ਕਿਹਾ ਕੁੱਝ ਕਰਮਚਾਰੀਆਂ ਦੀ ਗੈਰ ਜਿੰਮੇਵਾਰੀ ਕਾਰਣ ਸ਼੍ਰੋਮਣੀ ਕਮੇਟੀ ਨੂੰ ਚਿੰਤਾਜਨਕ ਹਾਲਾਤਾਂ ਦਾ ਕਰਨਾ ਪਿਆ ਸਾਹਮਣਾ
ਅੰਮ੍ਰਿਤਸਰ, 5 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਮਗਰੋਂ ਪੱਤਰਕਾਰਾਂ ਨਾਲ
ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਕੁੱਝ ਕਰਮਚਾਰੀਆਂ ਵੱਲੋਂ ਬੇਨਿਯਮੀਆਂ ਅਤੇ ਗੈਰ-ਜ਼ੁੰਮੇਵਰਾਨਾ ਢੰਗ ਨਾਲ ਡਿਊਟੀਆਂ ਕਰਨ ਕਰਕੇ ਸ਼੍ਰੋਮਣੀ ਕਮੇਟੀ ਨੂੰ ਚਿੰਤਾਜਨਕ ਹਲਾਤਾਂ ਦਾ ਸਾਹਮਣਾ ਕਰਨਾ ਪਿਆ ਹੈ।ਪਾਵਨ ਸਰੂਪਾਂ ਸਬੰਧੀ ਰਿਕਾਰਡ ਵਿਚ ਵਾਧੇ ਘਾਟੇ ਕਾਰਨ ਮੰਦਭਾਗੀ ਚਰਚਾ ਚੱਲ ਰਹੀ ਹੈ।ਲੌਂਗੋਵਾਲ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਇਸ ਕਾਰਨ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦੇ ਮਨ ਨੂੰ ਭਾਰੀ ਠੇਸ ਪਹੁੰਚੀ ਹੈ।ਉਹ ਜਾਤੀ ਤੌਰ ’ਤੇ ਨਿਰਮਤਾ ਸਹਿਤ ਸਮੁੱਚੀਆਂ ਸਿੱਖ ਸੰਗਤਾਂ ਤੋਂ ਖਿਮਾ ਮੰਗਦੇ ਹਨ। ਉਨ੍ਹਾਂ ਕਿਹਾ ਕਿ ਉਹ ਵਿਸ਼ਵਾਸ਼ ਦਿਵਾਉਂਦੇ ਹਨ ਕਿ ਇਸ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਾ ਹੀ ਗਾਇਬ ਹੋਏ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਬੇਅਦਬੀ ਹੋਈ। ਸਬੰਧਤ ਕਰਮਚਾਰੀਆਂ ਵੱਲੋਂ ਜੋ ਪਾਵਨ ਸਰੂਪ ਸੰਗਤਾਂ ਨੂੰ ਦਿੱਤੇ ਜਾਂਦੇ ਰਹੇ, ਲਾਲਚ ਵੱਸ ਉਸ ਦੀ ਭੇਟਾ ਜਮ੍ਹਾਂ ਨਹੀਂ ਕਰਵਾਈ ਗਈ ਅਤੇ ਉਸ ਨੂੰ ਰਿਕਾਰਡ ਵਿਚ ਵੀ ਦਰਜ਼ ਨਹੀਂ ਕੀਤਾ ਗਿਆ।ਨਿੱਜੀ ਹਿੱਤਾਂ ਲਈ ਹੀ ਦੋਸ਼ੀ ਕਰਮਚਾਰੀ ਅਜਿਹਾ ਕਰਦੇ ਰਹੇ, ਜਿਸ ਦਾ ਜ਼ਿਕਰ ਜਾਂਚ ਕਮਿਸ਼ਨ ਦੀ ਰਿਪੋਰਟ ਵਿਚ ਦਰਜ਼ ਹੈ।
ਉਨ੍ਹਾਂ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਜਿਸ ਉਦੇਸ਼ ਨੂੰ ਮੁੱਖ ਰੱਖ ਕੇ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਸੀ, ਉਸ ਸੋਚ ’ਤੇ ਪਹਿਰਾ ਦਿੰਦਿਆਂ ਬੇਨਿਯਮੀਆਂ ਕਰਨ ਵਾਲੇ ਕਰਮਚਾਰੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਐਕਟ ਅਧੀਨ ਅਦਾਰੇ ਵਿੱਚ ਰਹਿੰਦਿਆਂ ਪੰਥਕ ਪ੍ਰੰਪਰਾਵਾਂ ਅਤੇ ਰਵਾਇਤਾਂ ਦੇ ਅਨੁਕੂਲ ਸਖ਼ਤ ਸਜ਼ਾ ਦਿੱਤੀ ਜਾਵੇਗੀ, ਤਾਂ ਜੋ ਅੱਗੇ ਤੋਂ ਕੋਈ ਅਜਿਹੀ ਹਿੰਮਤ ਨਾ ਕਰੇ।
Punjab Post Daily Online Newspaper & Print Media