Thursday, February 26, 2026

ਪ੍ਰਸਿੱਧ ਢਾਡੀ ਜਥਾ – ਭਾਈ ਜਸਦੀਪ ਸਿੰਘ ਨਾਗਰਾ

            ਭਾਈ ਜਸਦੀਪ ਸਿੰਘ ਦਾ ਜਨਮ ਸ੍ਰੀਮਤੀ ਗਿਆਨ ਕੌਰ ਦੀ ਕੁੱਖੋਂ ਸ. ਮਹਿੰਗਾ ਸਿੰਘ ਦੇ ਗ੍ਰਹਿ ਪਿੰਡ ਮਹਿੰਦਪੁਰ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਵਿਖੇ ਹੋਇਆ।ਪ੍ਰਸਿੱਧ ਪੰਜਾਬੀ ਗਾਇਕ ਲਾਭ ਹੀਰਾ ਅਤੇ ਢਾਡੀ ਦਇਆ ਸਿੰਘ ਦਿਲਵਰ ਵੱਲੋਂ ਮਿਲੇ ਥਾਪੜੇ ਸਦਕਾ ਆਪ ਨੇ ਢਾਡੀ ਕਲਾ ’ਚ ਪ੍ਰਵੇਸ਼ ਕੀਤਾ ਅਤੇ ਗਿਆਨੀ ਅਜੀਤ ਸਿੰਘ ਅਜੀਤ ਅਤੇ ਗਿਆਨੀ ਹੁਸਨ ਸਿੰਘ ਰਾਹੀ ਤੋਂ ਪ੍ਰਚਾਰਕ ਵਿੱਦਿਆ ਹਾਸਲ ਕੀਤੀ ਤੇ ਪ੍ਰਤਿਭਾ ਨੂੰ ਨਵਾਂ ਰੰਗ ਚੜ੍ਹ ਗਿਆ।ਪ੍ਰਸਿੱਧ ਗੀਤਕਾਰ ਤੇ ਢਾਡੀ ਬਲਕਾਰ ਸਿੰਘ ਕੁੱਕੜਮਜਾਰਾ ਅਤੇ ਸਾਰੰਗੀ ਵਾਦਕ ਭਾਈ ਲੱਛਮਣ ਸਿੰਘ ਚੋਪੜਾ ਪੈਲੀ ਵਾਲੇ (ਜਿਨ੍ਹਾਂ ਨੇ ਪ੍ਰਸਿੱਧ ਢਾਡੀ ਸਵ: ਅਮਰ ਸਿੰਘ ਸ਼ੌਂਕੀ ਦੇ ਜਥੇ ਵਿੱਚ ਵੀਹ ਸਾਲ ਸੇਵਾ ਨਿਭਾਈ) ਨਾਲ ਢਾਡੀ ਜਸਦੀਪ ਸਿੰਘ ਨਾਗਰਾ ਨੇ ਆਪਣਾ ਜਥਾ ਬਣਾਇਆ।ਇਸ ਜਥੇ ਨੂੰ ਸੰਗਤਾਂ ਦਾ ਭਰਵਾਂ ਪਿਆਰ ਮਿਲਿਆ ਤੇ ਉਨਾਂ ਨੇ ਸਿੱਖ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਿਆ।
            ਢਾਡੀ ਜਸਦੀਪ ਸਿੰਘ ਨਾਗਰਾ ਦਾ ਜਥਾ ਗੁਰਬਾਣੀ ਦੇ ਪ੍ਰਚਾਰ ਲਈ ਨਿਰੰਤਰ ਯਤਨਸ਼ੀਲ ਹੈ।ਆਪ ਦਾ “ਭਾਈ ਜਸਦੀਪ ਸਿੰਘ ਨਾਗਰਾ” ਦੇ ਨਾਂਅ ਨਾਲ ਜਾਣਿਆ ਜਾਂਦਾ ਢਾਡੀ ਜਥਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਨਾਮਣਾ ਖੱਟ ਕੇ ਅੱਜ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਰਿਹਾ।ਆਪ ਦੇ ਜਥੇ ਨੇ ਦੂਰਦਰਸ਼ਨ ਕੇਂਦਰ ਜਲੰਧਰ ਦੇ ਪ੍ਰੋਗਰਾਮ ‘ਚਮਕਦੇ ਤਾਰੇ’ ਵਿੱਚ ਵੀ ਹਾਜ਼ਰੀ ਭਰੀ।ਜਥੇ ਨੇ ਇਕ ਧਾਰਮਿਕ ਕੈਸਿਟ “ਰੰਗੜ ਦੀ ਬਲੀ” ਵੀ ਸੰਗਤਾਂ ਦੇ ਰੂ-ਬ-ਰੂ ਕੀਤੀ, ਜਿਸ ਨੂੰ ਮਣਾਂ-ਮੂੰਹੀ ਪਿਆਰ ਨਸੀਬ ਹੋਇਆ।ਇਸ ਕੈਸਿਟ ਨੂੰ ਐਚ-ਵਨ-ਵਾਈ ਇੰਟਰਟੇਨਮੈਂਟ ਕੰਪਨੀ ਨੇ ਰਲੀਜ਼ ਤੇ ਵੀਡੀਓ ਹਨੀ ਹਰਦੀਪ ਨੇ ਤਿਆਰ ਕੀਤਾ ਹੈ।ਇਹ ਜਥਾ ਕਈ ਸਿੰਗਲ ਟਰੈਕ ਵੀ ਸਰੋਤਿਆਂ ਦੀ ਝੋਲੀ ਪਾ ਚੁੱਕਾ ਹੈ, ਜਿਨ੍ਹਾਂ ’ਚ ‘ਕੀ ਮਾਪਿਆਂ ਨੇ ਖੱਟਿਆ’, ‘ਪੁੱਤਰਾ ਤੈਨੂੰ ਜ਼ੰਮ ਕੇ ਵੇ’, ‘ਬਿਨਾਂ ਵੀਜ਼ੇ ਤੋਂ ਨਨਕਾਣਾ’, ‘ ਧੰਨ-ਧੰਨ ਬਾਬਾ ਗੁਰਦਿੱਤਾ ਜੀ’ (ਕੰਪਨੀ ਸਰਬ ਸਾਂਝੀ ਗੁਰਬਾਣੀ), ‘ਪੁੱਤ ਜਿਨ੍ਹਾਂ ਦੇ ਫੌਜੀ’, ‘ਨਾਅਰਾ ਇਨਕਲਾਬ ਦਾ’, ‘ਧੀਆਂ’, ‘ਨਸ਼ਿਆਂ ਦਾ ਕਰਕੇ ਤਿਆਗ ਵੀਰਿਓ, ਪਹਿਰਾ ਦਿਓ ਭਿੰਡਰਾਵਾਲਿਆਂ ਦੀ ਸੋਚ ’ਤੇ’, ‘ਰਾਖੀ ਕੌਮ ਦੀ’, ‘ਮਾਂ ਤੇ ਪਿਉ ਕਿਸੇ ਵੀ ਪੁੱਤ ਦੇ ਹਿੱਸੇ ਆਏ ਨਾ’ (ਗੀਤਕਾਰ ਜ਼ਿੰਦ ਸਵਾੜਾ) ਆਦਿ ਪ੍ਰਮੁੱਖ ਹਨ।ਢਾਡੀ ਕਲਾ ਦੇ ਖੇਤਰ ’ਚ ਭਾਈ ਜਸਦੀਪ ਸਿੰਘ ਨਾਗਰਾ ਦੇ ਢਾਡੀ ਜਥੇ ਨੂੰ ਵੱਖ-ਵੱਖ ਧਾਰਮਿਕ ਸੰਸਥਾਵਾਂ ਅਤੇ ਗੁਰਦੁਆਰਾ ਕਮੇਟੀਆਂ ਵੱਲੋਂ ਵਿਸ਼ੇਸ਼ ਤੋਰ ’ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ।
          ਇਕ ਵਿਦਵਾਨ, ਸਮਝਦਾਰ, ਸੁਲਝੇ ਤੇ ਪਿਆਰ ਵਾਲੇ ਪ੍ਰਚਾਰਕ ਭਾਈ ਜਸਦੀਪ ਸਿੰਘ ਨਾਗਰਾ ਆਪਣੀ ਹਮਸਫਰ ਜਸਪਾਲ ਕੌਰ ਦਾ ਧੰਨਵਾਦੀ ਹੈ, ਜਿਸ ਨੇ ਹਰ ਕਦਮ ’ਤੇ ਸਾਥ ਦਿੱਤਾ।ਖੁੱਲਦਿਲੇ ਸੁਭਾਅ ਵਾਲਾ ਤੇ ਹਰ ਇਕ ਨਾਲ ਯਾਰੀ ਗੰਢ ਬਹਿਣ ਵਾਲਾ, ਅੱਜ ਆਪਣੀ ਧਰਮ ਪਤਨੀ ਜਸਪਾਲ ਕੌਰ, ਬੇਟੇ ਜਸਕਰਨ ਸਿੰਘ ਨਾਗਰਾ ਅਤੇ ਬੇਟੀ ਤਰਨਪ੍ਰੀਤ ਕੌਰ ਸਮੇਤ ਉਸ ਮਾਲਕ ਦੀ ਰਜ਼ਾ ਵਿੱਚ ਵਧੀਆ ਦਿਨ ਕੱਟ ਰਿਹਾ ਹੈ।ਭਾਈ ਜਸਦੀਪ ਸਿੰਘ ਨਾਗਰਾ ਦੇ ਮੋਜੂਦਾ ਜਥੇ ’ਚ ਢਾਡੀ ਮੇਜਰ ਸਿੰਘ ਹੀਰਾ ਮਹਿੰਦਪੁਰੀ (ਜਿਨ੍ਹਾਂ ਨੇ ਪ੍ਰਸਿੱਧ ਢਾਡੀ ਸਵ: ਦਇਆ ਸਿੰਘ ਦਿਲਵਰ ਦੇ ਨਾਲ ਸੇਵਾ ਨਿਭਾਈ ਤੇ 18 ਵਾਰ ਵਿਦੇਸ਼ਾਂ ਵਿੱਚ ਵੀ ਗਏ), ਪ੍ਰਸਿੱਧ ਗੀਤਕਾਰ ਢਾਡੀ ਭਾਈ ਬਲਕਾਰ ਸਿੰਘ ਕੁੱਕੜਮਜਾਰਾ ਅਤੇ ਲੋਕ ਗਾਇਕ ਮਨਮੋਹਣ ਵਾਰਿਸ ਦੇ ਗਾਏ ਗਾਣੇ ‘ਰਾਣੀ ਸੁੰਦਰਾਂ’ ’ਚ ਸਾਰੰਗੀ ਦੀ ਸੇਵਾ ਨਿਭਾਉਣ ਵਾਲੇ ਸਾਰੰਗੀ ਮਾਸਟਰ ਭਾਈ ਮਦਨ ਸਿੰਘ ਮੁਸਾਫਿਰ ਸਿੰਬਲ ਮਜਾਰਾ ਉਨਾਂ ਦਾ ਸਾਥ ਦੇ ਰਹੇ ਹਨ।020820

ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਜਿਲ੍ਹਾ ਲੁਧਿਆਣਾ।
ਮੋ -75279-31887

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …