ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਾਝੇ

ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ `ਤੇ ਰਾਜਨੀਤੀ ਬੰਦ ਕਰਨ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਸੁਖਬੀਰ ਬਾਦਲ ਆਪਣੇ ਰਾਜ ਦੇ 15 ਸਾਲਾਂ ਦੌਰਾਨ ਚਿੱਟੇ ਕਾਰਨ ਹੋਈਆਂ ਮੌਤਾਂ ਅਤੇ ਬਰਗਾੜੀ ਵਿੱਚ ਇਨਸਾਫ਼ ਮੰਗ ਰਹੇ 2 ਨਿਹੱਥੇ ਸਿੱਖ ਨੌਜਵਾਨਾਂ ਨੂੰ ਪੁਲੀਸ ਵਲੋਂ ਅੰਨ੍ਹੇਵਾਹ ਗੋਲੀ ਚਲਾ ਕੇ ਸ਼ਹੀਦ ਕਰਨ ਲਈ ਪੰਜਾਬ ਦੇ ਲੋਕਾਂ ਕੋਲੋਂ ਮੁਆਫ਼ੀ ਮੰਗੇ।ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇ ਸੁਖਬੀਰ ਬਾਦਲ ਆਪਣੀ ਸਰਕਾਰ ‘ਚ ਰਹਿੰਦਿਆਂ ਹੀ ਸ਼ਰਾਬ ਅਤੇ ਨਸ਼ੇ ਦੇ ਨਾਜਾਇਜ਼ ਕਾਰੋਬਾਰ ਨੂੰ ਨਕੇਲ ਪਾਉਂਦੇ।ਪਰ 10 ਸਾਲ ਦੇ ਰਾਜ ਵਿੱਚ ਸੁਖਬੀਰ ਬਾਦਲ ਦੇ ਗ੍ਰਹਿ ਅਤੇ ਐਕਸਾਈਜ਼ ਮੰਤਰੀ ਹੁੰਦਿਆਂ ਨਸ਼ਿਆਂ ਦਾ ਕਾਰੋਬਾਰ ਪੂਰੀ ਤਰ੍ਹਾਂ ਪ੍ਰਫੁੱਲਿਤ ਹੋਇਆ।ਜਿਥੇ ਗੁੰਡਾਗਰਦੀ ਨੂੰ ਸ਼ਹਿ ਮਿਲੀ, ਉਥੇ ਸ਼ਰਾਬ ਦੇ ਕਰਿੰਦਿਆਂ ਦੇ ਵੀ ਹੌਂਸਲੇ ਵਧੇ।
ਔਜਲਾ ਨੇ ਕਿਹਾ ਕਿ 1997 ਤੋਂ ਲੈ ਕੇ 2017 ਤੱਕ ਦੇ ਵੀਹ ਸਾਲਾਂ ਦੇ ਰਾਜ ਵਿੱਚੋਂ ਸੁਖਬੀਰ ਬਾਦਲ ਅਤੇ ਅਕਾਲੀ ਦਲ ਦਾ 15 ਸਾਲ ਰਾਜ ਰਿਹਾ।ਇਸ ਰਾਜ ਦੌਰਾਨ ਸ਼ਰਾਬ ਮਾਫ਼ੀਆ, ਕੇਬਲ ਮਾਫ਼ੀਆ, ਰੇਤ ਮਾਫ਼ੀਆ ਤੇ ਚਿੱਟੇ ਦਾ ਕਾਰੋਬਾਰ ਅਕਾਲੀ ਦਲ ਦੇ ਰਾਜ ਹੁੰਦਿਆਂ ਵਧਿਆ ਫੁੱਲਿਆ।ਜਿਸ ਦਾ ਸਿੱਧੇ ਤੌਰ `ਤੇ ਕਾਰਨ ਸੁਖਬੀਰ ਬਾਦਲ ਤੇ ਅਕਾਲੀ ਦਲ ਦੇ ਲੀਡਰਾਂ ਵਲੋਂ ਮਾਫੀਆ ਅਤੇ ਗੁੰਡਾਗਰਦੀ ਨੂੰ ਸਰਪ੍ਰਸਤੀ ਦੇਣਾ ਸੀ।
ਔਜਲਾ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰ ਨਾਲ ਉਨ੍ਹਾਂ ਦੀ ਅਤੇ ਪੰਜਾਬ ਸਰਕਾਰ ਦੀ ਵੀ ਹਮਦਰਦੀ ਹੈ।ਪਰ ਸੁਖਬੀਰ ਬਾਦਲ ਲਾਸ਼ਾਂ ‘ਤੇ ਸਿਆਸਤ ਕਰਨੀ ਬੰਦ ਕਰੇ ਅਤੇ ਪੰਜਾਬ ਦੀ ਚਿੰਤਾ ਛੱਡ ਕੇ ਖੇਰੂੰ ਖੇਰੂੰ ਹੋ ਰਹੇ ਅਕਾਲੀ ਦਲ ਨੂੰ ਸੰਭਾਲਣ ਵੱਲ ਆਪਣਾ ਧਿਆਨ ਲਾਵੇ।ਔਜਲਾ ਨੇ ਇਹ ਵੀ ਕਿਹਾ ਕਿ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਅਕਾਲੀ ਦਲ ਦੇ ਗੁੰਡਿਆਂ ਅਤੇ ਸ਼ਰਾਬ ਦੇ ਕਰਿੰਦਿਆਂ `ਤੇ ਪਰਚੇ ਕਰਵਾਏ ਨਾ ਕਿ ਐਕਸਾਈਜ਼ ਵਿਭਾਗ `ਤੇ।ਡੈਨੀ ਨੇ ਸੁਖਬੀਰ ਬਾਦਲ ਨੂੰ ਸ਼ਰੇਆਮ ਚੈਲੰਜ਼ ਕੀਤਾ ਹੈ ਕਿ ਜੇਕਰ ਸੁਖਬੀਰ ਬਾਦਲ ਇਹ ਸਾਬਤ ਕਰ ਦੇਵੇ ਤਾਂ ਡੈਨੀ ਬੰਡਾਲਾ ਅਸਤੀਫਾ ਦੇ ਦੇਣਗੇ।ਔਜਲਾ ਨੇ ਕਿਹਾ ਕਿ ਸੁਖਬੀਰ ਬਾਦਲ ਡੈਨੀ ਦੀ ਚੁਣੌਤੀ ਨੂੰ ਸਵੀਕਾਰ ਕਰਨ ਅਤੇ ਆਪਣਾ ਅਸਤੀਫਾ ਦੇਣ।ਉਨ੍ਹਾਂ ਕਿਹਾ ਕਿ ਬੰਡਾਲਾ ਪਰਿਵਾਰ ਨੂੰ ਸੁਖਬੀਰ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਕਿਉਂਕਿ ਬੰਡਾਲਾ ਪਰਿਵਾਰ ਪਿਛਲੇ 50 ਸਾਲਾਂ ਤੋਂ ਮਾਝੇ ਦੇ ਖੇਤਰ ਦੇ ਲੋਕਾਂ ਦੀ ਸੇਵਾ ਕਰ ਰਿਹਾ ਹੈ।ਆਪਣੇ ਮਹਿਰੂਮ ਪਿਤਾ ਸਰਦਾਰ ਸਰਦੂਲ ਸਿੰਘ ਬੰਡਾਲਾ ਤੋਂ ਬਾਅਦ ਉਨ੍ਹਾਂ ਦੀ ਵਿਰਾਸਤ ਨੂੰ ਸਾਂਭਦਿਆਂ ਉਨ੍ਹਾਂ ਦੇ ਬੇਟੇ ਡੈਨੀ ਬੰਡਾਲਾ ਨੇ ਵੀ ਪਹਿਲਾਂ ਵਿਧਾਨ ਸਭਾ ਅਤੇ ਹੁਣ ਲੋਕ ਸਭਾ ਚੋਣਾਂ ਵਿੱਚ ਆਪਣੀ ਲੋਕਪ੍ਰਿਅਤਾ ਸਿੱਧ ਕੀਤੀ ਹੈ।ਬੰਡਾਲਾ ਪਰਿਵਾਰ ਬਾਰੇ ਊਲ ਜਲੂਲ ਬਣਾਉਣ ਤੋਂ ਪਹਿਲਾਂ ਸੁਖਬੀਰ ਆਪਣੇ ਅੰਦਰ ਝਾਤੀ ਮਾਰੇ।
Punjab Post Daily Online Newspaper & Print Media