Wednesday, March 25, 2026

ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਲਈ ਜਿੰਮੇਵਾਰ ਪੰਜਾਬ ਸਰਕਾਰ – ਭਗਵੰਤ ਮਾਨ

ਕਿਹਾ ਨਜਾਇਜ਼ ਸ਼ਰਾਬ ਨਾਲ ਹੋਈਆਂ ਮੌਤਾਂ ਆਮ ਨਹੀਂ ਬਲਕਿ ਕਤਲੇਆਮ ਹੈ

ਜੰਡਿਆਲਾ,2 ਅਗਸਤ (ਹਰਿੰਦਰਪਾਲ ਸਿੰਘ) – ਪਿੱਛਲੇ ਦੋ ਦਿਨਾਂ ‘ਚ ਪੰਜਾਬ ਦੇ ਤਿੰਨ ਜਿਲ੍ਹਿਆਂ ਵਿੱਚ ਹੋਈਆਂ 100 ਦੇ ਕਰੀਬ ਮੌਤਾਂ ਦੇ ਮਾਮਲੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਨੇ ਪੀੜ੍ਹਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੰਡੋਰੀ ਗੋਲਾ, ਭੁੱਲਰ, ਕੱਕਾ ਕੰਡਿਆਲਾ ਤੇ ਮੁੱਛਲ ਪਿੰਡਾਂ ਦਾ ਦੌਰਾ ਕੀਤਾ ਅਤੇ ਮੌਜ਼ੂਦਾ ਸਥਿਤੀ ਦਾ ਜਾਇਜ਼ਾ ਲਿਆ।
                ਉਨਾਂ ਨੇ ਇਸ ਸਮੇੇਂ ਗੱਬਲਾਤ ਕਰਦਿਆਂ ਕਿਹਾ ਕਿ ਪੰਡੋਰੀ ਗੋਲਾ ਅਤੇ ਹੋਰ ਪਿੰਡਾਂ ਨਾਲ ਸਬੰਧਿਤ ਲੋਕਾਂ ਨੇ ਦੱਸਿਆ ਹੈ ਕਿ ਇਹ ਸ਼ਰਾਬ ਘਰ ਦੀ ਕੱਢੀ ਹੋਈ ਨਹੀਂ ਸੀ, ਬਲਕਿ ਤਸਕਰਾਂ ਵਲੋਂ ਸਪਲਾਈ ਕੀਤੀ ਗਈ ਨਜਾਇਜ਼ ਸ਼ਰਾਬ ਸੀ।ਜਿਸ ਨੂੰ ਪੀਣ ਨਾਲ ਲੋਕਾਂ ਦੀ ਮੌਤ ਹੋਈ ਹੈ।ਮਾਨ ਨੇ ਕਿਹਾ ਕਿ ਇਹ ਕੋਈ ਛੋਟੀ ਘਟਨਾ ਨਹੀਂ ਹੈ ਇਸ ਪਿੱਛੇ ਇਕ ਬਹੁਤ ਵੱਡਾ ਸੰਗਠਿਤ ਸ਼ਰਾਬ ਮਾਫ਼ੀਆ ਹੈ, ਜੋ ਬਹੁਤ ਵੱਡੇ ਪੱਧਰ ‘ਤੇ ਜ਼ਹਿਰ ਵੰਡਣ ਦਾ ਕੰਮ ਕਰ ਰਿਹਾ ਹੈ। ਉਹਨਾਂ ਨੇ ਪਿੰਡਾਂ ਦੇ ਲੋਕਾਂ ਦੇ ਹਵਾਲੇ ਨਾਲ ਦੱਸਿਆ ਕਿ ਲੋਕ ਸ਼ਰੇਆਮ ਮੌਜ਼ੂਦਾ ਸਿਆਸਤਦਾਨਾਂ ਅਤੇ ਓਹਨਾਂ ਦੇ ਕਰਿੰਦਿਆਂ ਦੀ ਇਸ ਨਜਾਇਜ਼ ਕਾਰੋਬਾਰ ਵਿੱਚ ਸ਼ਮੂਲੀਅਤ ਦੀ ਗੱਲ ਕਰ ਰਹੇ ਹਨ।
                 ਉਨਾਂ ਕਿਹਾ ਕਿ ਲੋਕਾਂ ਦੇ ਦੱਸਣ ਮੁਤਾਬਿਕ ਪਿੰਡ ਪੰਡੋਰੀ ਗੋਲਾ ਵਿੱਚ ਅੱਠ ਤੋਂ ਦੱਸ ਲੋਕ ਨਜਾਇਜ਼ ਸ਼ਰਾਬ ਦੀ ਸਪਲਾਈ ਦਾ ਕੰਮ ਕਰਦੇ ਹਨ, ਜਦਕਿ ਪੁਲਿਸ ਨੇ ਸਿਰਫ਼ ਇੱਕ ਹੀ ਬੰਦੇ ਖਿਲਾਫ ਕਾਰਵਾਈ ਕੀਤੀ ਹੈ।ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੇ ਦੱਸਣ ਮੁਤਾਬਿਕ ਹਾਲਾਤ ਅਜਿਹੇ ਬਣ ਗਏ ਹਨ ਕਿ ਕਾਂਗਰਸੀ ਲੀਡਰ ਪਿੰਡਾਂ ਵਿੱਚ ਵੜਨ ਤੋਂ ਗੁਰੇਜ਼ ਕਰਨ ਲੱਗ ਪਏ ਹਨ।ਹਾਲੇ ਤੱਕ ਹਲਕਾ ਵਿਧਾਇਕ ਨੇ ਤਾਂ ਕੀ ਜਾਣਾ ਸੀ, ਹੁਣ ਤੱਕ ਪਿੰਡ ਦੇ ਮੋਹਤਬਰ ਕਾਂਗਰਸੀ ਲੀਡਰ ਵੀ ਨਹੀਂ ਦਿਖ ਰਹੇ।ਮਾਨ ਨੇ ਕਿਹਾ ਕਿ ਪਿੰਡਾਂ ਵਾਲਿਆਂ ਨੇ ਉਨਾਂ ਨੂੰ ਦੱਸਿਆ ਹੈ ਕਿ ਪਹਿਲਾਂ ਅਕਾਲੀਆਂ ਨੇ ਚਿੱਟੇ ਨਾਲ ਪਿੰਡਾਂ ਦੇ ਨੌਜਵਾਨਾਂ ਦਾ ਬੇੜਾ ਗਰਕ ਕੀਤਾ ਅਤੇ ਹੁਣ ਕਾਂਗਰਸੀਆਂ ਦੀ ਮਿਲੀਭੁਗਤ ਨਾਲ ਤਸਕਰ ਨਜਾਇਜ਼ ਸ਼ਰਾਬ ਦੇ ਰੂਪ ਵਿੱਚ ਜ਼ਹਿਰ ਵੰਡ ਰਹੇ ਹਨ।
                ਭਗਵੰਤ ਮਾਨ ਨੇ ਸਰਕਾਰ ‘ਤੇ ਸਵਾਲੀਆ ਚਿੰਨ੍ਹ ਕਰਦੇ ਹੋਏ ਕਿਹਾ ਕਿ ਨਜਾਇਜ਼ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਲਾਸ਼ਾਂ ਦੀ ਮੁਰਦਘਰਾਂ ਵਿੱਚ ਹੋਈ ਬੇਅਦਬੀ ਲਈ ਕੌਣ ਜਿੰਮੇਵਾਰ ਹੈ।ਉਨਾਂ ਨੇੇ ਸਰਕਾਰ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਿਆਸਤਦਾਨਾਂ ਅਤੇ ਪੁਲਿਸ ਦੀ ਮਿਲੀਭੁਗਤ ਤੋਂ ਬਗੈਰ ਨਜਾਇਜ਼ ਸ਼ਰਾਬ ਦੇ ਧੰਦੇ ਦਾ ਐਨੀ ਵੱਡੀ ਪੱਧਰ ‘ਤੇ ਵਿਸਥਾਰ ਹੋਣਾ ਸੰਭਵ ਨਹੀਂ ਹੈ।ਮਾਨ ਨੇ ਸਖਤ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਸਰਕਾਰ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੂੰ ਕਰੋਨਾ ਨਾਲ ਹੋਈਆਂ ਮੌਤਾਂ ਦੱਸ ਕੇ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਇਸ ਤਰਾਂ ਨਾਲ ਇਹ ਮੌਜ਼ੂਦਾ ਸਰਕਾਰ ਦੋਹਰਾ ਪਾਪ ਕਰ ਰਹੀ ਹੈ। ਇਸ ਮਾਫ਼ੀਆ ਦੀ ਤਾਰਾਂ ਅੱਗੇ ਰਾਜਪੁਰਾ ਅਤੇ ਖੰਨਾ ਦੀਆਂ ਫਰਜ਼ੀ ਸ਼ਰਾਬ ਦੀਆਂ ਫੈਕਟਰੀਆਂ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਨੂੰ ਚਲਾਉਣ ਵਾਲੇ ਖੁੱਦ ਕਾਂਗਰਸੀ ਹੀ ਹਨ। ਮਾਨ ਨੇ ਕਿਹਾ ਕਿ ਜੇ ਸਮੇਂ ਸਿਰ ਇਸ ਮਾਫ਼ੀਆ ‘ਤੇ ਕਾਰਵਾਈ ਕੀਤੀ ਜਾਂਦੀ ਤਾਂ ਇਹਨਾਂ ਮੌਤਾਂ ਨੂੰ ਟਾਲਿਆ ਜਾ ਸਕਦਾ ਸੀ।ਮਾਨ ਨੇ ਕਿਹਾ ਕਿ ਇਹ ਸਰਕਾਰ ਸਿਟ ਸਰਕਾਰ ਬਣ ਕੇ ਰਹਿ ਗਈ ਹੈ, ਕਿਉਂਕਿ ਹਰ ਘੋਟਾਲੇ ਜਾਂ ਘਟਨਾ ਹੋਣ ਉਪਰੰਤ ਸਿੱਧੀ ਕਾਰਵਾਈ ਕਰਨ ਦੀ ਬਜ਼ਾਏ ਸਿਟ ਬੈਠਾ ਦਿੱਤੀ ਜਾਂਦੀ ਹੈ ।ਜਿਸਦਾ ਬਾਅਦ ਵਿੱਚ ਕੋਈ ਸਿੱਟਾ ਨਹੀਂ ਨਿਕਲਦਾ ਹੈ।
                    ਮਾਨ ਨੇ ਸਰਕਾਰ ਨੂੰ ਕਿਹਾ ਕਿ ਭਾਵੇਂ ਕੋਈ ਵਿਧਾਇਕ ਜਾਂ ਉਸ ਦਾ ਸਹਾਇਕ ਜਾਂ ਕੋਈ ਹੋਰ ਵਿਅਕਤੀ ਇਸ ਸ਼ਰਾਬ ਦੇ ਨਾਜਾਇਜ਼ ਧੰਦੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਧਾਰਾ 302 ਦਾ ਪਰਚਾ ਦਰਜ ਕੀਤਾ ਜਾਵੇ, ਪੀੜ੍ਹਤ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦੇਣ ਤੋਂ ਇਲਾਵਾ ਸਰਕਾਰ ਉਹਨਾਂ ਪਰਿਵਾਰਾਂ ਦੀ ਰੋਜ਼ੀ ਰੋਟੀ ਅਤੇ ਬੱਚਿਆਂ ਦੀ ਪੜ੍ਹਾਈ ਦਾ ਜਿੰਮਾਂ ਆਪਣੇ ਸਿਰ ਚੁੱਕੇ।
                 ਉਨਾਂ ਨਾਲ ਮਾਝਾ ਜੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਪੰਜਾਬ ਯੂਥ ਪ੍ਰਧਾਨ ਮਨਜਿੰਦਰ ਸਿੱਧੂ, ਹਲਕਾ ਪੱਟੀ ਦੇ ਇੰਚਾਰਜ਼ ਰਣਜੀਤ ਸਿੰਘ ਚੀਮਾ, ਹਲਕਾ ਜੰਡਿਆਲਾ ਦੇ ਇੰਚਾਰਜ਼ ਹਰਭਜਨ ਸਿੰਘ, ਸ਼ਹਿਰੀ ਪ੍ਰਧਾਨ ਅਸ਼ੋਕ ਤਲਵਾਰ, ਉਪ ਪ੍ਰਧਾਨ ਰਜਿੰਦਰ ਪਲਾਹ ਆਦਿ ਆਗੌ ਮੌਜ਼ੂਦ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …