ਪੜ੍ਹੀਦਾ ਚਾਅ ਨਾਲ ਅਖ਼ਬਾਰ ਸਵੇਰੇ ਸਵੇਰੇ
ਕੀ ਵਾਪਰਿਆ ਦੁਨੀਆਂ ਵਿੱਚ ਚਾਰ-ਚੁਫੇਰੇ
ਕਈ ਵਾਰ ਖ਼ਬਰ ਵੀ ਹੈ ਡੰਗ ਜਿਹਾ ਮਾਰਦੀ
ਕਰ ਜਾਂਦੀ ਨਿਰਾਸ਼ ਹੁਣ ਤਾਂ ਖ਼ਬਰ ਅਖ਼ਬਾਰ ਦੀ ……
ਪੈਸੇ ਖ਼ਾਤਰ ਪੜ੍ਹਦੇ ਹੈ ਪੁੱਤ ਪਿਓ ਨੂੰ ਕੁੱਟਦਾ
ਰੋਕਦੀ ਜੇ ਮਾਂ ਵਾਲ ਉਸ ਦੇ ਵੀ ਪੁੱਟਦਾ
ਰਹੀ ਨਾ ਗੱਲ ਹੁਣ ਕੋਈ ਸਤਿਕਾਰ ਦੀ
ਕਰ ਜਾਂਦੀ ਨਿਰਾਸ਼ ਹੁਣ ਤਾਂ ਖ਼ਬਰ ਅਖ਼ਬਾਰ ਦੀ ……..
ਖ਼ਬਰਾਂ ਆਉਣ ਨਸ਼ੇ ਫੜ ਹੋਣ ਨਿੱਤ ਕਰੋੜਾਂ ਲੱਖਾਂ ਦੇ
ਖਾ-ਖਾ ਗੱਭਰੂ ਬਣੇ ਅੱਜ ਵਾਂਗ ਕੱਖਾਂ ਦੇ
ਚੰਗੇ ਭਲੇ ਨੇ ਬਣਾ ਲਈ ਸ਼ਕਲ ਬਿਮਾਰ ਦੀ
ਕਰ ਜਾਂਦੀ ਨਿਰਾਸ਼ ਹੁਣ ਖ਼ਬਰ ਅਖ਼ਬਾਰ ਦੀ ……
ਲੁੱਟ ਹੋਣ ਬੈਂਕਾਂ ਨਾਲੇ ਏ.ਟੀ.ਐਮ ਲੈ ਜਾਣ ਚੱਕ
ਹੋ ਜਾਈਦਾ ਨਿਰਾਸ਼ ਡਾਹਢੇ ਖ਼ਬਰਾਂ ਇਹ ਤੱਕ
ਖੋਹ ਹੋ ਰਹੀ ਹੈ ਨਿੱਤ ਲੱਖ ਤੇ ਹਜ਼ਾਰ ਦੀ
ਕਰ ਜਾਂਦੀ ਨਿਰਾਸ਼ ਹੁਣ ਖ਼ਬਰ ਅਖ਼ਬਾਰ ਦੀ……
ਇਸ਼ਕ ਮੁਸ਼ਕ ਦੀ ਬਹੁਤੀ ਹੀ ਚੱਲ ਪਈ ਬਿਮਾਰੀ
ਛੋਟਿਆਂ ਤੋਂ ਲੈ ਵੱਡਿਆਂ ਤੱਕ ਮੱਤ ਗਈ ਮਾਰੀ
ਹਰ ਪਾਸੇ ਗੱਲ ਚੱਲੇ ਅੱਜ ਸੁਨੱਖੀ ਨਾਰ ਦੀ
ਕਰ ਜਾਂਦੀ ਨਿਰਾਸ਼ ਹੁਣ ਤਾਂ ਖ਼ਬਰ ਅਖ਼ਬਾਰ ਦੀ …..
ਖ਼ਬਰ ਹੁੰਦੀ ਜ਼ਮੀਨ-ਜਾਇਦਾਦ ਪਿੱਛੇ ਵੱਢਤਾ ਭਾਈ
ਪਾਣੀ ਦੀ ਵਾਰੀ ਪਿੱਛੇ ਅੱਜ ਜਾਂਦੀ ਜਾਨ ਮੁਕਾਈ
ਨਿੱਤ ਖ਼ਬਰ ਹੁੰਦੀ ਹੈ ਘਰੇਲੂ ਤਕਰਾਰ ਦੀ
ਕਰ ਜਾਂਦੀ ਨਿਰਾਸ਼ ਹੁਣ ਤਾਂ ਖ਼ਬਰ ਅਖ਼ਬਾਰ ਦੀ ……
ਸੜਕ ਹਾਦਸਿਆਂ ਵਿੱਚ ਪੜ੍ਹੀਦਾ ਨਿੱਤ ਕਈ ਮਰਦੇ
ਤੋਰਦੇ ਹਨ ਹੱਸ-ਹੱਸ ਜਿਨ੍ਹਾਂ ਨੂੰ ਨੇ ਘਰ ਦੇ
ਬਣ ਜਾਂਦੀ ਖਬਰ ਤੇਜ਼ ਜਿਹੀ ਰਫਤਾਰ ਦੀ
ਕਰ ਜਾਂਦੀ ਨਿਰਾਸ਼ ਹੁਣ ਤਾਂ ਖ਼ਬਰ ਅਖ਼ਬਾਰ ਦੀ ……
ਨਿੱਤ ਖ਼ਬਰ ਪੜ੍ਹਦੇ ਹਾਂ ਹੋ ਰਹੇ ਜ਼ਬਰ ਜਿਨਾਹਾਂ ਦੀ
ਗੱਲ ਕੀ ਕਰਾਂ ਕੁੱਖ ਤੋਂ ਲੈ ਹੁੰਦੇ ਅੱਤਿਆਚਾਰਾਂ ਦੀ
ਕਿਸੇ ਪਾਸਿਓਂ ਮਹਿਫੂਜ਼ ਨਹੀਂ ਇੱਜ਼ਤ ਮੁਟਿਆਰ ਦੀ
ਕਰ ਜਾਂਦੀ ਨਿਰਾਸ਼ ਹੁਣ ਤਾਂ ਖਬਰ ਅਖ਼ਬਾਰ ਦੀ ……
ਸਰਕਾਰਾਂ ਨੇ ਵੀ ਅਖ਼ਬਾਰੀ ਬਿਆਨਾਂ ਨਾਲ ਹੀ ਸਾਰਿਆ
ਹਰ ਪਾਸਿਓਂ ਜਾਂਦਾ ਹੈ ਆਮ ਬੰਦਾ ਹੀ ਮਾਰਿਆ
ਕਰਦਾ ਨਾ ਗੱਲ ਕੋਈ ਗਰੀਬ ਤੇ ਲਾਚਾਰ ਦੀ
ਕਰ ਜਾਂਦੀ ਨਿਰਾਸ਼ ਹੁਣ ਤਾਂ ਖ਼ਬਰ ਅਖ਼ਬਾਰ ਦੀ …..
ਰੇਤ ਬਜ਼ਰੀ ਦੀਆਂ ਖ਼ਬਰਾਂ ਵੀ ਬਹੁਤ ਆਉਂਦੀਆਂ
ਕਿਵੇਂ ਬਣੂ ਮਕਾਨ ਸਾਡਾ ਸੋਚਾਂ ਵਿੱਚ ਪਾਉਂਦੀਆਂ
ਇਹੀ ਖ਼ਬਰ ਬਣ ਗਈ ਜਿੱਤ ਤੇ ਹਾਰ ਦੀ
ਕਰ ਜਾਂਦੀ ਨਿਰਾਸ਼ ਹੁਣ ਤਾਂ ਖ਼ਬਰ ਅਖ਼ਬਾਰ ਦੀ ……
ਬਾਬਿਆਂ ਦੀਆਂ ਖ਼ਬਰਾਂ ਕਈ ਬਣਦੀਆਂ ਸ਼ਿੰਗਾਰ ਨੇ
ਕਾਰਨ ਮਾਇਆ ਕੱਠੀ ਉਂਝ ਕਰਦੇ ਧਰਮ ਪ੍ਰਚਾਰ ਨੇ
ਤੁਰ ਗਏੇ ਬਾਬਿਆਂ ਨੂੰ ਸਮਾਧੀ ਸਹਾਰ ਦੀ
ਕਰ ਜਾਂਦੀ ਨਿਰਾਸ਼ ਹੁਣ ਤਾਂ ਖ਼ਬਰ ਅਖ਼ਬਾਰ ਦੀ …….
ਕੁੱਝ ਅਖ਼ਬਾਰ ਵੀ ਛਾਪਦੇ ਹਨ ਤਸਵੀਰਾਂ ਬਹੁਤ ਨਗਨ
ਨੌਜੁਆਨੀ ਰਹਿਣ ਲੱਗ ਪਈ ਉਨ੍ਹਾਂ ਵਿੱਚ ਹੀ ਮਗਨ
ਹੋ ਰਹੀ ਹੈ ਰੀਸ ਅੱਜ ਫ਼ਿਲਮੀ ਸੰਸਾਰ ਦੀ
ਕਰ ਜਾਂਦੀ ਨਿਰਾਸ਼ ਹੁਣ ਤਾਂ ਖ਼ਬਰ ਅਖ਼ਬਾਰ ਦੀ ……
ਪੜ੍ਹਦੇ ਹਾਂ ਖ਼ਬਰ ਹਰ ਰੋਜ਼ ਹੁੰਦੀ ਤੇਜ਼ ਜੋ ਮਹਿੰਗਾਈ
ਔਖੇ ਸੌਖੇ ਸਾਰੇ ਹੀ ਜਾਂਦੇ ਨੇ ਦਿਨ ਲੰਘਾਈ
ਖੱਲੀ ਕੱਲੀ ਜ਼ਿੰਦ ਲੱਖਾਂ ਦੁੱਖੜੇ ਸਹਾਰ ਦੀ
ਕਰ ਜਾਂਦੀ ਨਿਰਾਸ਼ ਹੁਣ ਤਾਂ ਖ਼ਬਰ ਅਖ਼ਬਾਰ ਦੀ ……..
ਕਰੋਨਾ ਦੀਆਂ ਖਬਰਾਂ ਨਾਲ ਆਓ ਕਰੀਏ ਅਖ਼ਬਾਰ ਬੰਦ
ਖ਼ਬਰਾਂ ਸੱਚੀਆਂ ਨਾਲ ਰਹੋ ਸਦਾ ਰਜ਼ਾਮੰਦ
ਗੱਲ ਸੁਣਾਈ ਬੱਬੀ ਨੇ ਸਾਰੇ ਹੀ ਸੰਸਾਰ ਦੀ
ਕਰ ਜਾਂਦੀ ਨਿਰਾਸ਼ ਹੁਣ ਤਾਂ ਖ਼ਬਰ ਅਖ਼ਬਾਰ ਦੀ …….

ਬਲਬੀਰ ਸਿੰਘ ਬੱਬੀ
ਮੋ – 70091 97300
Punjab Post Daily Online Newspaper & Print Media