ਹੁਣ ਤੱਕ 13 ਹਜ਼ਾਰ ਤੋਂ ਵਧੇਰੇ ਸੈਂਪਲ ਲਏ ਗਏ -ਹਰ ਬੁੱਧਵਾਰ ਸ਼ਾਮ 7 ਵਜੇ ਹੋਵੇਗਾ ਸਿੱਧਾ ਪ੍ਰਸਾਰਨ
ਮਾਨਸਾ, 16 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਸਬੰਧੀ
ਜਾਣੂ ਕਰਵਾਉਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜ਼ਿਲ੍ਹਾ ਪੱਧਰ `ਤੇ ਵੱਖ-ਵੱਖ ਵਿਭਾਗਾਂ ਵਲੋਂ ਲੋਕਾਂ ਨੂੰ ਘਰ-ਘਰ ਜਾ ਕੇ ਇਸ ਵਾਇਰਸ ਤੋਂ ਬਚਾਅ ਸਬੰਧੀ ਸਰਕਾਰ, ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਦੱਸੀਆਂ ਜਾਂਦੀਆਂ ਸਿਹਤ ਸਾਵਧਾਨੀਆਂ ਪ੍ਰਤੀ ਜਾਣੂ ਕਰਵਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰ ਪਾਲ ਗੁਪਤਾ ਨੇ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਮਾਨਸਾ ਦੇ ਫੇਸਬੁੱਕ ਪੇਜ `ਤੇ ਸਿੱਧੇ ਪ੍ਰਸਾਰਨ ਦੌਰਾਨ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਦਾ ਫਿਲਹਾਲ ਕੋਈ ਵੀ ਟੀਕਾ ਜਾਂ ਇਲਾਜ਼ ਨਹੀਂ ਆਇਆ ਹੈ।ਇਸ ਲਈ ਇਸ ਬਿਮਾਰੀ ਤੋਂ ਬਚਣ ਲਈ ਮਾਸਕ ਦੀ ਵਰਤੋਂ, ਸਮਾਜਿਕ ਦੂਰੀ ਰੱਖਣਾ, ਹੱਥ ਵਾਰ-ਵਾਰ ਧੋਣਾ ਆਦਿ ਨੂੰ ਅਪਣਾਇਆ ਜਾਵੇ।ਉਨ੍ਹਾਂ ਦੱਸਿਆ ਕਿ ਮਿਸ਼ਨ ਫਤਿਹ ਤਹਿਤ 700 ਮੁਲਾਜ਼ਮ, ਜਿਨ੍ਹਾਂ ਵਿੱਚ ਆਸ਼ਾ ਵਰਕਰ, ਏ.ਐਨ.ਐਮ, ਸੁਪਰਵਾਈਜ਼ਰ ਅਤੇ ਹੋਰ ਅਧਿਕਾਰੀ ਸ਼ਾਮਿਲ ਹਨ, ਵਲੋਂ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਕੋਵਿਡ-19 ਤੋਂ ਬਚਾਈ ਰੱਖਣ ਲਈ ਅਤੇ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਜ਼ਿਲ੍ਹੇ ਅੰਦਰ ਹੁਣ ਤੱਕ 13 ਹਜ਼ਾਰ ਤੋਂ ਵੀ ਵੱਧ ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 64 ਕੇਸ ਪਾਜ਼ਟਿਵ ਪਾਏ ਗਏ ਸਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ 51 ਵਿਅਕਤੀ ਤੰਦਰੁਸਤ ਹੋ ਕੇ ਆਪਣੇ-ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ਜਦਕਿ ਜ਼ਿਲ੍ਹੇ ਵਿੱਚ ਹੁਣ 13 ਐਕਟਿਵ ਕੇਸ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਸਿਵਲ ਹਸਪਤਾਲ ਮਾਨਸਾ ਵਿਖੇ 9 ਮਰੀਜ਼ ਆਇਸੋਲੇਟ ਕੀਤੇ ਹੋਏ ਹਨ, 1 ਮਰੀਜ਼ ਬਠਿੰਡਾ ਵਿਖੇ ਅਤੇ 3 ਮਰੀਜ਼ ਲੁਧਿਆਣਾ ਵਿਖੇ ਦਾਖਲ ਹਨ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਸਥਿਤੀ ਭਾਵੇਂ ਕੰਟਰੋਲ ਵਿੱਚ ਹੈ, ਪਰ ਲੋਕਾਂ ਨੂੰ ਇਸ ਵਾਇਰਸ ਤੋਂ ਬਚਣ ਲਈ ਸਾਵਧਾਨੀਆਂ ਦੀ ਵਰਤੋਂ ਲਾਜ਼ਮੀ ਕਰਨੀ ਚਾਹੀਦੀ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਕੋਵਾ ਐਪ ਡਾਊਨਲੋਡ ਕਰਨ ਦੀ ਅਪੀਲ ਕੀਤੀ।ਕੋਵਾ ਐਪ ਰਾਹੀਂ ਤੁਸੀਂ ਮਿਸ਼ਨ ਫਤਿਹ ਯੋਧੇ ਮੁਕਾਬਲੇ ਵਿੱਚ ਭਾਗ ਲੈ ਸਕਦੇ ਹੋ।ਇਸ ਮੁਕਾਬਲੇ ਵਿੱਚ ਜੇਤੂ ਵਿਅਕਤੀਆਂ ਨੂੰ ਗੋਲਡ, ਸਿਲਵਰ ਅਤੇ ਬਰੌਂਜ਼ ਸਰਟੀਫਿਕੇਟ ਪ੍ਰਦਾਨ ਕੀਤੇ ਜਾਣਗੇ।ਇਹ ਸਿੱਧਾ ਪ੍ਰਸਾਰਨ ਹਰ ਬੁੱਧਵਾਰ ਸ਼ਾਮ 7 ਵਜੇ ਹੋਵੇਗਾ।
Punjab Post Daily Online Newspaper & Print Media