Sunday, April 5, 2026

ਵੇਰਕਾ ਵੱਲੋਂ ‘ਪੀਉ’ ਅੰਤਰਰਾਸ਼ਟਰੀ ਮੰਡੀ ਲਈ ਨਵੀਂ ਪੈਕਿੰਗ ਲਾਂਚ

ਦੁੱਧ ਦਾ ਧੰਦਾ ਕਿਰਸਾਨੀ ਨੂੰ ਬਚਾਉਣ ਦੀ ਸਮਰੱਥਾ ਰੱਖਦਾ – ਰੰਧਾਵਾ

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ) – ਉਤਰੀ ਭਾਰਤ ਦਾ ਪ੍ਰਮੁੱਖ ਸਹਿਕਾਰੀ ਅਦਾਰਾ ‘ਵੇਰਕਾ’ ਜੋ ਕਿ ਕਰੀਬ 55 ਸਾਲਾਂ ਤੋਂ ਖਪਤਕਾਰਾਂ ਨੂੰ ਚੰਗੀ ਕੁਆਲਟੀ ਦਾ ਦੁੱਧ ਅਤੇ ਦੁੱਧ ਉਤਪਾਦ ਮੁਹੱਈਆ ਕਰਵਾ ਰਿਹਾ ਹੈ, ਨੇ ਆਪਣੇ ਸਵਾਦਿਸ਼ਟ ਦੁੱਧ, ਜੋ ਕਿ ਵੱਖ-ਵੱਖ ਸਵਾਦਾਂ ਵਿਚ ਤਿਆਰ ਹੋ ਕੇ ਕੱਚ ਦੀ ਬੋਤਲ ਵਿਚ ‘ਪੀਉ’ ਦੇ ਨਾਮ ਨਾਲ ਵੇਚਿਆ ਜਾ ਰਿਹਾ ਸੀ, ਨੂੰ ਅੰਤਰਰਾਸ਼ਟਰੀ ਮੰਡੀ ਤੱਕ ਪੁੱਜਦਾ ਕਰਨ ਲਈ ਨਵੀਂ ਪੀ.ਪੀ ਪੈਕਿੰਗ ਵਿੱਚ ਲਾਂਚ ਕੀਤਾ ਹੈ।ਅੱਜ ਵੇਰਕਾ ਸਥਿਤ ਪਲਾਂਟ ਵਿੱਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਐਮ.ਡੀ ਕਮਲਦੀਪ ਸਿੰਘ ਸੰਘਾ,                  ਚੇਅਰਮੈਨ ਨਰਿੰਦਰ ਸਿੰਘ ਵਾਂਸਲ, ਜੀ.ਐਮ ਹਰਮਿੰਦਰ ਸਿੰਘ ਸੰਧੂ ਵੱਲੋਂ ਸਾਂਝੇ ਤੌਰ ‘ਤੇ ਇਹ ਉਤਪਾਦ ਬਜ਼ਾਰ ਵਿਚ ਉਤਾਰਿਆ ਗਿਆ।
ਇਸ ਮੌਕੇ ਬੋਲਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਪੈਕਿੰਗ ਲੰਮੀ ਦੂਰੀ ਤੱਕ ਭੇਜਣ ਲਈ ਤਿਆਰ ਕੀਤੀ ਗਈ ਹੈ।ਉਨਾਂ ਕਿਹਾ ਕਿ ਵੇਰਕਾ ਵੱਲੋਂ ਕੋਰੋਨਾ ਸੰਕਟ ਦੇ ਬਾਵਜ਼ੂਦ ਪਿਛਲੇ ਸਾਲ ਨਾਲੋਂ 25 ਫੀਸਦੀ ਵੱਧ ਦੁੱਧ ਪ੍ਰੋਸੈਸ ਕੀਤਾ ਜਾ ਰਿਹਾ ਹੈ ਅਤੇ ਵੇਰਕਾ ਨੇ ਹਮੇਸ਼ਾਂ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜੀ ਹੈ।ਕੋਰੋਨਾ ਵਿਚ ਸਰੀਰ ਦੀ ਅੰਦਰੂਨੀ ਤਾਕਤ ਵਧਾਉਣ ਲਈ ਹਲਦੀ ਵਾਲਾ ਦੁੱਧ ਵੀ ਲਾਂਚ ਕੀਤਾ ਗਿਆ ਸੀ, ਜਿਸ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਚੰਗੇ ਅਕਸ ਵਾਲੇ ਲੋਕਾਂ ਨੂੰ ਸਹਿਕਾਰੀ ਅਦਾਰਿਆਂ ਦੇ ਪ੍ਰਬੰਧ ਵਿਚ ਅੱਗੇ ਲੈ ਕੇ ਆਉਣ, ਤਾਂ ਜੋ ਕਿਸਾਨ ਦਾ ਆਰਥਿਕ ਵਿਕਾਸ ਹੋ ਸਕੇ।
                 ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਜਿਸ ਤਰਾਂ ਰੰਧਾਵਾ ਬਤੌਰ ਮੰਤਰੀ ਇਸ ਅਦਾਰੇ ਲਈ ਕੰਮ ਕਰ ਰਹੇ ਹਨ, ਉਸ ਨਾਲ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।ਮਿਲਕਫੈਡ ਦੇ ਐਮ.ਡੀ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਵੇਰਕਾ ਨੇ ਕੋਰੋਨਾ ਤੋਂ ਪਹਿਲਾਂ 13 ਫੀਸਦੀ ਦਾ ਵਾਧਾ ਦਰਜ਼ ਕੀਤਾ ਸੀ, ਜੋ ਕਿ ਇਕ ਰਿਕਾਰਡ ਹੈ ਅਤੇ ਕੋਰੋਨਾ ਵਿਚ ਕੁੱਝ ਦਿਨ ਦਿਕਤ ਆਉਣ ਮਗਰੋਂ ਅਸੀਂ ਮੁੜ ਪੈਰਾਂ ਸਿਰ ਖੜੇ ਹੋਏ ਹਾਂ ਅਤੇ ਅਗਲੇ ਕੁੱਝ ਮਹੀਨਿਆਂ ਤੱਕ 13 ਫੀਸਦੀ ਤੋਂ ਵੱਧ ਵਾਧਾ ਦਰਜ਼ ਕਰਾਂਗੇ।ਉਨਾਂ ਦੱਸਿਆ ਕਿ ਦੁੱਧ, ਘਿਉ, ਆਈਸ ਕਰੀਮ ਅਤੇ ਪੀਉ ਦੀ ਸੇਲ ਵਿਚ ਕ੍ਰਮਵਾਰ 121, 50, 21 ਅਤੇ 10 ਪ੍ਰਤੀਸ਼ਤ ਦਾ ਵਾਧਾ ਜੁਲਾਈ ਤੋਂ ਸਤੰਬਰ 2020 ਤੱਕ ਦਰਜ਼ ਕੀਤਾ ਗਿਆ ਹੈ।ਚੇਅਰਮੈਨ ਨਰਿੰਦਰ ਸਿੰਘ ਵਾਂਸਲ ਨੇ ਇਸ ਮੌਕੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।
                ਇਸ ਮੌਕੇ ਕਾਂਗਰਸ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਮੇਅਰ ਕਰਮਜੀਤ ਸਿੰਘ ਰਿੰਟੂ, ਚੇਅਰਮੈਨ ਬੱਸੀ, ਨਵਦੀਪ ਸਿੰਘ, ਯਾਦਵਿੰਦਰ ਸਿੰਘ, ਗੁਰਬਿੰਦਰ ਸਿੰਘ, ਦਲਜੀਤ ਸਿੰਘ, ਰਤਨ ਸਿੰਘ, ਅਜੈਬ ਸਿੰਘ, ਮੈਨੇਜਰ ਮਾਰਕਟਿੰਗ ਪੀ.ਪੀ ਸਿੰਘ, ਮੈਨੇਜਰ ਪਰਚੇਜ਼ ਗੁਰਦੇਵ ਸਿੰਘ ਸੰਧੂ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …