Wednesday, April 22, 2026

ਸੰਗਰੂਰ ਜਿਲੇ ਦੇ 80 ਫੀਸਦ ਤੋਂ ਵਧੇਰੇ ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ – ਡਿਪਟੀ ਕਮਿਸ਼ਨਰ

ਸੰਗਰੂਰ, 31 ਅਗਸਤ (ਜਗਸੀਰ ਲੌਂਗੋਵਾਲ) – ਸੰਗਰੂਰ ਜਿਲੇ ‘ਚ 80 ਫ਼ੀਸਦੀ ਤੋਂ ਵਧੇਰੇ ਪਾਜ਼ਟਿਵ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜੋ ਕਿ ਪੂਰੇ ਪੰਜਾਬ ਦੇ ਵੱਡੀ ਗਿਣਤੀ ਜਿਲਿਆਂ ਤੋਂ ਜ਼ਿਆਦਾ ਹੈ।ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਨੇ ਦੱਸਿਆ ਕਿ ਜ਼ਿਲੇ ’ਚੋਂ ਸੋਮਵਾਰ ਤੱਕ 44175 ਨਮੂਨੇ ਕੋਵਿਡ-19 ਦੀ ਜਾਂਚ ਲਈ ਲਏ ਗਏ ਹਨ 2173 ਵਿਅਕਤੀਆਂ ਦੀ ਰਿਪੋਰਟ ਪਾਜ਼ਟਿਵ ਆਈ ਅਤੇ 42046 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ, ਜਦਕਿ 330 ਦੇ ਨਤੀਜਿਆਂ ਦੀ ਰਿਪੋਰਟ ਆਉਣੀ ਬਾਕੀ ਹੈ।ਉਨਾਂ ਦੱਸਿਆ ਕਿ ਪਾਜ਼ਿਟਿਵ ਪਾਏ ਗਏ 2173 ਮਰੀਜ਼ਾਂ ’ਚੋਂ 1753 ਮਰੀਜ਼ ਕੋਵਿਡ-19 ਨੂੰ ਮਾਤ ਦੇ ਕੇ ਤੰਦਰੁਸਤ ਹੋਣ ਉਪਰੰਤ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਉਨਾਂ ਕਿਹਾ ਕਿ ਤੰਦਰੁਸਤ ਹੋਣ ਵਾਲੇ ਵਿਅਕਤੀ ਕੁੱਲ ਮਰੀਜ਼ਾਂ ਦਾ 80 ਫ਼ੀਸਦੀ ਤੋਂ ਵਧੇਰੇ ਹਨ, ਜੋ ਕਿ ਦਰਸਾਉਂਦਾ ਹੈ ਕਿ ਵੱਡੀ ਗਿਣਤੀ ਲੋਕ ਇਸ ਵਾਇਰਸ ਨੂੰ ਹਰਾ ਕੇ ਆਪਣੇ ਨਿੱਤ ਦੇ ਕੰਮਾਂ-ਕਾਜਾਂ ’ਤੇ ਪਰਤ ਚੁੱਕੇ ਹਨ।
                         ਰਾਮਵੀਰ ਨੇ ਕਿਹਾ ਕਿ ਕੋਵਿਡ-19 ਦੇ ਮਰੀਜ਼ਾਂ ਦੀ ਪਛਾਣ ਕਰਨ ਲਈ ਵੱਧ ਤੋਂ ਵੱਧ ਸੈਂਪਲ ਕਰਵਾਉਣ ਦੀ ਲੋੜ ਹੈ ਅਤੇ ਸੈਂਪਲਾਂ ਦੀ ਗਿਣਤੀ ਵਿੱਚ ਵਾਧਾ ਇਸ ਲਈ ਵੀ ਜ਼ਰੂਰੀ ਹੈ ਤਾਂ ਕਿ ਪ੍ਰਭਾਵਿਤ ਮਰੀਜ਼ ਨੂੰ ਲੱਭ ਕੇ ਉਸ ਨੂੰ ਸੰਸਥਾਗਤ ਜਾਂ ਘਰੇਲੂ ਇਕਾਂਤਵਾਸ ਕੀਤਾ ਜਾ ਸਕੇ ਤਾਂ ਜੋ ਉਹ ਅੱਗੇ ਕਿਸੇ ਹੋਰ ਵਿਅਕਤੀ ਤੱਕ ਵਾਇਰਸ ਨਾ ਫੈਲਾਅ ਸਕਣ।
                        ਡਿਪਟੀ ਕਮਿਸ਼ਨਰ ਨੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਨੂੰ ਹਦਾਇਤ ਕੀਤੀ ਕਿ ਰੋਜ਼ਾਨਾ ਸੈਂਪਲਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ ਕਿਉਂਕਿ ਇਹ ਵਾਇਰਸ ਬਹੁਤ ਤੇਜ਼ੀ ਨਾਲ ਪਾਜ਼ਿਟਿਵ ਮਰੀਜ਼ ਤੋਂ ਦੂਜਿਆਂ ਤੱਕ ਫ਼ੈਲਦਾ ਹੈ।ਉਨਾਂ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਕੋਈ ਸੈਂਪਿਗ ’ਚ ਕਿਸੇ ਤਰਾਂ ਦਾ ਵਿਘਨ ਪਾਉਂਦਾ ਹੈ ਜਾਂ ਲੋਕਾਂ ਵਿੱਚ ਅਫ਼ਵਾਹਾਂ ਫ਼ੈਲਾਉਂਦਾ ਹੈ ਤਾਂ ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ ਧਾਲੀਵਾਲ, ਸਿਵਲ ਸਰਜਨ ਡਾ. ਰਾਜ ਕੁਮਾਰ ਅਤੇ ਸਮੂਹ ਐਸ.ਡੀ.ਐਮ ਤੇ ਐਸ.ਐਮ.ਓ ਹਾਜ਼ਰ ਸਨ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …