ਕਿਸੇ ਵੀ ਸਿਆਸੀ ਆਗੂ ਨੂੰ ਸਟੇਜ਼ ਤੋਂ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ – ਲੱਡਾ
ਧੂਰੀ, 1 ਅਕਤੂਬਰ (ਪ੍ਰਵੀਨ ਗਰਗ) – ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿਲਾਂ ਤੋਂ ਬਾਅਦ ਰਾਸ਼ਟਰਪਤੀ ਦੀ ਮੰਨਜੂਰੀ ਲੈ ਕੇ ਬਣਾਏ ਗਏ ਕਾਨੂੰਨ ਦੇ ਵਿਰੋਧ
ਵਿੱਚ ਭਾਜਪਾ ਦੀ ਕੇਂਦਰ ਸਰਕਾਰ ਖਿਲਾਫ ਬੀਤੇ ਕੁੱਝ ਦਿਨਾਂ ਤੋਂ ਵੱਖ-ਵੱਖ ਕਿਸਾਨ ਜੱਥੇਬੰਦੀਆਂ ਦਾ ਰੋਸ ਵੱਧਦਾ ਹੀ ਜਾ ਰਿਹਾ ਹੈ।
ਇਸੇ ਲੜੀ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਧੂਰੀ ਇਕਾਈ ਵੱਲੋਂ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ ਦੀ ਅਗਵਾਈ ਹੇਠ ਧੂਰੀ-ਸੰਗਰੂਰ ਮੁੱਖ ਮਾਰਗ ‘ਤੇ ਪਿੰਡ ਬੇਨੜਾ ਵਿਖੇ ਬਣੇ ਰਿਲਾਇੰਸ ਪੰਪ ਨੂੰ ਬੰਦ ਕਰਦਿਆਂ ਪੰਪ ‘ਤੇ ਧਰਨਾ ਲਗਾਇਆ ਗਿਆ ਹੈ।ਜ਼ਿਲਾ੍ਹ ਸੰਗਠਨ ਸਕੱਤਰ ਹਰਪਾਲ ਸਿੰਘ ਪੇਧਨੀ ਅਤੇ ਹਰਬੰਸ ਸਿੰਘ ਲੱਡਾ ਨੇ ਦੱਸਿਆ ਕਿ ਉਹਨਾਂ ਦੀ ਜੱਥੇਬੰਦੀ ਵੱਲੋਂ ਮੋਦੀ ਸਰਕਾਰ ਦੇ ਹਮਾਇਤੀ ਕਾਰਪੋਰੇਟ ਘਰਾਣਿਆਂ ਨੂੰ ਸੇਕ ਲਵਾਉਣ ਲਈ ਇਹ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਫਿਲਹਾਲ 7 ਅਕਤੂਬਰ ਤੱਕ ਇਸੇ ਪੰਪ ‘ਤੇ ਦਿਨ-ਰਾਤ ਧਰਨਾ ਜਾਰੀ ਰਹੇਗਾ ਅਤੇ ਜੇਕਰ ਕੇਂਦਰ ਸਰਕਾਰ ਨੇ ਕਿਸਾਨਾਂ ਦਾ ਮਸਲਾ ਵਿਚਾਰਦੇ ਹੋਏ ਖੇਤੀ ਬਿਲਾਂ ਸਬੰਧੀ ਬਣਾਏ ਕਾਲੇ ਕਾਨੂੰਨ ਰੱਦ ਨਾ ਕੀਤੇ ਤਾਂ ਕਾਰਪੋਰੇਟ ਲੁਟੇਰਿਆਂ ਦੀ ਜੁੰਡਲੀ ਖਿਲਾਫ ਅਣਮਿੱਥੇ ਸਮੇਂ ਲਈ ਪੱਕੇ ਤੌਰ ‘ਤੇ ਸੰਘਰਸ਼ ਵਿੱਢੇ ਜਾਣਗੇ। ਉਹਨਾਂ ਕਿਹਾ ਕਿ ਰਿਲਾਇੰਸ ਨਾਲ ਸਬੰਧਤ ਪੰਪਾਂ ਨੂੰ ਮੋਦੀ ਦੇ ਹਮਾਇਤੀ ਅੰਬਾਨੀ ਗਰੁੱਪ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਪਾਸ ਕੀਤੇ ਖੇਤੀ ਬਿਲਾਂ ਦੇ ਕਾਲੇ ਕਾਨੂੰਨ ਦਾ ਲਾਭ ਵੀ ਆਉਣ ਵਾਲੇ ਸਮੇਂ ਵਿੱਚ ਇਹਨਾਂ ਘਰਾਣਿਆਂ ਨੂੰ ਹੀ ਮਿਲੇਗਾ। ਇਸ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਸਾਨਾਂ ਦੀ ਅਵਾਜ਼ ਕੇਂਦਰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਮਜਬੂਰਨ ਇਹ ਫੈਸਲਾ ਲਿਆ ਹੈ ਅਤੇ ਇਹ ਸੰਘਰਸ਼ ਬੇ-ਖੌਫ ਜਾਰੀ ਰਹੇਗਾ।ਉਹਨਾਂ ਕਿਹਾ ਕਿ ਜੱਥੇਬੰਦੀ ਦੇ ਇਹਨਾਂ ਧਰਨਿਆਂ ਉੱਪਰ ਕਿਸੇ ਵੀ ਸਿਆਸੀ ਆਗੂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ।
ਇਸ ਮੌਕੇ ਹਰਬੰਸ ਸਿੰਘ ਲੱਡਾ, ਹਰਪਾਲ ਸਿੰਘ ਪੇਧਨੀ ਤੋਂ ਇਲਾਵਾ ਮਨਜੀਤ ਸਿੰਘ ਪ੍ਰੈਸ ਸਕੱਤਰ, ਬਲਵਿੰਦਰ ਸਿੰਘ, ਰਾਮ ਸਿੰਘ ਅਤੇ ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media