ਸ਼ੰਕਿਆਂ ਨੂੰ ਦੂਰ ਕਰਨ ਲਈ ਸੇਵਾ ਮੁਕਤ ਸਿੱਖ ਜੱਜ ਜਾਂ ਕਿਸੇ ਨਿਰਪੱਖ ਸਿੱਖ ਸ਼ਖ਼ਸੀਅਤ ਤੋੋਂ ਕਰਵਾਈ ਜਾਵੇ ਜਾਂਚ- ਲੌਂਗੋਵਾਲ
ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 
ਦੇ ਪਾਵਨ ਸਰੂਪ ਘਟਣ ਦੇ ਮਾਮਲੇ ਸਬੰਧੀ ਕਿਸੇ ਸੀਨੀਅਰ ਸਿੱਖ ਜੱਜ (ਸੇਵਾ ਮੁਕਤ) ਜਾਂ ਕਿਸੇ ਪ੍ਰਮੁੱਖ ਸਿੱਖ ਸ਼ਖ਼ਸੀਅਤ ਪਾਸੋਂ ਨਿਰਪੱਖ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ।
ਇਸ ਸਬੰਧ ਵਿਚ ਇਥੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵਿਖੇ 72 ਘੰਟਿਆਂ ਦੇ ਨੋਟਿਸ ’ਤੇ ਬੁਲਾਈ ਗਈ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ ਦੌਰਾਨ ਮਤਾ ਪਾਸ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਮਾਮਲੇ ਦੀ ਜਾਂਚ ਸੇਵਾ ਮੁਕਤ ਸੀਨੀਅਰ ਸਿੱਖ ਜਾਂ ਕਿਸੇ ਪ੍ਰਮੁੱਖ ਸਿੱਖ ਹਸਤੀ ਪਾਸੋਂ ਕਰਵਾਉਣ, ਤਾਂ ਜੋ ਸਾਰੀ ਸੱਚਾਈ ਸਿੱਖ ਸੰਗਤ ਸਾਹਮਣੇ ਆ ਸਕੇ।
ਇਕੱਤਰਤਾ ਮਗਰੋਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਦੀ ਨਿਰਪੱਖਤਾ ਅਤੇ ਭਰੋਸੇਯੋਗਤਾ ਬੇਹੱਦ ਜ਼ਰੂਰੀ ਹੈ।ਇਸ ਲਈ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਹੈ। ਜਾਂਚ ਨੂੰ ਕੋਈ ਵੀ ਪ੍ਰਭਾਵਿਤ ਨਾ ਕਰ ਸਕੇ ਇਸ ਲਈ ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਅਤੇ ਜਿਲਦਬੰਦੀ ਵਿਭਾਗ ਨਾਲ ਸਬੰਧਤ ਅਧਿਕਾਰੀਆਂ, ਕਰਮਚਾਰੀਆਂ ਨੂੰ ਤੁਰੰਤ ਤਬਦੀਲ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਇਸ ਤਹਿਤ ਵਿਭਾਗ ਨਾਲ ਸਬੰਧਤ ਸੀ.ਜੀ.ਐਲ, ਸੁਪਰਵਾਈਜ਼ਰ, ਇੰਚਾਰਜ, ਮੀਤ ਸਕੱਤਰ, ਐਡੀਸ਼ਨਲ ਸਕੱਤਰ ਅਤੇ ਸਕੱਤਰ ਬਦਲੇ ਜਾਣਗੇ।
ਉਨ੍ਹਾਂ ਕਿਹਾ ਕਿ ਪਬਲੀਕੇਸ਼ਨ ਵਿਭਾਗ ਵਿਖੇ ਕੰਮ ਕਰਦੇ ਕੰਵਲਜੀਤ ਸਿੰਘ ਸਹਾਇਕ ਸੁਪਰਵਾਈਜ਼ਰ ਦੀ ਸੇਵਾਮੁਕਤੀ ਸਮੇਂ ਚਾਰਜ਼ ਲੈਣ ਮੌਕੇ ਪਾਵਨ ਸਰੂਪ ਘਟਣ ਦੀ ਗੰਭੀਰ ਸ਼ਿਕਾਇਤ ਸਾਹਮਣੇ ਆਈ ਸੀ।ਭਾਵੇਂ ਕਿ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸਬ-ਕਮੇਟੀ ਗਠਿਤ ਕਰਕੇ ਜਾਂਚ ਕੀਤੀ ਜਾ ਰਹੀ ਸੀ, ਪਰੰਤੂ ਹਰ ਤਰ੍ਹਾਂ ਦੇ ਸ਼ੰਕਿਆਂ ਨੂੰ ਦੂਰ ਕਰਨ ਲਈ ਇਹ ਜਾਂਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸੇਵਾ ਮੁਕਤ ਸਿੱਖ ਜੱਜ ਜਾਂ ਕਿਸੇ ਨਿਰਪੱਖ ਸਿੱਖ ਸ਼ਖ਼ਸੀਅਤ ਪਾਸੋਂ ਕਰਵਾਈ ਜਾਵੇਗੀ।
ਇਕੱਤਰਤਾ ’ਚ ਗੋਬਿੰਦ ਸਿੰਘ ਲੌਂਗੋਵਾਲ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਜਗਸੀਰ ਸਿੰਘ ਮਾਂਗੇਆਣਾ, ਸ਼ੇਰ ਸਿੰਘ ਮੰਡਵਾਲਾ, ਮੰਗਵਿੰਦਰ ਸਿੰਘ ਖਾਪੜਖੇੜੀ, ਅਮਰਜੀਤ ਸਿੰਘ ਭਲਾਈਪੁਰ, ਬੀਬੀ ਕੁਲਦੀਪ ਕੌਰ ਟੌਹੜਾ, ਜਸਮੇਰ ਸਿੰਘ ਲਾਛੜੂ, ਮੁੱਖ ਸਕੱਤਰ ਡਾ. ਰੂਪ ਸਿੰਘ, ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਪਰਮਜੀਤ ਸਿੰਘ ਸਰੋਆ, ਦਰਸ਼ਨ ਸਿੰਘ ਪੀ.ਏ ਆਦਿ ਮੌਜੂਦ ਸਨ।
Punjab Post Daily Online Newspaper & Print Media