Saturday, April 11, 2026

ਰਜਿਸਟਰਡ ਉਸਾਰੀ ਕਿਰਤੀ ਨੂੰ ਬਾਲੜੀ ਤੋਹਫਾ ਸਕੀਮ ਵਜੋਂ ਦਿੱਤੀ ਐਫ.ਡੀ.ਆਰ

ਪਠਾਨਕੋਟ, 6 ਨਵੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਆਈ.ਏ.ਐਸ ਵੱਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ‘ਚ ਰਜਿਸਟਰਡ ਉਸਾਰੀ ਕਿਰਤੀ ਕੁਲਦੀਪ ਰਾਜ ਨੂੰ ਉਸ ਦੀ ਬੇਟੀ ਦੇ ਜਨਮ ਉਪਰੰਤ ਅਪਲਾਈ ਕੀਤੀ ਬਾਲੜੀ ਤੋਹਫਾ ਸਕੀਮ ਤਹਿਤ 51,000/- ਰੁਪਏ ਦੀ ਹੋਈ ਐਫ.ਡੀ.ਆਰ ਦਿੱਤੀ ਗਈ।
                    ਕੁੰਵਰ ਡਾਵਰ ਸਹਾਇਕ ਕਿਰਤ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਕਿਹੜਾ-ਕਿਹੜਾ ਉਸਾਰੀ ਕਾਮਾ ਬਤੋਰ ਲਾਭਪਾਤਰੀ ਇਸ ਬੋਰਡ ਵਿਚ ਰਜਿਸਟਰਡ ਹੋ ਸਕਦਾ ਹੈ।ਉਨ੍ਹਾਂ ਦੱਸਿਆ ਕਿ ਹਰ ਇਕ ਉਹ ਕਿਰਤੀ ਜੋ ਬਤੋਰ ਰਾਜ ਮਿਸਤਰੀ/ਇੱਟਾਂ/ਸੀਮਿੰਟ ਪਕੜਾਉਣ ਵਾਲੇ ਮਜ਼ਦੂਰ, ਕਾਰਪੈਂਟਰ, ਪੇਂਟਰ, ਇਲੈਕਟ੍ਰੀਸ਼ਨ, ਪਲੰਬਰ, ਪੱਥਰ ਦੀ ਰਗੜਾਈ, ਪੀ.ਓ.ਪੀ ਕਰਨ ਵਾਲੇ, ਸੜਕਾਂ ਬਣਾਉਣ ਵਾਲੇ ਉਸਾਰੀ ਕੰਮ ਨਾਲ ਸਬੰਧਤ ਕਿਰਤੀ, ਭੱਠਿਆਂ ‘ਤੇ ਪਥੇਰ, ਕੱਚੀ ਇੱਟ ਦੀ ਭਰਾਈ ਵਾਲੇ, ਸ਼ੀਸ਼ੇ ਲਗਾਉਣ ਵਾਲੇ ਉਸਾਰੀ ਮਜ਼ਦੂਰ ਅਖਵਾਊਂਦੇ ਹਨ।
                ਉਨ੍ਹਾਂ ਦੱਸਿਆ ਕਿ ਉਸਾਰੀ ਕਿਰਤੀ ਨੂੰ ਰਜਿਸਟਰਡ ਹੋਣ ਵਾਸਤੇ ਉਮਰ 18 ਤੋ 60 ਸਾਲ ਵਿਚਕਾਰ ਹੋਵੇ ਅਤੇ ਪਿਛਲੇ 12 ਮਹੀਨਿਆਂ ਦੋਰਾਨ ਪੰਜਾਬ ਰਾਜ ਵਿਚ ਘੱਟ ਤੋ ਘੱਟ 90 ਦਿਨ ਬਤੋਰ ਉਸਾਰੀ ਕਿਰਤੀ ਕੰਮ ਕੀਤਾ ਹੋਵੇ।ਕਿਰਤੀ ਆਪਣਾ ਅਤੇ ਫੈਮਲੀ ਦੇ ਆਧਾਰ ਕਾਰਡ, ਆਪਣੇ ਬੈਂਕ ਖਾਤੇ ਦੀ ਕਾਪੀ, ਫੈਮਲੀ ਫੋਟੋ, 27 ਨੰਬਰ ਫਾਰਮ (ਸਵੈ ਘੋਸ਼ਨਾ ਪੱਤਰ), 29 ਨੰਬਰ ਫਾਰਮ ਤਿਆਰ ਕਰਕੇ ਆਪਣੇ ਨੇੜੇ ਦੇ ਸੇਵਾ ਕੇਂਦਰ ਜਾ ਕੇ ਆਪਣੇ ਆਪ ਨੂੰ ਬਤੌਰ ਲਾਭਪਾਤਰੀ ਬੋਰਡ ‘ਚ ਰਜਿਸਟਰਡ ਕਰਵਾ ਸਕਦਾ ਹੈ।ਜਿਸ ਲਈ ਕਿਰਤੀ ਨੂੰ 25/- ਰੁਪਏ ਇਕ ਵਾਰ ਰਜਿਸਟ੍ਰੇਸ਼ਨ ਫੀਸ ਅਤੇ 10 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ 3 ਸਾਲ ਦਾ ਇਕੱਠਾ 360 ਰੁਪਏ (ਕੁੱਲ 385/- ਰੁਪਏ) ਅੰਸ਼ਦਾਨ ਸੇਵਾ ਕੇਂਦਰ ਵਿਚ ਹੀ ਜਮ੍ਹਾਂ ਕਰਵਾਉਣਾ ਪਏਗਾ।
                  ਉਨ੍ਹਾਂ ਦੱਸਿਆ ਕਿ ਰਜਿਸਟਰਡ ਹੋਣ ਉਪਰੰਤ ਕਿਰਤੀ ਬੋਰਡ ਵਲੋ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਜਿਵੇ ਕਿ ਵਜੀਫਾ ਸਕੀਮ, ਸ਼ਗੁਨ ਸਕੀਮ, ਬਾਲੜੀ ਤੋਹਫਾ ਸਕੀਮ, ਪ੍ਰਸੂਤਾ ਸਕੀਮ, ਐਨਕ ਲਗਵਾਉਣ, ਦੰਦ ਲਗਵਾਉਣ, ਸੁਨਣ ਯੰਤਰ ਲਗਵਾਉਣ ਲਈ ਵਿੱਤੀ ਸਹਾਇਤਾ ਸਕੀਮ, ਐਲ.ਟੀ.ਸੀ ਸਕੀਮ ਤੇ ਪੈਨਸ਼ਨ ਸਕੀਮ ਆਦਿ ਦਾ ਲਾਭ ਪ੍ਰਾਪਤ ਕਰਨ ਦਾ ਹੱਕਦਾਰ ਹੋਵੇਗਾ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …