Wednesday, February 25, 2026

ਗਵਰਨਿੰਗ ਕੌਂਸਲ ਵਲੋਂ ਖ਼ਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਸ਼ੇਰਗਿੱਲ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ

ਕਾਲਜ ‘ਚ 15 ਸਾਲ ਨਿਭਾਈਆਂ ਯਾਦਗਾਰੀ ਸੇਵਾਵਾਂ

ਅੰਮ੍ਰਿਤਸਰ, 19 ਅਗਸਤ (ਖੁਰਮਣੀਆਂ) – ਵਿੱਦਿਆ ਦੇ ਖ਼ੇਤਰ ’ਚ ਨਾਮਵਰ ਸਖਸ਼ੀਅਤ ਅਤੇ ਖ਼ਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਗੁਰਬਖ਼ਸ਼ ਸਿੰਘ ਸ਼ੇਰਗਿੱਲ ਦੇ ਅੱਜ ਤੜਕਸਾਰ ਕਰੀਬ 2 ਵਜੇ ਅਕਾਲ ਚਲਾਣਾ ਕਰ ਜਾਣ ’ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਸ਼ੇਰਗਿੱਲ ਜਿਨ੍ਹਾਂ ਨੇ 15 ਸਾਲ ਖ਼ਾਲਸਾ ਕਾਲਜ ਵਿਖੇ ਪ੍ਰਿੰਸੀਪਲ ਵਜੋਂ ਆਪਣੀ ਸੇਵਾ ਨਿਭਾਈ।ਉਨਾਂ ਨੇ ਆਪਣੇ ਵਿਦਿਆਰਥੀ ਕਾਲ ਸਮੇਂ ਆਜ਼ਾਦੀ ਦੇ ਸੰਘਰਸ਼ ’ਚ ਯੋਗਦਾਨ ਪਾਇਆ।ਇਸ ਉਪਰੰਤ ਉਹ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਵੀ ਰਹੇ।
            ਦਿੱਲੀ ਤੋਂ ਜਾਰੀ ਆਪਣੇ ਸੰਦੇਸ਼ ’ਚ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਨੇ ਪ੍ਰਿੰਸੀਪਲ ਗੁਰਬਖਸ਼ ਸਿੰਘ ਸ਼ੇਰਗਿੱਲ ਦੇ ਦਿਹਾਂਤ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।ਇਸੇ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸ਼ੇਰਗਿੱਲ ਦੇ ਦਿਹਾਂਤ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ।ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਸ਼ੇਰਗਿੱਲ ਨੇ ਆਪਣੇ ਜੀਵਨਕਾਲ ’ਚ ਕਈ ਮਹੱਤਵਪੂਰਨ ਉਪਲਬੱਧੀਆਂ ਦਰਜ਼ ਕਰਵਾ ਕੇ ਸਿੱਖਿਆ ਦੇ ਖੇਤਰ ’ਚ ਮਹਾਨ ਨਾਮਣਾ ਖੱਟਿਆ ਸੀ ਉਨ੍ਹਾਂ ਕਿਹਾ ਖ਼ਾਲਸਾ ਕਾਲਜ ਵਿਖੇ ਆਪਣੇ ਪ੍ਰਿੰਸੀਪਲ ਕਾਰਜਕਾਲ ਦੌਰਾਨ ਕਾਬਲੀਅਤ ਭਰਪੂਰ ਇੰਜੀਨੀਅਰ ਅਤੇ ਡਾਕਟਰ ਸਮਾਜ ਸੇਵਾ ਲਈ ਦੇਸ਼ ਦੇ ਲੇਖੇ ਲਾਏ।ਸ਼ੇਰਗਿੱਲ ਦੇ ਅਕਾਲ ਚਲਾਣਾ ਕਰ ਜਾਣ ਨਾਲ ਸਿੱਖਿਆ ਜਗਤ ’ਚ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
               ਛੀਨਾ ਨੇ ਕਿਹਾ ਕਿ ਪ੍ਰਿੰਸੀਪਲ ਗੁਰਬਖ਼ਸ ਸਿੰਘ ਇਕ ਬਹੁਤ ਹੀ ਸੂਝਵਾਨ, ਇਮਾਨਦਾਰ ਅਤੇ ਗੁਣਵਾਨ ਇਨਸਾਨ ਸਨ, ਜਿਨ੍ਹਾਂ ਦੀ ਖ਼ਾਲਸਾ ਕਾਲਜ ਨੂੰ ਬਹੁਤ ਮਹਾਨ ਦੇਣ ਹੈ।ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਡਾ. ਹਰਬੰਸ ਸਿੰਘ ਤੋਂ ਸੰਨ 1975 ਤੋਂ ਚਾਰਜ਼ ਹਾਸਲ ਕਰਨ ਉਪਰੰਤ ਸ਼ੇਰਗਿੱਲ ਨੇ 1990 ਤੱਕ ਪ੍ਰਿੰਸੀਪਲ ਦੇ ਅਹੁੱਦੇ ਵਜੋਂ 15 ਸਾਲ ਕਾਲਜ ‘ਚ ਸੇਵਾ ਨਿਭਾਈ ਅਤੇ ਉਨ੍ਹਾਂ ਦੇ ਕਾਰਜਕਾਲ ਸਮੇਂ ਵਧੇਰੇ ਤਦਾਦ ’ਤੇ ਵਿਦਿਆਰਥੀ ਮੈਰਿਟ ’ਚ ਆਪਣਾ ਦਰਜ਼ ਕਰਵਾਉਂਦੇ ਰਹੇ।
ਰਜਿੰਦਰ ਮੋਹਨ ਛੀਨਾ ਨੇ ਕਿਹਾ ਕਿ ਸ਼ੇਰਗਿੱਲ ਨੇ ਆਪਣੇ ਕਾਰਜਕਾਲ ਸਮੇਂ ਟਾਪਰ ਆਉਣ ਵਾਲੇ ਵਿਦਿਆਰਥੀਆਂ ਲਈ 2 ਘੰਟੇ ਮੁਫ਼ਤ ਪ੍ਰੀ-ਮੈਡੀਕਲ ਦੀਆਂ ਕਲਾਸਾਂ ਦੀ ਸ਼ੁਰੂਆਤ ਕੀਤੀ ਅਤੇ ਨਾਮਵਰ ਇੰਜੀਨੀਅਰ ਅਤੇ ਡਾਕਟਰ ਦੇਸ਼ ਦੀ ਝੋਲੀ ਪਾਏ।ਉਨ੍ਹਾਂ ਕਿਹਾ ਕਿ ਸ਼ੇਰਗਿੱਲ ਨੇ ਪੰਜਾਬ ’ਚ ਕਾਲੇ ਦੌਰ ਦੇ ਸਮੇਂ ਦੌਰਾਨ ਪੜ੍ਹਾਈ ’ਚ ਅਜਿਹਾ ਇਨਕਲਾਬ ਲਿਆਂਦਾ ਕਿ ਹੜਤਾਲਾਂ ਦੇ ਬਾਵਜ਼ੂਦ ਜਿਆਦਾਤਰ ਵਿਦਿਆਰਥੀ ਮੈਰਿਟ ਲਿਸਟ ’ਚ ਆਪਣਾ ਨਾਂਅ ਦਰਜ ਕਰਵਾਉਣ ’ਚ ਸਫ਼ਲ ਰਹੇ।ਉਨ੍ਹਾਂ ਕਿਹਾ ਕਿ 92 ਸਾਲਾ ਸ਼ੇਰਗਿੱਲ ਦੀਆਂ ਕਾਲਜ ਵਿਖੇ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
                ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਸ਼ੇਰਗਿੱਲ ਇਕ ਮਹਾਨ ਸਿੱਖ ਚਿੰਤਕ ਸਨ।ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਗੁਰਬਖ਼ਸ਼ ਸਿੰਘ ਸ਼ੇਰਗਿੱਲ ਵੱਲੋਂ ਖ਼ਾਲਸਾ ਕਾਲਜ ਅੰਮ੍ਰਿਤਸਰ ਅਤੇ ਸਰਕਾਰੀ ਕਾਲਜ ਲੁਧਿਆਣਾ ਤੋਂ ਸਿੱਖਿਆ ਹਾਸਲ ਕੀਤੀ ਸੀ।ਉਨ੍ਹਾਂ ਕਿਹਾ ਕਿ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੀ ਚੇਅਰਮੈਨ ਰਹੇ ਤੇ ਇਨਟੈਕ ਪੰਜਾਬ ਚੈਪਟਰ ਦੇ ਚੇਅਰਮੈਨ ਵਜੋ ਸੇਵਾ ਨਿਭਾਈ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਸ਼ੇਰਗਿੱਲ ਦੇ ਅਕਾਲ ਚਲਾਣੇ ਨਾਲ ਸਿੱਖਿਆ ਦੇ ਜਗਤ ’ਚ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਖ਼ਾਲਸਾ ਕਾਲਜ ਵਿੱਦਿਅਕ ਅਦਾਰਿਆਂ ਦੇ ਸਮੂਹ ਸਟਾਫ਼ ਵੱਲੋਂ ਵੀ ਦੁੱਖ ਦਾ ਇਜ਼ਹਾਰ ਕੀਤਾ ਗਿਆ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …