Wednesday, August 12, 2026

ਸਕੱਤਰ ਪੰਜਾਬ ਸਰਕਾਰ ਵਿਵੇਕ ਪ੍ਰਤਾਪ ਸਿੰਘ ਵਲੋਂ ਸੰਗਰੂਰ ਜ਼ਿਲੇ ’ਚ ਕੋਵਿਡ-19 ਪ੍ਰਬੰਧਾਂ ਦੀ ਸਮੀਖਿਆ

ਸੰਗਰੂਰ, 5 ਸਤੰਬਰ (ਜਗਸੀਰ ਲੌਂਗੋਵਾਲ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਫ਼ਤਹਿ ਤਹਿਤ ਜ਼ਿਲਾ ਸੰਗਰੂਰ ਵਿੱਚ ਕੋਵਿਡ-19 ਦੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਸਕੱਤਰ ਪੰਜਾਬ ਸਰਕਾਰ ਵਿਵੇਕ ਪ੍ਰਤਾਪ ਸਿੰਘ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਿਹਤ ਵਿਭਾਗ ਦੇ ਅਮਲੇ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ।ਜਿਸ ਦੌਰਾਨ ਉਨਾਂ ਨੇ ਕਿਹਾ ਕਿ ਕੋਵਿਡ-19 ਦੀ ਸਥਿਤੀ ਨਾਲ ਨਜਿੱਠਣ ਲਈ ਜ਼ਿਲੇ ਭਰ ’ਚ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ।ਕੋਵਿਡ ਕੇਅਰ ਸੈਂਟਰਾਂ ਤੇ ਹਸਪਤਾਲਾਂ ’ਚ ਮਰੀਜ਼ਾਂ ਦੀ ਚੰਗੀ ਦੇਖ-ਭਾਲ ਲਈ ਸੁਵਿਧਾਵਾਂ ਤੇ ਲੋੜੀਂਦੇ ਮੈਡੀਕਲ ਅਮਲੇ ਦੀ 24 ਘੰਟੇ ਤੈਨਾਤੀ ਯਕੀਨੀ ਬਣਾਈ ਜਾਵੇ।ਉਨਾਂ ਜ਼ਿਲੇ ’ਚ ਟੈਸਟਿੰਗ ਦੇ ਟੀਚੇ ਨੂੰ ਰੋਜ਼ਾਨਾ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਅਤੇ ਇਸਦੀ ਰਿਪੋਰਟ ਉਨਾਂ ਤੱਕ ਪੁੱਜਦੀ ਕਰਨ ਦੀ ਵੀ ਹਦਾਇਤ ਕੀਤੀ।
                ਅਫਵਾਹਾਂ ’ਤੇ ਕਾਬੂ ਪਾਉਣ ਲਈ ਜਾਗਰੂਕਤਾ ਅਭਿਆਨ ’ਚ ਹੋਰ ਤੇਜ਼ੀ ਲਿਆਉਣ ’ਤੇ ਜ਼ੋਰ ਦਿੰਦਿਆਂ ਉਨਾਂ ਕਿਹਾ ਕਿ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ।ਜਾਗਰੂਕਤਾ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਅਤੇ ਹੋਰ ਮੋਹਤਬਰਾਂ ਦੀ ਮਦਦ ਲਈ ਜਾਵੇ।ਲੋਕਾਂ ਨੂੰ ਦੱਸਿਆ ਜਾਵੇ ਕਿ ਭਾਵੇਂ ਕਿ ਇਸ ਬਿਮਾਰੀ ਦੇ ਇਲਾਜ ਲਈ ਕੋਈ ਵਿਸ਼ੇਸ਼ ਦਵਾਈ ਜਾਂ ਵੈਕਸੀਨ ਅਜੇ ਤੱਕ ਨਹੀਂ ਆਈ, ਪਰ ਫਿਰ ਵੀ ਵੱਧ ਤੋਂ ਵੱਧ ਸੈਂਪਲਿੰਗ ਕਰਵਾ ਕੇ ਇਸ ਬਿਮਾਰੀ ਦੀ ਲਾਗ ’ਤੇ ਕਾਬੂ ਪਾਇਆ ਜਾ ਸਕਦਾ ਹੈ।ਫਰੰਟ ਲਾਈਨ ’ਤੇ ਕੰਮ ਕਰਨ ਵਾਲੇ ਅਧਿਕਾਰੀਆਂ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਨਿਰਧਾਰਤ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।
                 ਇਸ ਮੌਕੇ ਡਿਪਟੀ ਕਮਿਸਨਰ ਰਾਮਵੀਰ ਨੇ ਉਨਾਂ ਨੂੰ ਕਿਹਾ ਕਿ ਜ਼ਿਲਾ ਸੰਗਰੂਰ ’ਚ ਕੋਵਿਡ-19 ਦੀ ਸਥਿਤੀ ਕੰਟਰੋਲ ਹੇਠ ਹੈ।ਹਰ ਤਰਾਂ ਦੇ ਪ੍ਰਬੰਧ ਮੁਕੰਮਲ ਹਨ ਅਤੇ ਸੈਂਪਲਿੰਗ ਦਾ ਕੰਮ ਵੀ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ।ਉਨਾਂ ਕਿਹਾ ਕਿ ਸਮੂਹ ਉਪ ਮੰਡਲ ਮੈਜਿਸਟ੍ਰੇਟ ਵਲੋਂ ਰੋਜ਼ਾਨਾ ਕੋਵਿਡ ਪਾਜਿਟਿਵ ਮਰੀਜ਼ਾਂ ਨਾਲ ਫੋਨ ’ਤੇ ਰਾਬਤਾ ਕੀਤਾ ਜਾਂਦਾ ਹੈ।ਸਿਵਲ ਸਰਜਨ ਰਾਜ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਸਮੂਹ ਟੀਮਾਂ ਵਲੋਂ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ।
                 ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜਿੰਦਰ ਸਿੰਘ ਬੱਤਰਾ, ਡੀ.ਐਫ਼.ਓ, ਸਮੂਹ ਐਸ.ਡੀ.ਐਮ, ਸਮੂਹ ਐਸ.ਐਮ.ਓ, ਅਤੇ ਸਮੂਹ ਨੋਡਲ ਅਫ਼ਸਰ ਮੌਜੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …