Friday, April 24, 2026

ਹੌਲੀ ਸਿਟੀ ਵੂਮੈਨ ਵੈਲਫੇਅਰ ਸੁਸਾਇਟੀ ਨੇ ਬਹਾਦਰ ਧੀਆਂ ਨੂੰ ਸਨਮਾਨਿਤ ਕਰਨ ਦੀ ਕੀਤੀ ਮੰਗ

ਬਹਾਦਰ ਤੇ ਨਿਡਰ ਧੀਆਂ ਕੁਸੁਮ ਤੇ ਪਰਮਿੰਦਰ ਨੂੰ ਮਿਲੇ ਸੂਬਾ ਤੇ ਕੌਮੀ ਸਨਮਾਨ
ਅੰਮ੍ਰਿਤਸਰ, 18 ਅਕਤੂਬਰ (ਸੰਧੂ) – ਕੁੱਝ ਸਮਾਂ ਪਹਿਲਾਂ ਜਲੰਧਰ ਵਿਖੇ ਲੁੱਟ ਖੋਹ ਕਰਨ ਵਾਲੇ ਲੁਟੇਰਿਆਂ ਦਾ ਸੜਕ ‘ਤੇ ਦ੍ਰਿੜਤਾ ਨਾਲ ਮੁਕਾਬਲਾ ਕਰਨ ਵਾਲੀ ਜੁਡੋ ਕਰਾਟੇ ਖਿਡਾਰਣ ਕੁਸੁਮ ਅਤੇ ਬਠਿੰਡਾ ਵਿਖੇ ਲੁਟੇਰਿਆਂ ਨਾਲ ਲੋਹਾ ਲੈਣ ਵਾਲੀ ਵਿਦਿਆਰਥਣ ਪਰਮਿੰਦਰ ਕੌਰ ਦੀ ਬੇਮਿਸਾਲ ਬਹਾਦਰੀ ਨੂੰ ਸਲਾਮ ਕਰਦਿਆਂ ਹੌਲੀ ਸਿਟੀ ਵੂਮੈਨ ਵੈਲਫੇਅਰ ਸੁਸਾਇਟੀ (ਅੰਮ੍ਰਿਤਸਰ) ਪੰਜਾਬ ਨੇ ਦੋਨਾਂ ਨੂੰ ਕੌਮੀ ਤੇ ਸੂਬਾ ਪੱਧਰੀ ਸਨਮਾਨ ਦੇਣ ਦੀ ਮੰਗ ਕੀਤੀ ਹੈ।
                 ਸੁਸਾਇਟੀ ਦੀ ਸੂਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੌਰ ਸੰਧੂ ਅਤੇ ਕੋਅਰਡੀਨੇਟਰ ਮੈਡਮ ਬਿਊਟੀ ਸਿੰਘ ਨੇ ਕਿਹਾ ਹੈ ਕਿ ਦੋਵੇਂ ਬਹਾਦਰ ਧੀਆਂ ਨੂੰ ਉਨ੍ਹਾਂ ਦੀ ਸੰਸਥਾ ਵੱਲੋਂ ਜਿਥੇ ਇਸ ਵਰ੍ਹੇ ਵਿਸ਼ੇਸ ਤੌਰ `ਤੇ ਸਨਮਾਨਿਤ ਕੀਤਾ ਜਾਵੇਗਾ, ਉਥੇ 7 ਮਾਰਚ 2021 ਨੂੰ ਮਹਿਲਾ ਦਿਵਸ ਮੌਕੇ ਐਵਾਰਡ ਦੇ ਕੇ ਨਿਵਾਜ਼ਿਆ ਜਾਵੇਗਾ।ਉਨ੍ਹਾਂ ਕਿਹਾ ਕਿ ਧੀਆਂ ਕੁਸੁਮ ਅਤੇ ਪਰਮਿੰਦਰ ਕੌਰ ਦੀ ਬਹਾਦਰੀ ਜਿਥੇ ਸਮਾਜ ਲਈ ਇਕ ਮਿਸਾਲ ਹੈ, ਉਥੇ ਉਹ ਨਾਰੀ ਜਾਤੀ ਦਾ ਸਨਮਾਨ ਹੋ ਨਿਬੜ੍ਹੀਆਂ ਹਨ।ਦੋਵਾਂ ਨੇ ਆਪਣੀ ਜਾਨ ਮਾਲ ਦੀ ਪ੍ਰਵਾਹ ਨਾ ਕਰਦੇ ਹੋਏ ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਉਨ੍ਹਾਂ ਨੂੰ ਸਲਾਖਾ ਪਿੱਛੇ ਪਹੁੰਚਾਉਣ ਵਿੱਚ ਕੋਈ ਕਸਰ ਨਹੀ ਛੱਡੀ।
                  ਉਨ੍ਹਾਂ ਪੰਜਾਬ ਦੀਆਂ ਹੋਰ ਵੀ ਮਹਿਲਾ ਸਮਾਜ ਸੇਵੀ ਸੰਸਥਾਵਾਂ ਤੇ ਹਮਖਿਆਲੀਆਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਧੀਆਂ ਦੇ ਮਾਨ ਸਨਮਾਨ ਲਈ ਉਪਰਾਲੇ ਹੋਣੇ ਸਮੇਂ ਦੀ ਲੋੜ੍ਹ ਹੈ।ਇਸ ਹੌਸਲਾ ਅਫਜ਼ਾਈ ਨਾਲ ਧੀਆਂ ਦਾ ਆਤਮ ਵਿਸ਼ਵਾਸ਼ ਵੱਧਦਾ ਹੈ।
                 ਦੱਸਣਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਜਲੰਧਰ ਵਿਖੇ ਜੁਡੋ ਕਰਾਟੇ ਖਿਡਾਰਨ ਕੁਸੁਮ ਕੋਲੋ ਲੁਟੇਰਿਆਂ ਨੇ ਮੋਬਾਇਲ ਖੋਹਣ ਦੀ ਕੋਸ਼ਿਸ ਕੀਤੀ ਸੀ।ਜਿਸ ਦਾ ਉਸ ਵੱਲੋ ਡਟ ਕੇ ਵਿਰੋਧ ਕਰਨ ਦੇ ਨਾਲ-ਨਾਲ ਬਹਾਦਰੀ ਨਾਲ ਮੁਕਾਬਲਾ ਵੀ ਕੀਤਾ ਗਿਆ ਸੀ।ਇਸੇ ਤਰ੍ਹਾਂ ਬਠਿੰਡਾ ਵਿਖੇ ਵਿਦਿਆਰਥਣ ਪਰਮਿੰਦਰ ਕੌਰ ਕੋਲੋ ਲੁਟੇਰਿਆਂ ਨੇ ਹਜਾਰਾਂ ਰੁਪਏ ਦੀ ਨਗਦੀ ਵਾਲਾ ਬੈਗ ਖੋਹਣ ਦੀ ਕੋਸ਼ਿਸ ‘ਚ ਵਿਦਿਆਰਥਣ ਦੀ ਬਹਾਦਰੀ ਅਤੇ ਨਿਡਰਤਾ ਦੇ ਕਾਰਨ ਲੁਟੇਰੇ ਅਸਫਲ ਹੀ ਨਹੀ ਹੋਏ ਬਲਕਿ ਰਾਹਗੀਰਾਂ ਦੀ ਮੱਦਦ ਨਾਲ ਪੁਲਿਸ ਹਵਾਲੇ ਵੀ ਕੀਤੇ ਗਏ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …