ਔਜਲਾ ਨੇ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਨੂੰ ਲਿਖਿਆ ਪੱਤਰ
ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਮੈਂਬਰ ਲੋਕ ਸਭਾ ਗੁਰਜੀਤ ਸਿੰਘ ਔਜਲਾ ਨੇ ਦੁਬਈ, ਮਸਕਟ ਸਮੇਤ ਕਈ ਅਰਬ ਦੇਸ਼ਾਂ
ਵਿੱਚ ਫਸੇ ਪੰਜਾਬੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਇਨ੍ਹਾਂ ਦੇਸ਼ਾਂ ਵਿੱਚ ਫਸੇ ਪੰਜਾਬੀ ਆਪਣੇ ਮੁਲਕ ਪਰਤਣ ਦੇ ਚਾਹਵਾਨ ਹਨ।ਉਨ੍ਹਾਂ ਨੂੰ ਇਥੇ ਵਾਪਸ ਲਿਆਉਣ ਲਈ ਸੁਹਿਰਦ ਯਤਨਾਂ ਦੀ ਲੋੜ ਹੈ, ਜੋ ਸਰਕਾਰ ਵਲੋਂ ਨਹੀਂ ਕੀਤੇ ਜਾ ਰਹੇ।ਉਨ੍ਹਾਂ ਕੇਂਦਰ ਸਰਕਾਰ ਵਲੋਂ ਪੰਜਾਬੀਆਂ ਨਾਲ ਹੋ ਰਹੀ ਬੇਇਨਸਾਫੀ ਦੇ ਮੁੱਦੇ ਨੂੰ ਕੇਂਦਰੀ ਵਿਦੇਸ਼ ਮੰਤਰੀ ਭਾਰਤ ਸਰਕਾਰ, ਕੇਂਦਰੀ ਹਵਾਬਾਜ਼ੀ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਕੋਲ ਉਠਾਉਂਦੇ ਹੋਏ ੇ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ।
ਗੁਰਜੀਤ ਔਜਲਾ ਨੇ ਇਥੇ ਪੱਤਰ ਰਾਹੀਂ ਮਾਮਲਾ ਅੰਮ੍ਰਿਤਸਰ ਤੋਂ ਚੋਣ ਲੜ ਚੁੱਕੇ ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਇਹ ਧਿਆਨ ਵਿੱਚ ਲਿਆਉਂਦਿਆਂ ਦੱਸਿਆ ਕਿ ਦੁਬਈ ਤੋਂ ਕੇਰਲਾ ਨੂੰ 127 ਫਲਾਈਟਾਂ ਆ ਰਹੀਆਂ ਹਨ, ਜਦਕਿ ਮੁਹਾਲੀ ਤੇ ਅੰਮ੍ਰਿਤਸਰ ਏਅਰਪੋਰਟ ਤੋਂ ਗਿਣਤੀ ਦੀਆਂ ਇੱਕ ਦੋ ਫਲਾਈਟਾਂ ਹੀ ਆਉਣੀਆਂ ਦਰਸਾਈਆਂ ਜਾ ਰਹੀਆਂ ਹਨ, ਜੋ ਕਿ ਪੰਜਾਬੀਆਂ ਨਾਲ ਬੇਇਨਸਾਫੀ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ 3-4 ਵਾਰ ਈ-ਮੇਲ ਰਾਹੀਂ ਆਪਣੀ ਗੱਲ ਕਹਿ ਚੁੱਕੇ ਹਨ, ਪਰ ਅਜੇ ਤੱਕ ਇਸ ਮਸਲੇ ਦੇ ਹੱਲ ਲਈ ਕੋਈ ਸੰਜ਼ੀਦਾ ਕਦਮ ਨਹੀਂ ਚੁੱਕਿਆ ਗਿਆ।
ਔਜਲਾ ਨੇ 9 ਜੂਨ ਨੂੰ ਓਮਾਨ ਵਿੱਚ ਭਾਰਤੀ ਅੰਬੈਸੀ ਨੂੰ ਕੀਤੀ ਈ-ਮੇਲ ਦਾ ਵੀ ਹਵਾਲਾ ਦਿੰਦਿਆਂ ਕਿਹਾ ਕਿ 100 ਦੇ ਲਗਭਗ ਔਰਤਾਂ ਓਮਾਨ ਅੰਬੈਸੀ ਵਿਚ ਫਸੀਆਂ ਹੋਈਆਂ ਹਨ।ਪਰ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ।ਉਨਾਂ ਵਲੋਂ ਈ-ਮੇਲ ਕਰਨ ਦੇ ਬਾਵਜੂਦ ਵੀ ਉਨਾਂ ਦੇ ਦਫਤਰ ਜਾਂ ਪੀੜਤ ਔਰਤਾਂ ਨੂੰ ਅਜੇ ਤੱਕ ਇੰਡੀਅਨ ਅੰਬੈਸੀ ਵਲੋਂ ਸੰਪਰਕ ਨਹੀਂ ਕੀਤਾ ਜਾ ਰਿਹਾ।ਉਨ੍ਹਾਂ ਅਜਿਹੇ ਅਵੇਸਲੇਪਣ ਨੂੰ ਸਰਕਾਰ ਦੀ ਨਾਕਾਮੀ ਵੀ ਦੱਸਿਆ ਅਤੇ ਸਰਕਾਰ ਨੂੰ ਇਸ ਪੱਤਰ ਰਾਹੀਂ ਚੁੱਕੇ ਮੁੱਦਿਆਂ ਨੂੰ ਗੰਭੀਰਤਾ ਨਾਲ ਹੱਲ ਕਰਨ ਲਈ ਆਖਿਆ ਹੈ।ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਸਬੰਧੀ ਤੁਰੰਤ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਪੰਜਾਬ ਪਰਤਣ ਦੇ ਚਾਹਵਾਨ ਪੰਜਾਬੀਆਂ ਨੂੰ ਲਿਆਉਣ ਲਈ ਢੁੱਕਵੇਂ ਪ੍ਰਬੰਧ ਕਰਨ ਲਈ ਵੀ ਆਖਿਆ ਹੈ।
Punjab Post Daily Online Newspaper & Print Media