ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਸਿੰਘ) – ਪਿੰਡ ਚੌਹਾਨ ਦੇ ਕਿਸਾਨ ਰੂੜ ਸਿੰਘ, ਜੋ ਕਿ ਕਰੀਬ ਤਿੰਨ ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਨੇ ਕਿਸਾਨਾਂ ਨੂੰ

ਅਪੀਲ ਕੀਤੀ ਕਿ ਉਹ ਜ਼ਮੀਨ ਤੇ ਵਾਤਾਵਰਣ ਦੀ ਸੰਭਾਲ ਲਈ ਪਰਾਲੀ ਨੂੰ ਖੇਤਾਂ ਵਿਚ ਵਾਹੁਣ ਜਾਂ ਚਾਰੇ ਲਈ ਇਕੱਠਾ ਕਰਨ।ਉਨਾਂ ਦੱਸਿਆ ਕਿ ਇਕ ਏਕੜ ਦੀਆਂ ਗੱਠਾਂ ਬੰਨਣ ‘ਤੇ 1000 ਰੁਪਏ ਦਾ ਖਰਚਾ ਆਉਂਦਾ ਹੈ। ਜੇ ਇਸ ਨੂੰ ਚਾਰੇ ਦੇ ਤੌਰ ‘ਤੇ ਵਰਤ ਲਿਆ ਜਾਵੇ ਤਾਂ ਵੀ ਇਕ ਹਜ਼ਾਰ ਜ਼ਿਆਦਾ ਨਹੀਂ ਅਤੇ ਜੇਕਰ ਪਰਾਲੀ ਨੂੰ ਵੇਚ ਲਿਆ ਜਾਵੇ ਤਾਂ ਵੀ ਪੈਸਾ ਵੱਧ ਮਿਲ ਜਾਂਦਾ ਹੈ।ਉਨਾਂ ਦੱਸਿਆ ਕਿ ਉਹ ਕਰੀਬ 50 ਕਿੱਲਿਆਂ ਦੀ ਖੇਤੀ ਕਰਦੇ ਹਨ ਅਤੇ ਤਿੰਨ ਸਾਲ ਤੋਂ ਪਰਾਲੀ ਦੀਆਂ ਗੱਠਾਂ ਬੰਨ ਰਹੇ ਹਨ।ਇਸ ਤਰਾਂ ਇਕੱਠੀ ਕੀਤੀ ਪਰਾਲੀ ਪਸ਼ੂਆਂ ਦੇ ਚਾਰੇ ਲਈ ਵਰਤੀ ਜਾ ਸਕਦੀ ਹੈ, ਗੱਤਾ ਮਿਲ ਨੂੰ ਵੇਚੀ ਜਾ ਸਕਦੀ ਹੈ ਅਤੇ ਪਰਾਲੀ ਦੀਆਂ ਗੱਠਾਂ ਬੰਨਣ ਵਾਲੇ ਵੀ ਚੁੱਕ ਲੈਂਦੇ ਹਨ।ਉਨਾਂ ਕਿਹਾ ਕਿ ਪਰਾਲੀ ਦੀਆਂ ਗੱਠਾਂ ਬੰਨਣੀਆਂ ਹੋਣ ਜਾਂ ਅੱਗ ਲਗਾਉਣੀ ਹੋਵੇ, ਕਟਰ ਤਾਂ ਚਲਾਉਣਾ ਹੀ ਪੈਂਦਾ ਹੈ, ਜਿਸ ਉਤੇ 700 ਰੁਪਏ ਪ੍ਰਤੀ ਏਕੜਾ ਦਾ ਖਰਚਾ ਆਉਂਦਾ ਹੈ।ਜੇਕਰ ਇਸ ਨੂੰ ਅੱਗ ਲਗਾ ਦਿੱਤੀ ਜਾਵੇ ਤਾਂ ਸਾਰੀ ਪਰਾਲੀ ਸੜਕੇ ਰਾਖ ਹੋ ਜਾਂਦੀ ਹੈ ਅਤੇ ਨਾਲ ਜ਼ਮੀਨ ਦੇ ਮਿਤਰ ਕੀੜੇ, ਜੈਵਿਕ ਮਾਦਾ ਵੀ ਸੁਆਹ ਹੋ ਜਾਂਦਾ ਹੈ।ਇਸ ਦਾ ਅਗਲੀ ਫਸਲ ਜਾਂ ਜ਼ਮੀਨ ਨੂੰ ਨੁਕਸਾਨ ਹੀ ਹੁੰਦਾ ਹੈ, ਕੋਈ ਫਾਇਦਾ ਨਹੀਂ।ਪਰ ਜੇਕਰ ਇਸ ਨੂੰ ਜ਼ਮੀਨ ਵਿਚ ਵਾਹ ਦਿੱਤਾ ਜਾਂਦਾ ਹੈ ਤਾਂ ਇਸ ਜੈਵਿਕ ਮਾਦੇ ਨਾਲ ਕਣਕ ਅਤੇ ਉਸ ਤੋਂ ਵੀ ਬਾਅਦ ਬੀਜੀ ਜਾਣ ਵਾਲੀ ਫਸਲ ਲਈ ਨਾਇਟਰੋਜ਼ਨ ਦੀ ਘੱਟ ਲੋੜ ਪੈਂਦੀ ਹੈ, ਜ਼ਮੀਨ ਨਰਮ ਰਹਿੰਦੀ ਹੈ, ਮੀਂਹ ਦਾ ਪਾਣੀ ਵੀ ਵਿੱਚ ਹੀ ਜਜ਼ਬ ਕਰ ਲੈਂਦੀ ਹੈ।ਇਸ ਤਰਾਂ ਸਾਲ ਦਰ ਸਾਲ ਕਰਨ ਨਾਲ ਜ਼ਮੀਨ ਉਪਜਾਊ ਹੁੰਦੀ ਹੈ, ਨਾ ਕਿ ਬਜ਼ਰ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੇਵਲ 1000/- ਦੇ ਖਰਚ ਪਿੱਛੇ ਅੱਗ ਨਾ ਲਗਾਉਣ ਬਲਿਕ ਪਰਾਲੀ ਨੂੰ ਖੇਤ ਵਿਚ ਹੀ ਵਾਹਉਣ ਜਾਂ ਚਾਰੇ ਲਈ ਵਰਤਣ।
Punjab Post Daily Online Newspaper & Print Media