‘ਕੈਪਟਨ ਨੂੰ ਪੁੱਛੋ’ ਫੇਸਬੁੱਕ ਲਾਈਵ ‘ਚ ਕੈਪਟਨ ਨੇ ਬਠਿੰਡਾ ਵਾਸੀਆਂ ਦੇ ਸਵਾਲਾਂ ਦਾ ਦਿੱਤਾ ਜਵਾਬ
ਬਠਿੰਡਾ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਸੂਬਾ ਸਰਕਾਰ ਨੇ ਹੜ੍ਹ ਰੋਕਣ ਲਈ ਪੁਖਤਾ
ਪ੍ਰਬੰਧ ਕੀਤੇ ਹਨ ਜਦ ਕਿ ਮੀਹਾਂ ਦੇ ਪਾਣੀ ਨਾਲ ਧਰਤੀ ਹੇਠਲੇ ਪਾਣੀ ਦੇ ਪੱਤਣਾਂ ਨੂੰ ਰੀਚਾਰਜ਼ ਕਰਨ ਲਈ ਵੀ ਇੰਤਜ਼ਾਮ ਕੀਤੇ ਜਾ ਰਹੇ ਹਨ।
ਅੱਜ ਆਪਣੇ ਹਫ਼ਤਾਵਾਰੀ ਫੇਸ ਬੁੱਕ ਲਾਈਵ ‘ਕੈਪਟਨ ਨੂੰ ਪੁੱਛੋ’ ਦੇ 9ਵੇਂ ਅੰਕ ਵਿੱਚ ਬਠਿੰਡਾ ਜ਼ਿਲੇ ਦੇ ਐਡਵੋਕੇਟ ਜਤਿੰਦਰ ਪਾਲ ਸਿੰਘ ਚਹਿਲ ਦੇ ਇਕ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸੂਬਾ ਸਰਕਾਰ ਵਲੋਂ ਹੜਾਂ ਨਾਲ ਹੁੰਦੇ ਨੁਕਸਾਨ ਰੋਕਣ ਲਈ ਨਦੀਆਂ ਨਹਿਰਾਂ ਦੇ ਬੰਨਾਂ ਨੂੰ ਮਜ਼ਬੂਤ ਕੀਤਾ ਗਿਆ ਹੈ, ਜਦ ਕਿ ਹੋਰ ਸਾਰੇ ਢੁੱਕਵੇਂ ਇੰਤਜ਼ਾਮ ਵੀ ਕੀਤੇ ਗਏ ਹਨ।
ਬਠਿੰਡਾ ਜ਼ਿਲੇ ਦੇ ਉਕਤ ਵਸਨੀਕ ਦੇ ਸਵਾਲ ਦੇ ਜਵਾਬ ਵਿੱਚ ਉਨਾਂ ਨੇ ਹੋਰ ਕਿਹਾ ਕਿ ਬੇਸ਼ੱਕ ਦਰਿਆਵਾਂ ਵਿੱਚ ਆਉਣ ਵਾਲੇ ਹੜ ਦੇ ਪਾਣੀ ਨੂੰ ਧਰਤੀ ਹੇਠ ਰੀਚਾਰਜ਼ ਕਰਨਾ ਸੰਭਵ ਨਹੀਂ ਹੁੰਦਾ, ਕਿਉਂਕਿ ਉਸ ਹਲਾਤ ਵਿੱਚ ਬਹੁਤ ਵੱਡੀ ਮਾਤਰਾ ਵਿਚ ਪਾਣੀ ਆਉਂਦਾ ਹੈ,ਜਿਸ ਨੂੰ ਪਾਇਪਾਂ ਨਾਲ ਧਰਤੀ ਹੇਠ ਨਹੀਂ ਭੇਜਿਆ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਤਾਂ ਵੀ ਸੂਬਾ ਸਰਕਾਰ ਨੇ ਸ਼ਿਵਾਲਿਕ ਖੇਤਰ ਵਿੱਚ ਜਿੱਥੇ ਕੱਚੇ ਡੈਮ ਇਸ ਉਦੇਸ਼ ਨਾਲ ਬਣਾਏ ਹਨ, ਉਥੇ ਹੀ ਨਹਿਰਾਂ ਅਤੇ ਸੂਇਆਂ ਦੇ ਬਰਸਾਤਾਂ ਦੌਰਾਨ ਦੇ ਵਾਧੂ ਪਾਣੀ ਨੂੰ ਧਰਤੀ ਹੇਠ ਭੇਜਣ ਲਈ ਵੀ ਸਰਕਾਰ ਕੰਮ ਕਰ ਰਹੀ ਹੈ।ਉਨਾਂ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਰਿਚਾਰਜ਼ ਦੇ ਪ੍ਰੋਜੈਕਟਾਂ ਨਹਿਰਾਂ ਜਾਂ ਬਰਸਾਤਾਂ ਦੇ ਸਥਾਨਕ ਪਾਣੀ ਨੂੰ ਧਰਤੀ ਹੇਠ ਭੇਜਣ ਨਾਲ ਸਬੰਧਤ ਹੀ ਲੱਗ ਸਕਦੇ ਹਨ ਅਤੇ ਸੂਬਾ ਸਰਕਾਰ ਇਸ ਦਿਸ਼ਾ ਵਿੱਚ ਕੰਮ ਕਰ ਰਹੀ ਹੈ।
Punjab Post Daily Online Newspaper & Print Media