ਯੂਨੀਵਰਸਿਟੀ `ਚ ਸਥਾਪਤ ਹੋਣਗੀਆਂ ਰਿਹਾਇਸ਼ੀ ਸਪੋਰਟਸ ਅਕਾਦਮੀਆਂ
ਅੰਮ੍ਰਿਤਸਰ, 5 ਨਵੰਬਰ (ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨਵਿਰਸਿਟੀ ਵਿਚ ਦੋ ਰਿਹਾਇਸ਼ੀ ਸਪੋਰਟਸ ਅਕਾਦਮੀਆਂ ਦੀ ਸਥਾਪਨਾ ਲਈ ਭਾਰਤ ਸਰਕਾਰ ਦੇ
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀ ਸਪੋਰਟਸ ਅਥਾਰਟੀ ਆਫ ਇੰਡੀਆ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇਕ ਇਤਿਹਾਸਕ ਸਮਝੌਤਾ ਸਹੀਬੰਦ ਹੋ ਗਿਆ ਹੈ।ਇਨ੍ਹਾਂ ਅਕਾਦਮੀਆਂ `ਚ ਖਿਡਾਰੀਆਂ ਲਈ ਵਿਸ਼ਵ ਪੱਧਰ ਦੀਆਂ ਉਤਮ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ ਨਾਲ ਦੇਸ਼ ਦੇ ਅਥਲੀਟਾਂ ਅਤੇ ਹੋਰ ਖੇਡਾਂ ਦੇ ਖਿਡਾਰੀਆਂ ਨੂੰ ਉਨ੍ਹਾਂ ਦੇ ਖਾਸ ਵਿਸ਼ਿਆ ਵਿਚ ਸਿਖਲਾਈ ਦਿੱਤੀ ਜਾਏਗੀ ਤਾਂ ਜੋ ਵਿਸ਼ਵ ਪੱਧਰੀ ਖੇਡਾਂ ਖਾਸ ਕਰਕੇ ਓਲੰਪਿਕ ਵਿਚ ਭਾਰਤ ਦੇ ਖਿਡਾਰੀ ਮਾਅਰਕੇ ਮਾਰ ਸਕਣ।
ਅੱਜ ਹੋਏ ਇਸ ਸਮਝੌਤੇ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਜਸਪਾਲ ਸਿੰਘ ਸੰਧੂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਸਮਝੌਤੇ ਅਧੀਨ ਸਪੋਰਟਸ ਅਥਾਰਟੀ ਆਫ ਇੰਡੀਆ ਨਵੀਂ ਦਿੱਲੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਖੇਲੋ ਇੰਡੀਆ ਸਕੀਮ ਤਹਿਤ ਦੋ ਖੇਡ ਅਨੁਸ਼ਾਸਨਾਂ ਫੈਂਸਿੰਗ (ਇਸਤਰੀਆਂ ਪੁਰਸ਼) ਅਤੇ ਤੀਰਅੰਦਾਜ਼ੀ (ਇਸਤਰੀਆਂ ਪੁਰਸ਼) ਵਿੱਚ ਰਿਹਾਇਸ਼ੀ ਸਪੋਰਟਸ ਅਕਾਦਮੀਆਂ ਦੀ ਸਥਾਪਨਾ ਕਰੇਗੀ।ਇਹ ਅਕਾਦਮੀਆਂ ਖੇਲੋ ਇੰਡੀਆ ਟੇਲੈਂਟ ਡਿਵੈਲਪਮੈਂਟ ਪ੍ਰੋਗਰਾਮ ਅਧੀਨ 4 ਸਾਲਾਂ ਲਈ ਹਨ।
ਪ੍ਰੋਫੈਸਰ ਸੰਧੂ ਨੇ ਭਾਰਤ ਸਰਕਾਰ ਦੀ ਸਪੋਰਟਸ ਅਥਾਰਟੀ ਆਫ ਇੰਡੀਆ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨਵੀਂ ਦਿੱਲੀ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਖੇਡ ਅਕਾਦਮੀਆਂ ਸਥਾਪਤ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਵਿਸ਼ੇਸ਼ ਸਰਕਾਰੀ ਕਮੇਟੀ ਵੱਲੋਂ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਨ੍ਹਾਂ ਖੇਡ ਅਕਾਦਮੀਆਂ ਦੀ ਸਥਾਪਨਾ ਕੀਤੀ ਗਈ ਹੈ ਜੋ ਦੇਸ਼ ਭਰ ਵਿਚੋਂ ਪ੍ਰਤਿਭਾ ਦੀ ਭਾਲ ਕਰਨ ਅਤੇ ਉਨ੍ਹਾਂ ਨੂੰ ਚੰਗੀ ਸਿਖਲਾਈ ਦੇਣ ਲਈ ਇੱਕ ਵਧੀਆ ਕਦਮ ਹੈ।
ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਐਸ.ਐਸ ਬਹਿਲ ਅਤੇ ਰਜਿਸਟਰਾਰ ਪ੍ਰੋ. (ਡਾ.) ਕਰਨਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਅੰਤਰਰਾਸ਼ਟਰੀ ਮਾਪਦੰਡਾਂ ਦੇ ਆਧਾਰ `ਤੇ ਇਨ੍ਹਾਂ ਸਿਖਲਾਈ ਅਕਾਦਮੀਆਂ ਦੇ ਵਿਚ ਜਿਥੇ ਖਿਡਾਰੀ ਤਰਾਸ਼ੇ ਜਾਣਗੇ।ਉਥੇ ਜਦੋਂ ਇਹ ਖਿਡਾਰੀ ਆਪਣੀਆਂ ਖੇਡਾਂ ਦਾ ਚੰਗਾ ਪ੍ਰਦਰਸ਼ਨ ਕਰਨਗੇ ਤਾਂ ਦੇਸ਼ ਦਾ ਨਾਂ ਉਚਾ ਹੋਵੇਗਾ। ਉਨ੍ਹਾਂ ਕਿਹਾ ਕਿ ਖੇਡ ਅਕਾਦਮੀਆਂ ਦੀ ਸਥਾਪਨਾ ਪ੍ਰਤਿਭਾਵਾਨ ਖਿਡਾਰੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ।
ਯੂਨੀਵਰਸਿਟੀ ਇੰਡਸਟਰੀ ਲਿੰਕੇਜ ਸੈਲ ਦੇ ਡਾਇਰੈਕਟਰ, ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਸਪੋਰਟਸ ਅਥਾਰਟੀ ਆਫ ਇੰਡੀਆ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿਚ ਭਾਗ ਲੈਣ ਵਾਲੀਆਂ ਰਾਸ਼ਟਰੀ ਟੀਮਾਂ ਅਤੇ ਅਥਲੀਟਾਂ ਦੀ ਸਿਖਲਾਈ ਲਈ ਬਹੁਤ ਸਹਾਇਤਾ ਪ੍ਰਦਾਨ ਕਰ ਰਹੀ ਹੈ ਜਿਸ ਨਾਲ ਦੇਸ਼ ਵਿਚ ਖੇਡਾਂ ਦਾ ਪੱਧਰ ਉਚਾ ਹੋਵੇਗਾ।ਡਾਇਰੈਕਟਰ ਸਪੋਰਟਸ ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਦੇਸ਼ ਦੇ ਖਿਡਾਰੀਆਂ ਲਈ ਇਨ੍ਹਾਂ ਅਕੈਡਮੀਆਂ ਲਈ ਚੋਣ ਟਰਾਇਲ ਬਹੁਤ ਜਲਦ ਕਰਵਾਏ ਜਾਣਗੇ।ਸਹਾਇਕ ਡਾਇਰੈਕਟਰ ਕੰਵਰ ਮਨਦੀਪ ਸਿੰਘ ਵੀ ਇਸ ਮੌਕੇ ਹਾਜਰ ਸਨ।
Punjab Post Daily Online Newspaper & Print Media