Wednesday, February 25, 2026

ਇਸ ਸਾਲ ਅੰਮ੍ਰਿਤਸਰ ਨੂੰ ਮਿਲ ਜਾਵੇਗਾ ਨਵਾਂ ਪ੍ਰਬੰਧਕੀ ਕੰਪਲੈਕਸ

ਡਿਪਟੀ ਕਮਿਸ਼ਨਰ ਖਹਿਰਾ ਨੇ ਮੌਕੇ ਉਤੇ ਜਾ ਕੇ ਲਿਆ ਪ੍ਰਗਤੀ ਦਾ ਜਾਇਜ਼ਾ

ਅੰਮ੍ਰਿਤਸਰ, 15 ਅਗਸਤ (ਸੁਖਬੀਰ ਸਿੰਘ) – ਇਸ ਸਾਲ ਦੇ ਅੰਤ ਤੱਕ ਅੰਮ੍ਰਿਤਸਰ ਵਾਸੀਆਂ ਨੂੰ ਨਵਾਂ ਪ੍ਰਬੰਧਕੀ ਕੰਪਲੈਕਸ ਮਿਲ ਜਾਵੇਗਾ, ਜਿਸ ਨਾਲ ਵੱਖ-ਵੱਖ ਦਫਤਰਾਂ ਦੇ ਕੰਮ ਕਰਵਾਉਣ ਲਈ ਜਿਲ੍ਹਾ ਵਾਸੀਆਂ ਨੂੰ ਸਾਰੇ ਸ਼ਹਿਰ ਦਾ ਗੇੜਾ ਨਹੀਂ ਕੱਢਣਾ ਪਵੇਗਾ, ਬਲਕਿ ਸਾਰੇ ਦਫਤਰ ਇਕ ਹੀ ਛੱਤ ਹੇਠ ਆ ਜਾਣਗੇ।ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਖ਼ੁਦ ਮੌਕੇ ‘ਤੇ ਜਾ ਕੇ ਪ੍ਰਬੰਧਕੀ ਕੰਪਲੈਕਸ ਦੀ ਇਮਾਰਤ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਮਾਰਤ ਦਾ ਕੰਮ ਜਲਦੀ ਤੋਂ ਜਲਦੀ ਨੇਪਰੇ ਚਾੜਿਆ ਜਾਵੇ।ਡਿਪਟੀ ਕਮਿਸ਼ਨਰ ਖਹਿਰਾ ਨੇ ਇਮਾਰਤ ਦੀ ਵਿਉਂਤਬੰਦੀ ਕਰਨ ਵਾਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਕਰਨਜੀਤ ਸਿੰਘ ਨਾਲ ਵੀ ਗੱਲਬਾਤ ਕੀਤੀ ਅਤੇ ਇਮਾਰਤ ਦਾ ਵਿਸਥਾਰ ਲਿਆ।ਉਨਾਂ ਹਦਾਇਤ ਕੀਤੀ ਕਿ ਘੱਟੋ-ਘੱਟ 2 ਮੰਜ਼ਿਲਾਂ ਪੂਰੀਆਂ ਕਰਕੇ ਡਿਪਟੀ ਕਮਿਸ਼ਨਰ ਦਫਤਰ, ਵਧੀਕ ਡਿਪਟੀ ਕਮਿਸ਼ਨਰ ਦਫਤਰ, ਸੁਵਿਧਾ ਕੇਂਦਰ ਅਤੇ ਹੋਰ ਜ਼ਰੂਰੀ ਬਰਾਚਾਂ, ਜੋ ਕਿ ਵੱਖ-ਵੱਖ ਥਾਵਾਂ ‘ਤੇ ਕੰਮ ਕਰ ਰਹੀਆਂ ਹਨ, ਨੂੰ ਅਗਲੇ 3 ਮਹੀਨਿਆਂ ਤੱਕ ਇਕ ਛੱਤ ਹੇਠ ਇਕੱਠਾ ਕੀਤਾ ਜਾਵੇ।
                   ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਜਸਬੀਰ ਸਿੰਘ ਸੋਢੀ ਨੇ ਦੱਸਿਆ ਕਿ ਨਵੇਂ ਪ੍ਰਬੰਧਕੀ ਕੰਪਲੈਕਸ, ਜੋ ਕਿ ਲਗਭਗ 98 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ, ਦਾ ਲਗਭਗ ਸਾਰਾ ਸਿਵਲ ਕੰਮ ਪੂਰਾ ਹੋ ਚੁੱਕਾ ਹੈ ਅਤੇ ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਵੱਲੋਂ ਕੰਮ ਕੀਤਾ ਜਾ ਰਿਹਾ ਹੈ।ਇਮਾਰਤ ਨੂੰ ਵਾਤਅਨਕੂਲ ਕਰਨ ਅਤੇ ਬਿਜਲੀ ਦਾ ਕੰਮ ਪ੍ਰਗਤੀ ਅਧੀਨ ਹੈ, ਜੋ ਕਿ 70 ਫੀਸਦੀ ਤੋਂ ਵੱਧ ਪੂਰਾ ਹੋ ਗਿਆ ਹੈ।ਉਨਾਂ ਦੱਸਿਆ ਕਿ ਪੁਰਾਣੇ ਠੇਕੇਦਾਰ ਦੇ ਕੰਮ ਛੱਡ ਜਾਣ ਕਾਰਨ ਕੰਮ ਵਿਚ ਦੇਰੀ ਹੋਈ ਸੀ, ਪਰ ਹੁਣ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਅਕਤੂਬਰ ਤੱਕ ਕਾਰ ਪਾਰਕਿੰਗ ਲਈ ਬਣੀਆਂ 2 ਬੇਸਮੈਂਟ ਅਤੇ ਦੋ ਜ਼ਮੀਨੀ ਮੰਜਿਲ ਤਿਆਰ ਕਰ ਦਿੱਤੀਆਂ ਜਾਣਗੀਆਂ।
                      ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਜਿਲ੍ਹਾ ਮਾਲ ਅਧਿਕਾਰੀ ਮੁਕੇਸ਼ ਕੁਮਾਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …