ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਨੇ ਧਰਨਾਕਾਰੀਆਂ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਦੇ ਉਲੰਘਣ ਤੇ ਮੁਲਾਜ਼ਮਾਂ ’ਤੇ ਹਮਲੇ ਦੇ ਲਾਏ ਦੋਸ਼
ਅੰਮ੍ਰਿਤਸਰ, 25 ਅਕਤੂਬਰ (ਪੰਜਾਬ ਪੋਸਟ ਬਿਊਰੋ) – ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ‘ਚ ਸ਼੍ਰੋਮਣੀ ਕਮੇਟੀ ਦਫਤਰ ਦੇ ਮੂਹਰੇ ਧਰਨੇ ‘ਤੇ ਬੈਠੇ ਸਤਿਕਾਰ ਕਮੇਟੀ ਜਥੇਬੰਦੀ ਵਲੋਂ ਕਮੇਟੀ ਦਫਤਰ ਦੇ ਗੇਟ ਨੂੰ ਤਾਲਾ ਲਗਾ ਦੇਣ ਨਾਲ ਹਿੰਸਕ ਝੜਪ ਹੋ ਗਈ।ਜਿਸ ਦੌਰਾਨ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਸਮੇਤ ਕਈ ਵਿਅਕਤੀ ਜਖਮੀ ਹੋ ਗਏ।ਇਸ ਘਟਨਾ ਸਬੰਧੀ ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਨੇ ਜਾਰੀ ਬਿਆਨ ‘ਚ ਕਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਸਾਹਮਣੇ ਬੀਤੇ ਕਈ ਦਿਨਾਂ ਤੋਂ ਧਰਨਾ ਲਗਾਈ ਬੈਠੇ ਲੋਕਾਂ ਵੱਲੋਂ ਲਗਾਤਾਰ ਹੁੱਲੜਬਾਜ਼ੀ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਨੇ ਅੱਜ ਸ਼੍ਰੋਮਣੀ ਕਮੇਟੀ ਮੈਂਬਰਾਂ ’ਤੇ ਕਿਰਪਾਨਾਂ ਨਾਲ ਜਾਨਲੇਵਾ ਹਮਲਾ ਕੀਤਾ ਹੈ।ਧਰਨਾਕਾਰੀਆਂ ਦੀ ਇਸ ਹਰਕਤ ਨਾਲ ਸ਼੍ਰੋਮਣੀ ਕਮੇਟੀ ਦੇ ਕਈ ਮੁਲਾਜ਼ਮ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।ਉਨਾਂ ਕਿਹਾ ਕਿ ਧਰਨਾਕਾਰੀਆਂ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ’ਤੇ ਕਿਰਪਾਨਾਂ ਨਾਲ ਜਾਨਲੇਵਾ ਹਮਲੇ ਵਿੱਚ ਜ਼ਖ਼ਮੀ ਹੋਏ ਮੁਲਾਜ਼ਮਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਉਧਰ ਸਤਿਕਾਰ ਕਮੇਟੀ ਦੇ ਭਾਈ ਬਲਬੀਰ ਸਿੰਘ ਮੁੱਛਲ ਨੇ ਕਿਹਾ ਹੈ ਕਿ ਪਾਲਕੀ ਸਾਹਿਬ ਦੀ ਸੇਵਾ ਸਮੇਂ ਸੁਖਜੀਤ ਸਿੰਘ ਖੋਸਾ ਦਾ ਦੁਮਾਲਾ ਇਕ ਸ਼੍ਰੋਮਣੀ ਕਮੇਟੀ ਮੁਲਾਜ਼ਮ ਨੇ ਲਾਹ ਦਿੱਤਾ ਸੀ।ਜਿਸ ਕਰਕੇ ਉਸ ਨੇ ਸ਼੍ਰੋਮਣੀ ਕਮੇਟੀ ਦਫਤਰ ਨੂੰ ਤਾਲਾ ਲਾ ਦਿੱਤਾ।ਉਨਾਂ ਕਿਹਾ ਕਿ ਉਹ ਸ਼ਾਂਤਮਈ ਤਰੀਕੇ ਨਾਲ ਧਰਨੇ ‘ਤੇ ਬੈਠੇ ਸਨ ਕਿ ਸ਼੍ਰੋਮਣੀ ਕਮੇਟੀ ਅਹੁਦੇਦਾਰ ਤੇ ਮੁਲਾਜ਼ਮ ਸੁਖਜੀਤ ਸਿੰਘ ਖੋਸਾ ਤੇ ਹੋਰਾਂ ਨੂੰ ਧੂਹ ਕੇ ਅੰਦਰ ਲੈ ਗਏ ਤੇ ਕਾਫੀ ਕੁੱਟਮਾਰ ਕੀਤੀ।ਜਿਸ ਨਾਲ ਭਾਈ ਦਿਲਬਾਗ ਸਿੰਘ ਸਮੇਤ ਉਨਾਂ ਦੇ 3 ਸਿੰਘ ਜਖਮੀ ਹੋ ਗਏ।ਇਹਨਾਂ ਜਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਗੁਰਬਖ਼ਸ਼ ਸਿੰਘ ਖ਼ਾਲਸਾ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ, ਮੈਂਬਰਾਨ ਸੁਰਜੀਤ ਸਿੰਘ ਭਿੱਟੇਵਡ, ਭਾਈ ਰਾਮ ਸਿੰਘ ਤੇ ਭਾਈ ਅਜਾਇਬ ਸਿੰਘ ਅਭਿਆਸੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਇਹ ਧਰਨਾਕਾਰੀ ਬੀਤੇ ਕਈ ਦਿਨਾਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਮਰਯਾਦਾ ਵਿਚ ਦਖ਼ਲ ਦਿੰਦੇ ਆ ਰਹੇ ਹਨ ਅਤੇ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਮੁਲਾਜ਼ਮਾਂ ਨੂੰ ਗਾਲੀ-ਗਲੋਚ ਵੀ ਕਰ ਰਹੇ ਹਨ।ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਨੇ ਕਿਹਾ ਕਿ ਧਰਨਾ ਲਗਾਉਣ ਵਾਲੇ ਵਿਅਕਤੀ, ਜਿਨ੍ਹਾਂ ਵਿੱਚ ਸੁਖਜੀਤ ਸਿੰਘ ਖੋਸਾ, ਬਲਬੀਰ ਸਿੰਘ ਮੁੱਛਲ, ਦਿਲਬਾਗ ਸਿੰਘ, ਪਰਮਜੀਤ ਸਿੰਘ ਅਕਾਲੀ, ਮਨਜੀਤ ਸਿੰਘ ਝਬਾਲ, ਲਖਬੀਰ ਸਿੰਘ ਮੁਹਾਲਮ ਆਦਿ ਮੌਜੂਦ ਹਨ, ਬੀਤੇ ਕਈ ਦਿਨਾਂ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਿੱਚ ਦਖ਼ਲ ਦੇਣ ਦੇ ਨਾਲ-ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਨ ਆਉਂਦੀਆਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਸੱਟ ਮਾਰ ਰਹੇ ਹਨ।
ਅਹੁਦੇਦਾਰਾਂ ਨੇ ਕਿਹਾ ਕਿ ਅੱਜ ਇਨ੍ਹਾਂ ਲੋਕਾਂ ਦੀ ਸ਼ਹਿ ’ਤੇ ਕੁੱਝ ਵਿਅਕਤੀਆਂ ਨੇ ਸਵੇਰ ਤੋਂ ਲੈ ਕੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਸ਼ਰ੍ਹੇਆਮ ਗਾਲੀ-ਗਲੋਚ ਕਰਦੇ ਰਹੇ, ਜਿਸ ਨਾਲ ਮੁਲਾਜ਼ਮਾਂ ਦੀ ਮਾਨਸਿਕ ਅਵਸਥਾ ਪੀੜਤ ਹੋਈ।ਇਸ ’ਤੇ ਜਦੋਂ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਅਧਿਕਾਰੀਆਂ ਨੇ ਇਨ੍ਹਾਂ ਨੂੰ ਸਤਿਕਾਰ ਨਾਲ ਸਮਝਾਉਣ ਦੀ ਬੇਨਤੀ ਕੀਤੀ ਤਾਂ ਇਨ੍ਹਾਂ ਨੇ ਨੰਗੀਆਂ ਕਿਰਪਾਨਾਂ ਨਾਲ ਮੁਲਾਜ਼ਮਾਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਕਈ ਮੁਲਾਜ਼ਮਾਂ ਨੂੰ ਭਾਰੀ ਸੱਟਾਂ ਲੱਗੀਆਂ ਜੋ ਹਸਪਤਾਲ ਵਿਚ ਜ਼ੇਰੇ ਇਲਾਜ਼ ਹਨ। ਇਕ ਮੁਲਾਜ਼ਮ ਦੀ ਹਾਲਤ ਬਹੁਤ ਗੰਭੀਰ ਹੈ।
ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ ਸਰਕਾਰ ਨੂੰ ਧਰਨਾ ਉਠਾਉਣ ਲਈ ਕਈ ਵਾਰ ਲਿਖਿਆ ਹੈ ਅਤੇ ਇਹ ਵੀ ਦੱਸਿਆ ਹੈ ਕਿ ਇਨ੍ਹਾਂ ਦੀਆਂ ਕਾਰਵਾਈਆਂ ਕਾਰਨ ਮਾਹੌਲ ਖਰਾਬ ਹੋ ਸਕਦਾ ਹੈ, ਪ੍ਰੰਤੂ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ।ਜੋ ਸਰਕਾਰ ਦੀ ਭੂਮਿਕਾ ‘ਤੇ ਵੀ ਸਵਾਲ ਪੈਦਾ ਕਰਦੀ ਹੈ।ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਨੇ ਆਖਿਆ ਕਿ ਦੋਸ਼ੀਆਂ ਖਿਲਾਫ਼ ਸ਼੍ਰੋਮਣੀ ਕਮੇਟੀ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਇਨ੍ਹਾਂ ਅਹੁਦੇਦਾਰਾਂ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਇਕ ਬੇਨਤੀ ਪੱਤਰ ਦਿੱਤਾ, ਜਿਸ ਵਿਚ ਧਰਨਾਕਾਰੀਆਂ ਵੱਲੋਂ ਕੀਤੀ ਗਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ ਦੀ ਉਲੰਘਣਾ ਅਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਤਹਿਤ ਪੰਜ ਸਿੰਘ ਸਾਹਿਬਾਨ ਦੀ ਹੰਗਾਮੀ ਮੀਟਿੰਗ ਬੁਲਾ ਕੇ ਪੰਥਕ ਮਰਯਾਦਾ ਅਨੁਸਾਰ ਕਾਰਵਾਈ ਕਰਨ ਦੀ ਅਪੀਲ ਕੀਤੀ।
ਉਧਰ ਡੀ.ਸੀ.ਪੀ ਜਗਮੋਹਨ ਸਿੰਘ ਨੇ ਬਾਅਦ ‘ਚ ਪੁਲਿਸ ਅਧਿਕਾਰੀਆਂ ਸਮੇਤ ਸ਼੍ਰੋਮਣੀ ਕਮੇਟੀ ਦਫਤਰ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।