Sunday, March 22, 2026

ਮਿਸ਼ਨ ਫਤਿਹ ਸਫਾਈ ਨੂੰ ਯਕੀਨੀ ਬਣਾਓ, ਕੋਰੋਨਾ ਨੂੰ ਦੂਰ ਰੱਖੋ – ਬਲਬੀਰ ਸਿੰਘ ਸਿੱਧੂ

ਸਿਹਤ ਮੰਤਰੀ ਨੇ ਸ਼ਹਿਰੀ ਸਟ੍ਰੀਟ ਵਿਕਰੇਤਾਵਾਂ ਲਈ ਏਕੀਕ੍ਰਿਤ ਸਿਖਲਾਈ ਪ੍ਰੋਗਰਾਮ ਦੀ ਕੀਤੀ ਪ੍ਰਧਾਨਗੀ

ਐਸ.ਏ.ਐਸ ਨਗਰ, 7 ਜੁਲਾਈ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪ੍ਰਭਾਵਸ਼ਾਲੀ ਢੰਗ ਨਾਲ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਕੋਈ ਵੀ ਕਸਰ ਨਹੀਂ ਛੱਡ ਰਹੀ।ਪਰ ਇਹ ਯਕੀਨੀ ਬਣਾਉਣ ਲਈ ਕਿ ਇਨ੍ਹਾਂ ਯਤਨਾਂ ਦੇ ਨਤੀਜੇ ਸਾਹਮਣੇ ਆਉਣ, ਲੋਕਾਂ ਦਾ ਤਨਦੇਹੀ ਨਾਲ ਸਹਿਯੋਗ ਬਹੁਤ ਜ਼ਰੂਰੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਬਲਬੀਰ ਸਿੰਘ ਸਿੱਧੂ ਨੇ ਸ਼ਹਿਰੀ ਸਟ੍ਰੀਟ ਵਿਕਰੇਤਾਵਾਂ ਲਈ ਏਕੀਕ੍ਰਿਤ ਸਿਖਲਾਈ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਹ ਸਿਖਲਾਈ ਪ੍ਰੋਗਰਾਮ ਕਮਿਊਨਿਟੀ ਮੈਡੀਸਨ ਐਂਡ ਸਕੂਲ ਆਫ਼ ਪਬਲਿਕ ਹੈਲਥ ਵਿਭਾਗ, ਪੀ.ਜੀ.ਆਈ ਚੰਡੀਗੜ੍ਹ ਵਲੋਂ ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਪੰਜਾਬ ਰਾਜ ਸ਼ਹਿਰੀ ਜੀਵਿਕਾ ਮਿਸ਼ਨ (ਪੀ.ਐਸ.ਯੂ.ਐਲ.ਐਮ), ਦੀਨਦਿਆਲ ਅੰਤਿਯੋਦਿਆ ਯੋਜਨਾ-ਰਾਸ਼ਟਰੀ ਸ਼ਹਿਰੀ ਜੀਵਿਕਾ ਮਿਸ਼ਨ (ਡੇਅ-ਐਨਯੂਐਲਐਮ) ਅਧੀਨ ਭੋਜਨ ਪਦਾਰਥਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਸ਼ਹਿਰੀ ਸਟਰੀਟ ਵਿਕਰੇਤਾ ਲਈ ਕਰਵਾਇਆ ਗਿਆ ਸੀ।
ਉਨ੍ਹਾਂ ਨਗਰ ਨਿਗਮ, ਮੁਹਾਲੀ ਵਿਖੇ ਰਜਿਸਟਰਡ ਸਾਰੇ 922 ਸਟ੍ਰੀਟ ਵਿਕਰੇਤਾਵਾਂ ਨੂੰ ਸਿਖਲਾਈ ਪ੍ਰੋਗਰਾਮ ਦਾ ਪੂਰਾ ਲਾਹਾ ਲੈਣ ਅਤੇ ਪੀਜੀਆਈ ਨਾਲ ਜੁੜੇ ਉੱਘੇ ਡਾਕਟਰਾਂ ਦੁਆਰਾ ਸਿਖਾਈ ਜਾ ਰਹੀ ਵਿਧੀ ਅਤੇ ਤਕਨੀਕਾਂ ਨੂੰ ਅਪਨਾਉਣ ਲਈ ਕਿਹਾ।ਉਹਨਾਂ ਲੋਕਾਂ ਨੂੰ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਕਿ ਉਹ ਜਿਹੜੀਆਂ ਚੀਜ਼ਾਂ ਵੇਚਦੇ ਹਨ ਉਹ ਬਿਲਕੁੱਲ ਸਾਫ਼ ਅਤੇ ਪੌਸ਼ਟਿਕ ਹੋਣ।ਸਵੱਛਤਾ ਨੂੰ ਜੀਵਨ ਢੰਗ ਦੇ ਰੂਪ ਵਿਚ ਢਾਲਣ ਦੀ ਅਪੀਲ ਕਰਦਿਆਂ ਮੰਤਰੀ ਨੇ ਕਿਹਾ ਕਿ ਸਫਾਈ ਨੂੰ ਯਕੀਨੀ ਬਣਾਉਣ ਨਾਲ ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਿਆ ਜਾ ਸਕਦਾ ਹੈ।
                     ਉਹਨਾਂ ਅੱਗੇ ਦੱਸਿਆ ਕਿ ਇੱਕ ਯੋਜਨਾ ਵਿਚਾਰ ਅਧੀਨ ਹੈ ਜਿਸ ਅਨੁਸਾਰ ਵਿਕਰੇਤਾ ਅਸਾਨ ਸ਼ਰਤਾਂ `ਤੇ 10,000 ਰੁਪਏ ਤੱਕ ਦਾ ਕਰਜ਼ਾ ਲੈ ਸਕਦਾ ਹੈ ਜਿਸ ਦਾ ਵਿਆਜ ਰਾਜ ਸਰਕਾਰ ਅਦਾ ਕਰੇਗੀ।
                   ਪੀ.ਜੀ.ਆਈ ਤੋਂ ਡਾ. ਵਿਜੇਂਦਰ, ਡਾ. ਪੂਨਮ ਖੰਨਾ ਨੇ ਸਟ੍ਰੀਟ ਵਿਕਰੇਤਾਵਾਂ ਨੂੰ ਕੋਰੋਨਾ ਵਾਇਰਸ ਕਾਰਨ ਮੌਜੂਦਾ ਪ੍ਰਸਥਿਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਆਪਣੀਆਂ ਵਸਤਾਂ ਸਾਫ-ਸੁਥਰੇ ਮਾਹੌਲ ਵਿਚ ਬਣਾਉਣ ਤੇ ਜ਼ੋਰ ਦਿੱਤਾ। ਸਟ੍ਰੀਟ ਵਿਕਰੇਤਾਵਾਂ ਨੂੰ ਸਿਹਤ ਵਿਭਾਗ ਦੇ ਪ੍ਰੋਟੋਕੋਲ ਅਨੁਸਾਰ ਸਮਾਜਿਕ ਦੂਰੀ ਬਣਾਈ ਰੱਖਣ ਤੋਂ ਇਲਾਵਾ ਮਾਸਕ ਪਹਿਨਣ, ਸਾਬਣ ਅਤੇ ਸੈਨੀਟਾਈਜ਼ਰ ਨਾਲ 20 ਸਕਿੰਟ ਲਈ ਆਪਣੇ ਹੱਥ ਧੋਣ ਲਈ ਜਾਗਰੂਕ ਕੀਤਾ ਗਿਆ।
ਇੱਕ ਨਾਟਕ ਵੀ ਕਰਵਾਇਆ ਗਿਆ ਜੋ ਸਾਫ਼-ਸਫ਼ਾਈ ‘ਤੇ ਜ਼ੋਰ ਦੇ ਰਿਹਾ ਸੀ, ਅਤੇ ਮਿਸ਼ਨ ਫਤਿਹ ਦੇ ਟੀਚਿਆਂ ਜਿਵੇਂ ਕਿ ਸਮਾਜਿਕ ਦੂਰੀ ਬਣਾਈ ਰੱਖਣ `ਤੇ ਕੇਂਦ੍ਰਤ ਸੀ।
                    ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਵਧੀਕ ਮੁੱਖ ਸਕੱਤਰ (ਸਥਾਨਕ ਸਰਕਾਰਾਂ) ਸੰਜੇ ਕੁਮਾਰ, ਕਮਿਸ਼ਨਰ, ਨਗਰ ਨਿਗਮ, ਮੁਹਾਲੀ ਕਮਲ ਗਰਗ ਅਤੇ ਸੰਯੁਕਤ ਕਮਿਸ਼ਨਰ ਕਨੂੰ ਥਿੰਦ ਵੀ ਹਾਜ਼ਰ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …