Friday, March 20, 2026

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਨੂੰ ਵਿਰੋਧ ਪ੍ਰਦਰਸ਼ਨ ਲਈ ਵਰਤਣ ਦੀ ਕਿਸੇ ਨੂੰ ਇਜਾਜ਼ਤ ਨਹੀਂ- ਲੌਂਗੋਵਾਲ

ਸਤਿਕਾਰ ਕਮੇਟੀਆਂ ਵੱਖ-ਵੱਖ ਥਾਵਾਂ ਤੋਂ ਚੁੱਕੇ ਪਾਵਨ ਸਰੂਪਾਂ ਦਾ ਹਿਸਾਬ ਦੇਣ

ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਕਮੇਟੀ ਪ੍ਰਧਾਨ  ਗੋਬਿੰਦ ਸਿੰਘ ਲੌਂਗੋਵਾਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ’ਤੇ ਬਣੀਆਂ ਸਤਿਕਾਰ ਕਮੇਟੀਆਂ ਅਤੇ ਕੁੱਝ ਹੋਰ ਲੋਕਾਂ ਵੱਲੋਂ 14 ਸਤੰਬਰ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਠ ਕਰਨ ਦੇ ਐਲਾਨ ਅਤੇ ਸ਼੍ਰੋਮਣੀ ਕਮੇਟੀ ਵਿਰੁੱਧ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।ਲੌਂਗੋਵਾਲ ਨੇ ਆਖਿਆ ਹੈ ਕਿ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਪਾਵਨ ਇਤਿਹਾਸਕ ਅਸਥਾਨ ਹੈ ਅਤੇ ਇਸ ਦੀ ਇਕ ਮਰਯਾਦਾ ਹੈ।ਇਥੇ ਵਿਰੋਧ ਪ੍ਰਦਰਸ਼ਨਾਂ ਦੀ ਕਿਸੇ ਨੂੰ ਵੀ ਹਰਗਿਜ਼ ਇਜਾਜ਼ਤ ਨਹੀਂ ਹੈ।

           ਉਨ੍ਹਾਂ ਸਤਿਕਾਰ ਕਮੇਟੀਆਂ ਨੂੰ ਸਵਾਲ ਕੀਤਾ ਕਿ ਪਾਵਨ ਸਰੂਪਾਂ ਦੇ ਸੰਜ਼ੀਦਾ ਮਾਮਲੇ ਤੇ ਸਿਆਸਤ ਕਰਨ ਦੀ ਥਾਂ ਕੌਮ ਨੂੰ ਇਹ ਦੱਸਣ ਕਿ ਜਿਹੜੇ ਪਾਵਨ ਸਰੂਪ ਉਨ੍ਹਾਂ ਵੱਲੋਂ ਵੱਖ-ਵੱਖ ਥਾਵਾਂ ਤੋਂ ਚੁੱਕੇ ਗਏ, ਉਹ ਕਿਥੇ ਹਨ।ਇਸ ਦੇ ਨਾਲ ਹੀ ਸਤਿਕਾਰ ਕਮੇਟੀਆਂ ਨਿਸ਼ਾਨ ਸਾਹਿਬ, ਪਾਲਕੀਆਂ, ਪੀੜ੍ਹੇ, ਕੀਮਤੀ ਰੁਮਾਲਿਆਂ ਆਦਿ ਦਾ ਵੀ ਹਿਸਾਬ ਸੰਗਤ ਸਾਹਮਣੇ ਰੱਖਣ।ਉਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ’ਤੇ ਬਣੀਆਂ ਸਤਿਕਾਰ ਕਮੇਟੀਆਂ ਪਾਸੋਂ ਪਾਵਨ ਸਰੂਪਾਂ ਦਾ ਹਿਸਾਬ ਲੈਣ।ਇਸ ਕਾਰਜ਼ ਲਈ ਜਥੇਦਾਰ ਸਾਹਿਬ ਇਕ ਕਮੇਟੀ ਬਣਾਉਣ, ਜੋ ਹੁਣ ਤੱਕ ਸਤਿਕਾਰ ਕਮੇਟੀਆਂ ਵੱਲੋਂ ਵੱਖ-ਵੱਖ ਥਾਵਾਂ ਤੋਂ ਚੁੱਕੇ ਪਾਵਨ ਸਰੂਪਾਂ ਤੇ ਹੋਰ ਸਮਾਨ ਦਾ ਵੇਰਵਾ ਲੈ ਕੇ ਜਨਤਕ ਕਰੇ।
                 ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪਬਲੀਕੇਸ਼ਨ ਵਿਭਾਗ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਪਾਵਨ ਸਰੂਪ ਸੰਗਤ ਨੂੰ ਦੇਣ ਉਪਰੰਤ ਕਰਮਚਾਰੀਆਂ ਵੱਲੋਂ ਭੇਟਾ ਦਫ਼ਤਰ ਜਮ੍ਹਾਂ ਨਹੀਂ ਕਰਵਾਈ ਗਈ, ਉਸ ਨਾਲ ਸਬੰਧਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਥਾਪਤ ਜਾਂਚ ਕਮਿਸ਼ਨ ਦੀ ਰਿਪੋਰਟ ਅਨੁਸਾਰ ਹਰ ਦੋਸ਼ੀ ’ਤੇ ਕਾਰਵਾਈ ਕੀਤੀ ਗਈ ਹੈ।ਪਰੰਤੂ ਸ਼੍ਰੋਮਣੀ ਕਮੇਟੀ ਦਾ ਸਹਿਯੋਗ ਦੇਣ ਦੀ ਥਾਂ ਕੁੱਝ ਲੋਕ ਜਾਣਬੁੱਝ ਕੇ ਵਿਰੋਧ ਦੀ ਨੀਤੀ ਤਹਿਤ ਕੰਮ ਕਰ ਰਹੇ ਹਨ ਤੇ ਮਾਮਲੇ ਨੂੰ ਸਿਆਸੀ ਰੰਗ ਦੇ ਰਹੇ ਹਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …