ਗੁਰਦੁਆਰਾ ਗੁਰੂ ਕਾ ਮਹਿਲ ਜਾਂਦੇ ਰਸਤਿਆਂ ਦੀ ਬਦਲੀ ਜਾਵੇਗੀ ਨੁਹਾਰ – ਸੋਨੀ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ) – ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਆਪਣੇ ਨਿਵਾਸ ਅਸਥਾਨ ਵਿਖੇ ਨਗਰ ਨਿਗਮ ਦੇ ਮੇਅਰ
ਕਰਮਜੀਤ ਸਿੰਘ ਰਿੰਟੂ, ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਕੋਮਲ ਮਿੱਤਲ ਅਤੇ ਨਗਰ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਕੀਤੀ।ਜਿਸ ਦੌਰਾਨ ਸੋਨੀ ਨੇ ਦੱਸਿਆ ਕਿ ਗੁਰੂ ਸਾਹਿਬ ਜੀ ਦੇ ਜਨਮ ਅਸਥਾਨ ਗੁਰਦਵਾਰਾ ਗੁਰੂ ਕਾ ਮਹਿਲ ਲੋਹਗੜ ਵਿਖੇ ਜਾਂਦੇ ਸਾਰੇ ਰਸਤਿਆਂ ਦੀ ਨੁਹਾਰ ਬਦਲੀ ਜਾ ਰਹੀ ਹੈ।ਸ੍ਰੀ ਦਰਬਾਰ ਸਾਹਿਬ, ਗੁਰੂ ਬਾਜ਼ਾਰ, ਚੌਂਕ ਪਾਸੀਆਂ, ਸਾਸ਼ਤਰੀ ਮਾਰਕੀਟ ਦੀਆਂ ਸੜਕਾਂ ਨੂੰ ਵਧੀਆ ਇੰਟਰਲਾਕਿੰਗ ਟਾਈਲਾਂ ਨਾਲ ਸੰਵਾਰਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਨਜਦੀਕ ਪੈਂਦੇ ਸਾਰੇ ਇਲਾਕਿਆਂ ਵਿੱਚ ਨਵਾਂ ਸੀਵਰੇਜ, ਪੀਣ ਵਾਲੇ ਪਾਣੀ ਦੀਆਂ ਪਾਇਪਾਂ ਤੇ ਟਿਊਬਵੈਲ ਆਦਿ ਤੋਂ ਇਲਾਵਾ ਨਵੀਆਂ ਐਲ.ਈ.ਡੀ ਲਾਈਟਾਂ ਵੀ ਲਗਾ ਦਿੱਤੀਆਂ ਗਈਆਂ ਹਨ।
ਉਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਉਤਸਵ ਨੂੰ ਲੈ ਕੇ ਸਿਖਿਆ ਵਿਭਾਗ ਵੱਲੋਂ ਬੱਚਿਆਂ ਦੇ ਆਨਲਾਈਨ ਮੁਕਾਬਲੇ ਵੀ ਪੰਜਾਬ ਪੱਧਰ ‘ਤੇ ਕਰਵਾਏ ਜਾ ਰਹੇ ਹਨ, ਤਾਂ ਜੋ ਬੱਚਿਆਂ ਨੂੰ ਗੁਰੂ ਸਾਹਿਬ ਜੀ ਦੀਆਂ ਸਿਖਿਆਵਾਂ ਤੋਂ ਜਾਣੂ ਕਰਵਾਇਆ ਜਾ ਸਕੇ।ਇਸ ਤੋਂ ਇਲਾਵਾ ਵਾਤਾਵਰਣ ਨੂੰ ਸਵੱਛ ਰੱਖਣ ਲਈ ਪ੍ਰਕਾਸ਼ ਉਤਸਵ ਸਬੰਧੀ ਹਰੇਕ ਪਿੰਡ ਵਿੱਚ 400-400 ਬੂਟੇ ਵੀ ਲਗਾਏ ਜਾ ਰਹੇ ਹਨ।
Punjab Post Daily Online Newspaper & Print Media