ਲੇਬਰ ਵਿਭਾਗ ਕੋਲ ਲੇਬਰ ਸੈਸ ਜਮਾਂ ਕਰਵਾਉਣ ਵਾਲੇ ਠੇਕੇਦਾਰ ਤੇ ਬਿਲਡਿੰਗ ਮਾਲਕ ਹੀ ਕਿਰਤੀਆਂ ਦੀ ਤਸਦੀਕ ਦੇ ਯੋਗ
ਧੂਰੀ, 13 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬ ਦੇ ਸੇਵਾ ਕੇਂਦਰਾਂ ਵਿੱਚ ਇਨੀਂ ਦਿਨੀਂ ਲਾਲ ਕਾਪੀਆਂ ਬਨਵਾਉਣ ਵਾਲੇ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ
ਮਿਲ ਰਹੀ ਹੈ ਅਤੇ ਅਜਿਹੇ ਲੋਕਾਂ ਵਿੱਚ ਬਹੁ-ਗਿਣਤੀ ਅਯੋਗ ਲਾਭਪਾਤਰੀਆਂ ਦੀ ਹੈ।ਇੱਕ-ਦੂਜੇ ਦੇ ਪਿੱਛੇ ਲੱਗ ਕੇ ਲਾਲ ਕਾਪੀਆਂ ਬਨਾਉਣ ਦੀ ਹੋੜ ਵਿੱਚ ਲੱਗੇ ਗਰੀਬ ਲੋਕਾਂ ਦੀ ਕੁੱਝ ਦਲਾਲ ਕਿਸਮ ਦੇ ਲੋਕਾਂ ਵੱਲੋਂ ਭਾਰੀ ਲੁੱਟ ਕੀਤੀ ਜਾ ਰਹੀ ਹੈ।ਕਈਆਂ ਪਾਸੋਂ ਤਾਂ ਫਾਰਮ ਭਰਨ ਦੇ ਨਾਂ ‘ਤੇ 500 ਤੋਂ 700 ਰੁਪਏ ਤੱਕ ਵਸੂਲ ਕੀਤੇ ਜਾ ਰਹੇ ਹਨ। ਕੋਰੋਨਾ ਮਹਾਂਮਾਰੀ ਦੌਰਾਨ ਬੀ.ਓ.ਸੀ.ਡਬਲਯੂ ਬੋਰਡ ਪੰਜਾਬ ਵੱਲੋਂ ਉਸਾਰੀ ਕਿਰਤੀਆਂ ਦੇ ਖਾਤਿਆਂ ਵਿੱਚ ਦੋ ਵਾਰ 3-3 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਆ ਜਾਣ ਮਗਰੋਂ ਆਮ ਮਜ਼ਦੂਰਾਂ ਵਿੱਚ ਵੀ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੇ ਲਾਭਪਾਤਰੀ ਬਣ ਕੇ ਲਾਲ ਕਾਪੀ ਹਾਸਲ ਕਰਨ ਦੀ ਦੌੜ ਲੱਗੀ ਹੋਈ ਹੈ।
ਇਸ ਸਬੰਧੀ ਜਦੋਂ ਬੀ.ਓ.ਸੀ.ਡਬਲਯੂ. ਬੋਰਡ ਪੰਜਾਬ ਦੇ ਮੈਂਬਰ ਅਤੇ ਕੰਸਟ੍ਰਕਸ਼ਨ ਵਰਕਰਜ਼ ਯੂਨੀਅਨ ਪੰਜਾਬ ਦੇ ਚੇਅਰਮੈਨ ਐਡਵੋਕੇਟ ਸੁਸ਼ੀਲ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪੰਜਾਬ ਵਿੱਚ ਇਨੀਂ ਦਿਨੀਂ ਲੱਖਾਂ ਅਯੋਗ ਲਾਭਪਾਤਰੀਆਂ ਵੱਲੋਂ ਲਾਲ ਕਾਪੀਆਂ ਬਨਾਉਣ ਦਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਚੁੱਕਾ ਹੈ ਅਤੇ ਅਜਿਹੇ ਲੋਕਾਂ ਦਾ ਉਸਾਰੀ ਕਿਰਤੀਆਂ ਦੇ ਕੰਮ ਨਾਲ ਕੋਈ ਸਬੰਧ ਵਾਸਤਾ ਨਾ ਹੋਣ ਕਾਰਨ ਲੱਖਾਂ ਦੀ ਤਦਾਦ ਵਿੱਚ ਸਹਾਇਕ ਕਿਰਤ ਕਮਿਸ਼ਨਰਾਂ ਦੇ ਦਫਤਰਾਂ ਵਿੱਚ ਪਹੁੰਚੇ ਫਾਰਮ ਵੈਰੀਫਾਈ ਹੋਣ ਉਪਰੰਤ ਰੱਦ ਹੋ ਜਾਣਗੇ।ਉਹਨਾਂ ਸਰਪੰਚਾਂ ਅਤੇ ਮਿਊਂਸਪਲ ਕੌਂਸਲਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਕੀਤੀ ਗਲਤ ਵੈਰੀਫਿਕੇਸ਼ਨ ਨਾਲ ਕਈ ਹਜ਼ਾਰ ਅਸਲੀ ਲਾਭਪਾਤਰੀ ਆਪਣੇ ਹੱਕਾਂ ਤੋਂ ਵਾਂਝੇ ਰਹਿ ਸਕਦੇ ਹਨ ਅਤੇ ਜ਼ਿਲਾ੍ਹ ਪੱਧਰ ‘ਤੇ ਸਹਾਇਕ ਕਿਰਤ ਕਮਿਸ਼ਨਰਾਂ ਦੇ ਦਫਤਰਾਂ ਵਿੱਚ ਵੀ ਦਫਤਰੀ ਕੰਮ-ਕਾਜ ਦਾ ਬੋਝ ਵੱਧ ਸਕਦਾ ਹੈ।
ਉਹਨਾਂ ਦੱਸਿਆ ਕਿ ਬਿਲਡਿੰਗ ਕੰਸਟ੍ਰਕਸ਼ਨ ਦੇ ਕੰਮ ਨਾਲ ਸਬੰਧਤ ਉਸਾਰੀ ਮਜ਼ਦੂਰ, ਰਗੜਾਈ ਵਾਲਾ, ਮਿਸਤਰੀ, ਪਲੰਬਰ, ਮਾਰਬਲ ਲਗਾਉਣ ਵਾਲਾ, ਤਰਖਾਣ, ਪੇਂਟਰ, ਇਲੈਕਟ੍ਰੀਸ਼ਨ ਆਦਿ ਕਿੱਤੇ ਨਾਲ ਜੁੜੇ ਵਿਅਕਤੀ ਬੀ.ਓ.ਸੀ.ਡਬਲਯੂ. ਬੋਰਡ ਦੇ ਲਾਭਪਾਤਰੀ ਵਜੋਂ ਰਜਿਸਟਰਡ ਹੋ ਸਕਦੇ ਹਨ ਅਤੇ ਕਿਸੇ ਵਿਅਕਤੀ ਦੀ ਗਲਤ ਗਵਾਹੀ ਅਤੇ ਕੰਮ ਦਾ ਵੇਰਵਾ ਗਲਤ ਤਸਦੀਕ ਕਰਨ ਵਾਲੇ ਵਿਅਕਤੀ ਨੂੰ ਸਬੰਧਤ ਮਜ਼ਦੂਰੀ ਦੀ ਬਣਦੀ ਰਕਮ ਦਾ 1% ਲੇਬਰ ਸੈਸ ਦੇਣਾ ਪੈ ਸਕਦਾ ਹੈ ਅਤੇ ਆਪਣੇ ਆਪ ਨੂੰ ਉਸਾਰੀ ਮਜ਼ਦੂਰ ਦੱਸ ਕੇ ਗਲਤ ਦਸਤਾਵੇਜ ਤਿਆਰ ਵਾਲੇ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ।
ਉਹਨਾਂ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਿਰਫ ਰਜਿਸਟਰਡ ਠੇਕੇਦਾਰ ਅਤੇ ਅਜਿਹੇ ਬਿਲਡਿੰਗ ਮਾਲਕ ਜਿੰਨਾਂ ਨੇ ਲੇਬਰ ਵਿਭਾਗ ਪਾਸ ਲੇਬਰ ਸੈਸ ਜਮਾਂ੍ਹ ਕਰਵਾਇਆ ਹੋਵੇ, ਆਪਣੇ ਪਾਸ ਕੰਮ ਕਰਦੇ ਮਜ਼ਦੂਰਾਂ ਦੇ ਉਸੇ ਕੰਮ ਦਾ ਵੇਰਵਾ ਤਸਦੀਕ ਕਰ ਸਕਦੇ ਹਨ।ਉਹਨਾਂ ਕਿਹਾ ਕਿ ਲੇਬਰ ਦੀਆਂ ਫਰਜ਼ੀ ਲਾਲ ਕਾਪੀਆਂ ਬਨਣ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ 12 ਸਾਲਾਂ ਦੌਰਾਨ ਵਿਭਾਗ ਪਾਸ ਹੁਣ ਤੱਕ ਸਿਰਫ 3 ਲੱਖ ਦੇ ਕਰੀਬ ਉਸਾਰੀ ਕਿਰਤੀ ਹੀ ਰਜਿਸਟਰਡ ਹੋਏ ਹਨ, ਜਦੋਂਕਿ ਸੀ.ਐਸ.ਸੀ ਸੈਂਟਰ ਰਾਹੀਂ ਇੱਕ ਹਫਤੇ ਵਿੱਚ 68 ਹਜ਼ਾਰ ਲਾਭਪਾਤਰੀਆਂ ਨੇ ਬੀ.ਓ.ਸੀ.ਡਬਲਯੂ ਦੀ ਰਜਿਸਟਰੇਸ਼ਨ ਲਈ ਅਪਲਾਈ ਕੀਤਾ ਜਾ ਚੁੱਕਾ ਸੀ।ਜਿਸ ਕਾਰਨ ਸੀ.ਐਸ.ਸੀ ਸੈਂਟਰਾਂ ਪਾਸੋਂ ਇਹ ਕੰਮ ਵਾਪਸ ਲੈ ਲਿਆ ਗਿਆ ਹੈ ਅਤੇ ਹੁਣ ਸਿਰਫ ਸੇਵਾ ਕੇਂਦਰਾਂ ‘ਤੇ ਹੀ ਲਾਲ ਕਾਪੀਆਂ ਦੇ ਫਾਰਮ ਅਪਲਾਈ ਹੋ ਰਹੇ ਹਨ।
ਉਹਨਾਂ ਕਿਹਾ ਕਿ ਖੇਤ ਮਜ਼ਦੂਰਾਂ, ਪ੍ਰਾਈਵੇਟ ਦੁਕਾਨਾਂ, ਫੈਕਟਰੀਆਂ, ਘਰਾਂ, ਹਸਪਤਾਲਾਂ, ਹੋਟਲਾਂ, ਢਾਬਿਆਂ, ਭੱਠਿਆਂ ਆਦਿ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਵਿਭਾਗ ਪਾਸ ਲਾਲ ਕਾਪੀ ਬਣਾਉਣ ਦੀ ਕੋਈ ਸਕੀਮ ਨਹੀਂ ਹੈ ਅਤੇ ਅਜਿਹੇ ਲੱਖਾਂ ਅਯੋਗ ਲਾਭਪਾਤਰੀਆਂ ਦੇ ਫਾਰਮ ਰੱਦ ਕੀਤੇ ਜਾਣਗੇ।ਉਹਨਾਂ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਸੇਵਾ ਕੇਂਦਰਾਂ ਵਿੱਚ ਬੇਲੋੜਾ ਇੱਕਠ ਨਾ ਕਰਨ ਅਤੇ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣ ਦੀ ਬੇਨਤੀ ਕਰਦਿਆਂ ਕਿਹਾ ਕਿ ਬਿਨਾਂ ਸੋਚੇ ਸਮਝੇ ਲਾਲ ਕਾਪੀ ਲਈ ਅਪਲਾਈ ਕਰਨ ਵਾਲੇ ਵਿਅਕਤੀ ਆਪਣਾ ਕੀਮਤੀ ਸਮਾਂ ਅਤੇ ਪੈਸਾ ਬਰਬਾਦ ਨਾ ਕਰਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media