Saturday, March 7, 2026

ਕੋਵਿਡ -19 ਦੇ ਚੱਲਦਿਆਂ ਹਵਾ ਦਾ ਪ੍ਰਦੂਸ਼ਣ ਬੱਚਿਆਂ, ਬਜੁਰਗਾਂ ਤੇ ਮਹਿਲਾਵਾਂ ਲਈ ਵਧੇਰੇ ਖਤਰਨਾਕ – ਡਾ. ਅਮਰੀਕ ਸਿੰਘ

ਪਠਾਨਕੋਟ, 22 ਸਤੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵਲੋਂ ਬਲਾਕ ਪਠਨਕੋਟ ਨੂੰ ਲਗਾਤਾਰ ਪੰਜਵੀਂ ਵਾਰ ਪ੍ਰਦੂਸ਼ਣ ਮੁਕਤ ਬਣਾਉਣ ਦੇ ਟੀਚੇ ਨਾਲ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਪਹਿਲੇ ਪੜਾਅ ਵਜੋਂ ਗਰਾਮ ਪੰਚਾਇਤਾਂ ਵਲੋਂ ਮਤੇ ਪਵਾਏ ਜਾ ਰਹੇ ਹਨ।ਜਿਸ ਵਿਚ ਸਰਪੰਚ ਸਹਿਬਾਨ ਵਲੋਂ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ।
                    ਅੱਜ ਪਿੰਡ ਬੱਸੀ ਬਹਿਲਾਦਪੁਰ, ਕੁੰਢੇ ਅਤੇ ਫਿਰੋਜਪੁਰ ਦੀਆਂ ਗ੍ਰਾਮ ਪੰਚਾਇਤਾਂ ਵਲੋਂ ਝੋਨੇ ਦੀ ਪਰਾਲੀ ਨਾ ਸਾੜਣ ਬਾਰੇ ਮਤੇ ਪਾਏ ਗਏ।ਪਿੰਡ ਬੱਸੀ ਬਹਿਲਾਦਪੁਰ ਵਿਖੇ ਸਰਪੰਚ ਜਸਬੀਰ ਕੌਰ ਦੇ ਗ੍ਰਹਿ ਵਿਖੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਪਠਾਨਕੋਟ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਮਨੁੱਖੀ, ਪਸ਼ੂਆਂ ਦੀ ਸਿਹਤ ਅਤੇ ਵਾਤਾਵਰਣ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।
                ਉਨਾਂ ਕਿਹਾ ਕਿ ਕੋਵਿਡ-19 ਦੇ ਚੱਲਦਿਆਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਪੈਦਾ ਹੋਈਆਂ ਜ਼ਹਿਰੀਲੀਆ ਗੈਸਾਂ ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਦੀ ਸਿਹਤ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀਆਂ ਹਨ।ਹਵਾ ਦੇ ਪ੍ਰਦੂਸ਼ਣ ਨਾਲ ਅੱਖਾਂ ਦਾ ਜਲਣਾ, ਨੱਕ ਵਿੱਚ ਜਲਣ, ਗਲੇ ਵਿੱਚ ਜਲਣ, ਚਮੜੀ ਦੇ ਰੋਗ, ਛਾਤੀ ਦਾ ਜਕੜਣ ਆਦਿ ਅਜਿਹੇ ਰੋਗ ਹਨ ਜੋ ਹਵਾ ਦੇ ਪ੍ਰਦੂਸ਼ਣ ਵੱਧਣ ਨਾਲ ਵੱਧਦੇ ਹਨ।
               ਉਨ੍ਹਾਂ ਕਿਹਾ ਕਿ ਝੋਨੇ ਦੀ ਕਟਾਈ ਉਪਰੰਤ ਕਟਰ ਕਮ ਸ਼ਰੈਡਰ ਜਾਂ ਚੌਪਰ ਨਾਲ ਰਹਿੰਦ ਖੂੰਹਦ ਨੂੰ ਖੇਤ ਵਿੱਚ ਇੱਕਸਾਰ ਖਿਲਾਰ ਕੇ ਪੀ.ਏ.ਯੂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਖੇਤ ਨੂੰ ਬਗੈਰ ਵਾਹੇ ਕੀਤੀ ਜਾ ਸਕਦੀ ਹੈ।ਪਿੰਡਾਂ ਵਿੱਚ ਜਾਗਰੁਕਤਾ ਪੈਦਾ ਕਰਨ ਲਈ ਪਹਿਲੇ ਪੜਾਅ ਵਿੱਚ ਗ੍ਰਾਮ ਪੰਚਾਇਤਾਂ ਕੋਲੋਂ ਝੋਨੇ ਦੀ ਪਰਾਲੀ ਨਾ ਸਾੜਣ ਬਾਰੇ ਮਤੇ ਪਵਾਏ ਜਾ ਰਹੇ ਹਨ ਅਤੇ 10 ਅਕਤੂਬਰ ਤੱਕ ਬਲਾਕ ਪਠਾਨਕੋਟ (ਸਮੇਤ ਘਰੋਟਾ ਬਲਾਕ) ਦੀਆਂ ਸਮੂਹ ਗ੍ਰਾਮ ਪੰਚਾਇਤਾਂ ਕੋਲੋਂ ਮਤੇ ਪਵਾਏ ਜਾਣਗੇ।
                 ਬਲਾਕ ਘਰੋਟਾ ਵਿੱਚ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਵਲੋਂ ਚਾਰ ਟੀਮਾਂ ਬਣਾਈਆਂ ਗਈਆਂ ਹਨ ਅਤੇ ਹਰੇਕ ਟੀਮ ਦਾ ਇੰਚਾਰਜ਼ ਕਲੱਸਟਰ ਇੰਚਾਰਜ਼ ਹੋਵੇਗਾ ਅਤੇ 3-6 ਪਿੰਡਾਂ ਪਿੱਛੇ ਇੱਕ ਨੋਡਲ ਅਫਸਰ ਹੋਵੇਗਾ।ਇਸ ਮੌਕੇ ਸਰਪੰਚ ਬੱਸੀ ਬਹਿਲਾਦਪੁਰ ਸ੍ਰੀਮਤੀ ਜਸਬੀਰ ਕੌਰ, ਸਰਪੰਚ ਫਿਰੋਜਪੁਰ ਰਾਜੀਵ ਕੁਮਾਰ ਅਤੇ ਸਰਪੰਚ ਕੁੰਢੇ ਗੁਰਨਾਮ ਸਿੰਘ ਛੀਨਾ ਨੇ ਵਿਸ਼ਵਾਸ਼ ਦਵਾਇਆ ਕਿ ਜ਼ਿਲਾ ਪਠਾਨਕੋਟ ਨੂੰ ਪੰਜਵੀਂ ਵਾਰ ਪ੍ਰਦੂਸ਼ਣ ਮੁਕਤ ਜ਼ਿਲਾ ਬਣਾਉਣ ਲਈ ਕਿਸਾਨਾਂ ਨੂੰ ਇਸ ਸੰਬੰਧੀ ਪ੍ਰੇਰਿਤ ਕੀਤਾ ਜਾਵੇਗਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …