੋ. ਸੰਧੂ ਨੇ ਦੱਸਿਆ ਕਿ ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ (ਐਨ.ਆਈ.ਆਰ.ਐਫ.) ਹਰ ਸਾਲ ਦੇਸ਼ ਦੀਆਂ ਸਾਰੇ ਉਚੇਰੀ ਸਿਖਿਆ ਅਦਾਰਿਆਂ ਦਾ ਅਧਿਆਪਨ, ਸਿਖਿਆ ਸਰੋਤ, ਖੋਜ ਅਤੇ ਪ੍ਰੋਫੈਸ਼ਨਲ ਅਭਿਆਸ, ਗਰੈਜੂਏਸ਼ਨ ਆਊਟਕਮ ਅਤੇ ਅਦਾਰਿਆਂ ਦੇ ਪ੍ਰਭਾਵਾਂ ਜਿਹੇ ਮਾਪਦੰਡਾਂ ਦਾ ਮੁਲਾਂਕਣ ਕਰਕੇ ਉਨ੍ਹਾਂ ਨੂੰ ਰੈਂਕਿੰਗ ਪ੍ਰਦਾਨ ਕਰਦੀ ਹੈ।
ਉਨ੍ਹਾਂ ਦੱਸਿਆ ਕਿ ਪ੍ਰਮੁੱਖ ਪੰਜ ਮਾਪਦੰਡਾਂ ਵਿਚੋਂ ਤਿੰਨ ਮਾਪਦੰਡਾਂ `ਤੇ ਪਿਛਲੇ ਅੰਕੜਿਆਂ ਵਿਚ ਸੁਧਾਰ ਕਰਦਿਆਂ ਉਚ ਸਤਰ ਪ੍ਰਾਪਤ ਕੀਤਾ ਹੈ। ਜਿਨ੍ਹਾਂ ਵਿਚ ਖੋਜ, ਪ੍ਰੋਫੈਸ਼ਨਲ ਅਭਿਆਸ, ਗਰੈਜੂਏਸ਼ਨ ਆਊਟਕਮ ਅਤੇ ਲੋਕ ਧਾਰਨਾ ਪ੍ਰਮੁੱਖ ਹੈ।ਉਨ੍ਹਾਂ ਕਿਹਾ ਕਿ ਅੱਜ ਜਦੋਂ ਦੇਸ਼ ਦੇ ਕੇਂਦਰੀ ਮੰਤਰੀ ਵੱਲੋਂ ਜਾਰੀ ਕੀਤੀ ਗਈ ਰੈਂਕਿੰਗ ਦੀ ਸੂਚੀ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 51ਵਾਂ ਸਥਾਨ ਆਇਆ ਤਾ ਇਸ ਦੇ ਨਾਲ ਹੀ ਇਹ ਯੂਨੀਵਰਸਿਟੀ ਰਾਜ ਸਰਕਾਰ ਵੱਲੋਂ ਫੰਡ ਪ੍ਰਾਪਤ ਕਰਨ ਵਾਲੀਆਂ ਯੂਨੀਵਰਸਿਟੀਆਂ ਵਿਚੋਂ 18ਵੇਂ ਨੰਬਰ `ਤੇ ਆ ਗਈ ਹੈ।
ਇਸ ਤੋਂ ਪਹਿਲਾਂ ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ ਵੱਲੋਂ ਆਪਣੀ ਜਾਰੀ ਕੀਤੀ ਗਈ ਸੂਚੀ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਿਸ਼ਵ ਦੀਆਂ ਉਚ ਕੋਟੀ ਦੀਆਂ 9 ਫੀਸਦੀ ਯੂਨੀਵਰਸਿਟੀਆਂ ਵਿਚ ਸ਼ਾਮਿਲ ਕੀਤਾ ਸੀ। ਜਿਸ ਨਾਲ ਇਹ ਦੇਸ਼ ਦੀਆਂ 10 ਸਟੇਟ ਪਬਲਿਕ ਯੂਨੀਵਰਸਿਟੀਆਂ ਵਿਚ ਵੀ ਸ਼ਾਮਿਲ ਹੋ ਗਈ। ਇਥੇ ਇਹ ਜ਼ਿਕਰਯੋਗ ਹੈ ਕਿ ਨੇਚਰ ਇੰਡੈਕਸ ਵੱਲੋਂ ਹਾਲ ਵਿਚ ਹੀ ਦਿੱਤੀ ਗਈ ਰੈਂਕਿੰਗ ਵਿਚ ਯੂਨੀਵਰਸਿਟੀ ਨੂੰ ਦੇਸ਼ ਦੀਆਂ 10 ਆਹਲਾ ਯੂਨੀਵਰਸਿਟੀਆਂ ਵਿਚ ਰਿਿਖਆ ਗਿਆ ਜਿਸ ਨਾਲ ਯੂਨੀਵਰਸਿਟੀ ਦਾ ਕੌਮੀ ਅਤੇ ਕੌਮਾਂਤਰੀ ਪੱਧਰ `ਤੇ ਚੰਗਾ ਪ੍ਰਭਾਵ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਅਧਿਆਪਕਾਂ, ਖੋਜ ਵਿਦਿਆਰਥੀਆਂ, ਵਿਦਿਆਰਥੀਆਂ ਅਤੇ ਪ੍ਰਬੰਧਕੀ ਸਟਾਫ ਸਿਰ ਜਾਂਦਾ ਹੈ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media