ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਦਾ ਦੌਰਾ ਵੀ ਕੀਤਾ
ਬਠਿੰਡਾ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪੰਜਾਬ ਯੂਥ ਵਿਕਾਸ ਬੋਰਡ ਦੇ ਮਿਸ਼ਨ ਫਤਿਹ ਤਹਿਤ
ਆਰੰਭੇ ਜਨ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਕਰਵਾਈ।ਇਥੇ ਇਕ ਸਾਦੇ ਅਤੇ ਇਕੱਠ ਰਹਿਤ ਆਯੋਜਨ ਦੌਰਾਨ ਵਿੱਤ ਮੰਤਰੀ ਨੇ ਮਾਸਕ ਅਤੇ ਜਾਗਰੂਕਤਾ ਪਰਚੇ ਵੰਡ ਕੇ ਇਸ ਅਭਿਆਨ ਨੂੰ ਸ਼ੁਰੂ ਕਰਵਾਇਆ।
ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਜਾਗਰੂਕਤਾ ਅਤੇ ਜਾਣਕਾਰੀ ਹੀ ਕੋਵਿਡ 19 ਬਿਮਾਰੀ ਦੇ ਪਸਾਰ ਨੂੰ ਰੋਕਣ ਵਿਚ ਸਹਾਈ ਹੋ ਸਕਦੀ ਹੈ।ਇਸ ਤਹਿਤ ਯੂਥ ਵਿਕਾਸ ਬੋਰਡ ਨਾਲ ਜੁੜੇ ਯੂਥ ਕਲੱਬਾਂ ਦੇ ਮੈਂਬਰ ਲੋਕਾਂ ਨੂੰ ਕੋਰੋਨਾ ਤੋਂ ਬਚਣ ਲਈ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਨਨਗੇ।ਉਨਾਂ ਨੇ ਕਿਹਾ ਕਿ ਘਰ ਤੋਂ ਬਾਹਰ ਆਉਣ ਮੌਕੇ ਮਾਸਕ ਪਾਉਣਾ, ਸਮਾਜਿਕ ਦੂਰੀ ਦਾ ਖਿਆਲ ਰੱਖਣਾ ਅਤੇ ਵਾਰ ਵਾਰ ਹੱਥ ਧੋਣਾ ਕੋਵਿਡ ਖਿਲਾਫ ਸਾਡੀ ਲੜਾਈ ਦੇ ਪ੍ਰਮੁੱਖ ਹਥਿਆਰ ਹਨ। ਉਨਾਂ ਨੇ ਅਪੀਲ ਕੀਤੀ ਕਿ ਬਜੁਰਗ, ਛੋਟੇ ਬੱਚੇ, ਗਰਭਵਤੀ ਔਰਤਾਂ ਅਤੇ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕ ਘੱਟ ਤੋਂ ਘੱਟ ਘਰ ਤੋਂ ਬਾਹਰ ਨਿਕਲਣ।
ਉਨਾਂ ਨੇ ਕਿਹਾ ਕਿ ਸਾਡੇ ਨੌਜਵਾਨਾਂ ਦੀ ਇਸ ਮੁਹਿੰਮ ਵਿਚ ਸ਼ਮੂਲੀਅਤ ਬਹੁਤ ਜਰੂਰੀ ਹੈ।ਉਨਾਂ ਨੇ ਕਿਹਾ ਕੋਵਾ ਐਪ ਪੰਜਾਬ ਸਰਕਾਰ ਨੇ ਲਾਂਚ ਕੀਤੀ ਹੈ ਅਤੇ ਇਹ ਹਰ ਇਕ ਦੇ ਫੋਨ ਵਿਚ ਹੋਵੇ ਕਿਉਂਕਿ ਇਸ ਨਾਲ ਅਸੀਂ ਕੋਵਿਡ ਦੇ ਖਤਰੇ ਦੀ ਜਾਣਕਾਰੀ ਵੀ ਹਾਸਲ ਕਰ ਸਕਦੇ ਹਾਂ ਜਦ ਕਿ ਬਹੁਤ ਸਾਰੀਆਂ ਸਰਕਾਰੀ ਸੇਵਾਵਾਂ ਇਸ ਐਪ ‘ਤੇ ਉਪਲਬੱਧ ਹਨ।
ਇਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਿਸ਼ਵਕਰਮਾ ਮਾਰਕਿਟ ਵਿਚ ਬਣੇ ਕਮਿਊਨਿਟੀ ਸੈਂਟਰ ਦੀ ਨਵੀਂ ਇਮਾਰਤ ਵੀ ਲੋਕ ਸਮਰਪਿਤ ਕੀਤੀ।ਇਸ ਲਈ ਫੰਡ ਵਿੱਤ ਮੰਤਰੀ ਨੇ ਜਾਰੀ ਕੀਤੇ ਸਨ।ਇਸ ਤੋਂ ਬਿਨਾਂ ਵਿੱਤ ਮੰਤਰੀ ਬਾਦਲ ਨੇ ਰਾਮ ਬਾਗ ਰੋਡ ਗਲੀ ਨੰਬਰ ਦੋ, ਪਾਰਸ ਰਾਮ ਨਗਰ, ਗੁਰੂ ਗੋਬਿੰਦ ਸਿੰਘ ਨਗਰ, ਨਾਰਥ ਐਸਟੇਟ ਆਦਿ ਖੇਤਰਾਂ ਦਾ ਦੌਰਾ ਕੀਤਾ ਅਤੇ ਲੋਕਾਂ ਨਾਲ ਮੁਹੱਲਿਆਂ ਦੇ ਵਿਕਾਸ ਸਬੰਧੀ ਚਰਚਾ ਕੀਤੀ।
ਉਨਾਂ ਨਾਲ ਕੇ.ਕੇ ਅਗਰਵਾਲ, ਅਰੁਣ ਵਧਾਵਨ, ਪਵਨ ਮਾਨੀ, ਰਾਜਨ ਗਰਗ, ਮੋਹਨ ਲਾਲ ਝੂੰਬਾ, ਬਲਜਿੰਦਰ ਠੇਕੇਦਾਰ, ਅਮਰਜੀਤ ਅਗਰਵਾਲ, ਬੇਅੰਤ ਰੰਧਾਵਾ, ਅਸ਼ਵਨੀ ਬੰਟੀ, ਜਗਦੀਸ਼ ਮਿੱਤਲ, ਮਿਲਨ ਸੇਤੀਆਂ ਆਦਿ ਵੀ ਹਾਜਰ ਸਨ।
Punjab Post Daily Online Newspaper & Print Media