ਸੱਤਿਆਜੀਤ ਮਜੀਠੀਆ, ਛੀਨਾ ਨੇ ਰੁਮਾਲਿਆਂ ਵਾਲੇ ਦੀਆਂ ਸੇਵਾਵਾਂ ਨੂੰ ਕੀਤਾ ਯਾਦ
ਅੰਮ੍ਰਿਤਸਰ, 19 ਸਤੰਬਰ (ਖੁਰਮਣੀਆਂ) – ਗੁਰੂ ਘਰ ਦੇ ਪ੍ਰੇਮੀ ਸੁਰਿੰਦਰ ਸਿੰਘ ਰੁਮਾਲਿਆਂ ਦੇ ਅੱਜ ਤੜਕਸਾਰ ਅਕਾਲ ਚਲਾਣਾ ਕਰ ਜਾਣ ’ਤੇ ਖ਼ਾਲਸਾ ਕਾਲਜ
ਗਵਰਨਿੰਗ ਕੌਂਸਲ ਵੱਲੋਂ ਦੁਖ ਦਾ ਪ੍ਰਗਟਾਵਾ ਕੀਤਾ ਗਿਆ।ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਗਵਰਨਿੰਗ ਕੌਂਸਲ ਮੈਂਬਰ ਸਨ।ਜਿਨ੍ਹਾਂ ਦੀ ਪਿਛਲੇ ਕਾਫੀ ਸਮੇਂ ਤੋਂ ਤਬੀਅਤ ਠੀਕ ਨਾ ਹੋਣ ਕਾਰਨ ਹਸਪਤਾਲ ਵਿਖੇ ਉਨਾਂ ਦਾ ਇਲਾਜ਼ ਚੱਲ ਰਿਹਾ ਸੀ।
ਦਿੱਲੀ ਤੋਂ ਜਾਰੀ ਆਪਣੇ ਸੰਦੇਸ਼ ’ਚ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਨੇ ਸੁਰਿੰਦਰ ਸਿੰਘ ਰੁਮਾਲਿਆਂ ਦੇ ਦਿਹਾਂਤ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ ਦੀ ਪ੍ਰਮਾਤਮਾ ਅੱਗੇ ਅਰਦਾਸ ਕੀਤੀ।
ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਦੇ ਦਿਹਾਂਤ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।ਛੀਨਾ ਨੇ ਕਿਹਾ ਕਿ ਉਨ੍ਹਾਂ ਦਾ ਨਾਮ ਸਿਮਰਨ ’ਚ ਅਥਾਹ ਵਿਸ਼ਵਾਸ਼ ਸੀ, ਜਿਸ ਸਦਕਾ ਉਹ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਵੱਈਏ ਪੜ੍ਹਣ ਦੀ ਸੇਵਾ ਵੀ ਨਿਭਾਉਂਦੇ ਸਨ।ਉਨ੍ਹਾਂ ਦੱਸਿਆ ਕਿ ਰੁਮਾਲਿਆਂ ਵਾਲੇ 30 ਮਾਰਚ 1996 ਤੋਂ ਗਵਰਨਿੰਗ ਕੌਂਸਲ ਦੇ ਮੈਂਬਰ ਨਿਯੁੱਕਤ ਹੋੲ। ਉਹ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਮੈਂਬਰ ਅਤੇ ਸ੍ਰੀ ਗੁਰੂ ਸਿੰਘ ਸਭਾ ਸੁਸਾਇਟੀ ਦੇ ਜਨਰਲ ਸਕੱਤਰ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਅਹੁੱਦਿਆਂ ’ਤੇ ਬਿਰਾਜ਼ਮਾਨ ਸਨ।ਉਨ੍ਹਾਂ ਕਿਹਾ ਕਿ ਸ: ਰੁਮਾਲਿਆਂ ਵਾਲਿਆਂ ਦੇ ਸੰਸਾਰ ਤੋਂ ਕੂਚ ਕਰ ਜਾਣ ਨਾਲ ਖ਼ਾਲਸਾ ਮੈਨੇਜ਼ਮੈਂਟ ਅਤੇ ਉਨਾਂ ਦੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ।
ਕੌਂਸਲ ਦੇ ਫ਼ਾਈਨਾਂਸ ਸਕੱਤਰ ਗੁਨਬੀਰ ਸਿੰਘ ਨੇ ਵੀ ਰੁਮਾਲਿਆਂ ਵਾਲੇ ਦੇ ਦਿਹਾਂਤ ’ਤੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਖ਼ਾਲਸਾ ਕਾਲਜ ਦੇ ਵਿੱਦਿਅਕ ਅਦਾਰਿਆਂ ਦੀ ਤਰੱਕੀ ਲਈ ਆਪਣੀ ਮਹੱਤਵਪੂਰਨ ਭੂਮਿਕਾ ਅਦਾ ਕੀਤੀ, ਜਿਸ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।
ਇਸ ਮੌਕੇ ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਸਮੂਹ ਗਵਰਨਿੰਗ ਕੌਂਸਲ ਮੈਂਬਰਾਂ ਅਤੇ ਵੱਖ-ਵੱਖ ਵਿੱਦਿਅਕ ਅਦਾਰਿਆਂ ਦੇ ਪ੍ਰਿੰਸੀਪਲਾਂ ਨੇ ਵੀ ਸੁਰਿੰਦਰ ਸਿੰਘ ਦੀ ਹੋਈ ਬੇਵਕਤੀ ਮੌਤ ’ਤੇ ਦੁੱਖ ਪ੍ਰਗਟਾਇਆ।
Punjab Post Daily Online Newspaper & Print Media