Tuesday, August 4, 2026

ਬਾਰਿਸ਼ ਦੇ ਬਾਵਜ਼ੂਦ ਨਿਹੰਗ ਸਿੰਘ ਦਲਾਂ ਨੇ ਖਾਲਸਾਈ ਜਾਹੋ ਜਲਾਲ ਨਾਲ ਕੱਢਿਆ ਮਹੱਲਾ

ਬੁਰਜ਼ ਅਕਾਲੀ ਫੂਲਾ ਸਿੰਘ ਤੋਂ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਗਵਾਈ ‘ਚ ਹੋਈ ਆਰੰਭਤਾ

ਅੰਮ੍ਰਿਤਸਰ 15, ਨਵੰਬਰ (ਗੁਰਪ੍ਰੀਤ ਸਿੰਘ) – ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਬੰਦੀ ਛੋੜ ਦਿਵਸ (ਦੀਵਾਲੀ) ਨੂੰ ਸਮਰਪਿਤ ਸਮੂੰਹ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਖਾਲਸਾਈ ਜਾਹੋ ਜਲਾਲ ਨਾਲ ਕੱਢਿਆ ਮਹੱਲਾ ਕੱਢਿਆ ਗਿਆ।ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ ਦੀ ਅਗਵਾਈ ਅਤੇ ਦਸਮ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸ਼ਿਸ਼ ਨਿਸ਼ਾਨ ਸਾਹਿਬ ਤੇ ਨਗਾਰਿਆਂ ਦੀ ਛਤਰ ਛਾਇਆ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਮੱਲ ਅਖਾੜਾ ਸਾਹਿਬ, ਬੁਰਜ਼ ਬਾਬਾ ਫੂਲਾ ਸਿੰਘ ਅਕਾਲੀ ਤੋਂ ਮਹੱਲੇ ਦੀ ਆਰੰਭਤਾ ਹੋਈ।ਇਸ ਤੋਂ ਪਹਿਲਾਂ ਗੁਰਦੁਆਰਾ ਮੱਲ ਅਖਾੜਾ ਵਿਖੇ ਨਿਹੰਗ ਸਿੰਘਾਂ ਦੀ ਚੱਲੀ ਆਉਂਦੀ ਮਰਯਾਦਾ ਅਨੁਸਾਰ ਅਖੰਡ ਪਾਠਾਂ ਦੇ ਭੋਗ ਪਾਏ ਗਏ।ਬੁੱਢਾ ਦਲ ਦੇ ਹੈਡ ਗ੍ਰੰਥੀ ਬਾਬਾ ਮੱਘਰ ਸਿੰਘ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ।ਬਾਬਾ ਇੰਦਰ ਸਿੰਘ ਨੇ ਬੁੱਢਾ ਦਲ ਦੇ ਇਤਿਹਾਸ ਸਬੰਧੀ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ।ਸਮੂਹ ਦਲਾਂ ਦੇ ਨਿਸ਼ਾਨਾਂ ਨੂੰ ਸੁੰਦਰ ਫੁਲਹਾਰਾਂ ਨਾਲ ਸ਼ਿੰਗਾਰਿਆ ਗਿਆ ਸੀ।
ਮਹੱਲੇ ਵਿਚ ਸ਼ਾਮਲ ਹੋਣ ਲਈ ਪੁੱਜੇ ਦਲਾਂ ਦੇ ਜਥੇਦਾਰਾਂ, ਨਿਹੰਗ ਸਿੰਘ ਫੌਜਾਂ ਅਤੇ ਪੁੱਜੀਆਂ ਸੰਗਤਾਂ ਦਾ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਧੰਨਵਾਦ ਕੀਤਾ।ਵੱਖ-ਵੱਖ ਨਿਹੰਗ ਸਿੰਘ ਦਲਾਂ ਦੇ ਨਿਸ਼ਾਨਚੀਆਂ, ਨਿਗਾਰਚੀਆਂ, ਚੌਬਦਾਰਾਂ, ਗੁਰਜ ਵਾਲੇ ਸਿੰਘਾਂ, ਗ੍ਰੰਥੀਆਂ, ਕਥਾਵਾਚਕਾਂ ਅਤੇ ਮੁਖੀ ਜਥੇਦਾਰ ਸਾਹਿਬਾਨ ਨੂੰ ਸਨਮਾਨਿਤ ਕੀਤਾ।ਬਾਬਾ ਬਲਬੀਰ ਸਿੰਘ ਨੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਸੰਘਰਸ਼ ਪੂਰਨ ਅਤੇ ਸ਼ਾਨਾਮਤਾ ਹੈ।
                 ਮਹੱਲੇ ਵਿੱਚ ਨਿਹੰਗ ਦਲਾਂ ਦੇ ਮੁਖੀ ਤੇ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਸੁੰਦਰ ਦੁਮਾਲਿਆਂ ਤੇ ਚੱਕਰ, ਖੰਡੇ, ਚੰਦ, ਗੁਰਜ, ਸ਼ਿੰਗਾਰ, ਬਾਗਨਖਾ ਸਜਾਈ, ਛੋਟੀਆਂ ਵੱਡੀਆਂ ਕਿਰਪਾਨਾਂ ਪਹਿਨੀ ਤੇ ਲੱਕ ਪਿਛੇ ਢਾਲਾਂ ਸਜਾਏ ਹੱਥਾਂ ਵਿੱਚ ਨੇਜ਼ੇ, ਖੰਡੇ ਫੜੀ, ਨੀਲੇ ਕੇਸਰੀ ਬਾਣਿਆਂ ਵਿੱਚ ਤਿਆਰ ਬਰ ਤਿਆਰ ਸ਼ਸਤਰਧਾਰੀ ਹੋ ਕੇ ਜੰਗੀ ਮਾਹੌਲ ਦਾ ਦ੍ਰਿਸ਼ ਪੇਸ਼ ਕਰ ਰਹੇ ਸਨ।ਗੁਰਦੁਆਰਾ ਬੁਰਜ਼ ਅਕਾਲੀ ਬਾਬਾ ਫੂਲਾ ਸਿੰਘ ਤੋਂ ਨਿਹੰਗ ਸਿੰਘਾਂ ਦਾ ਵਿਸ਼ਾਲ ਕਾਫਲਾ ਘੋੜਿਆਂ, ਗੱਡੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੈਦਲ ਯਾਤਰਾ ਕਰਦੇ ਨਿਹੰਗ ਸਿੰਘ ਸ਼ੇਰਾਂਵਾਲਾ ਗੇਟ, ਮਹਾਂਸਿੰਘ ਗੇਟ, ਚੌਂਕ ਰਾਮਬਾਗ, ਹਾਲ ਗੇਟ, ਕਿਲਾ ਗੋਬਿੰਦਗੜ੍ਹ ਰਾਹੀਂ ਰੇਲਵੇ ਗਰਾਉਂਡ ‘ਚ ਵਾਜਿਆਂ ਗਾਜਿਆਂ, ਸਮੇਤ ਪੁੱਜਾ।ਘੋੜਿਆਂ ਦੀ ਦੌੜ ਤੇ ਨਿਹੰੰਗ ਸਿੰਘ ਦੇ ਜੰਗੀ ਕਰਤੱਵ ਦੇਖਣ ਲਈ ਭਾਰੀ ਮੀਂਹ ਹੋਣ ਦੇ ਬਾਵਜ਼ੂਦ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।ਢੋਲ ਨਗਾਰਿਆਂ ਦੀਆਂ ਚੋਟਾਂ ਤੇ ਨਰਸਿੰਙੇ ਵਜਾਉਂਦੇ ਨਿਹੰਗ ਸਿੰਘ ਗਰਾਂਉਡ ਵਿੱਚ ਸ਼ਾਮਲ ਹੋਏ।
                 ਇਸ ਸਮੇਂ ਜਥੇਦਾਰ ਬਾਬਾ ਗੱਜਣ ਸਿੰਘ ਮੁਖੀ ਸ਼ਹੀਦ ਮਿਸ਼ਲ ਬਾਬਾ ਦੀਪ ਸਿੰਘ ਤਰਨਾ ਦਲ ਬਾਬਾ ਬਕਾਲਾ, ਬਾਬਾ ਅਵਤਾਰ ਸਿੰਘ ਜਥੇਦਾਰ ਦਲ ਪੰਥ ਬਿਧੀ ਚੰਦ ਸੁਰਸਿੰਘ, ਜਥੇਦਾਰ ਬਾਬਾ ਨਿਹਾਲ ਸਿੰਘ ਮੁਖੀ ਤਰਨਾ ਦਲ ਹਰੀਆਂ ਵੇਲਾਂ ਹੁਸ਼ਿਆਰਪੁਰ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਬਾਬਾ ਨੌਰੰਗ ਸਿੰਘ, ਬਾਬਾ ਤਾਰਾ ਸਿੰਘ ਝਾੜ ਸਾਹਿਬ ਵਾਲੇ, ਬਾਬਾ ਰਘੁਬੀਰ ਸਿੰਘ ਖਿਆਲੇ ਵਾਲੇ, ਬਾਬਾ ਗੁਰਪਿੰਦਰ ਸਿੰਘ ਵਡਾਲਾ ਸਤਲਾਣੀ ਸਾਹਿਬ ਵਾਲੇ, ਦਿਲਜੀਤ ਸਿੰਘ ਬੇਦੀ ਸਕੱਤਰ ਬੁੱਢਾ ਦਲ, ਬਾਬਾ ਮਾਨ ਸਿੰਘ ਮੜੀਆਂ ਵਾਲਾ ਬਟਾਲਾ, ਬਾਬਾ ਵੱਸਣ ਸਿੰਘ ਮੜੀਆਂ ਦਲ ਬਟਾਲੇ ਵਾਲੇ, ਬਾਬਾ ਹੀਰਾ ਸਿੰਘ ਝੂਲਣੇ ਮਹਿਲ, ਬਾਬਾ ਤਾਰਾ ਸਿੰਘ ਝਾੜ ਸਾਹਿਬ ਮਾਛੀਵਾੜਾ, ਬਾਬਾ ਤਰਲੋਕ ਸਿੰਘ ਖਿਆਲਾ,ਬਾਬਾ ਤਰਸੇਮ ੰਿਸੰਘ ਮਹਿਤਾ ਚੌਂਕ, ਬਾਬਾ ਬਲਦੇਵ ਸਿੰਘ ਮੁਸਤਰਾਬਾਦ, ਬਾਬਾ ਪ੍ਰਗਟ ਸਿੰਘ ਮਜੀਠਾ ਰੋਡ, ਬਾਬਾ ਜਗਤਾਰ ਸਿੰਘ ਠੱਠੇ ਵਾਲੇ, ਬਾਬਾ ਢੂੰਡਾ ਸਿੰਘ ਮਿਸ਼ਲ ਭਾਈ ਬਚਿੱਤਰ ਸਿੰਘ, ਬਾਬਾ ਕੁਲਵਿੰਦਰ ਸਿੰਘ ਤਰਨਾ ਦਲ, ਬਾਬਾ ਛਿੰਦਾ ਸਿੰਘ ਭਿੰਖੀਵਿੰਡ ,ਬਾਬਾ ਜੱਸਾ ਸਿੰਘ ਤਲਵੰਡੀ ਸਾਬੋ, ਬਾਬਾ ਸਰਵਣ ਸਿੰਘ ਮਝੈਲ, ਬਾਬਾ ਸੁਖਵਿੰਦਰ ਸਿੰਘ ਮੌਰ, ਬਾਬਾ ਵਿਸ਼ਵਪ੍ਰਤਾਪ ਸਿੰਘ ਸਮਾਣਾ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਬਾਬਾ ਕਰਮ ਸਿੰਘ ਪਟਿਆਲਾ, ਬਾਬਾ ਬਘੇਲ ਸਿੰਘ, ਬਾਬਾ ਪਿਆਰਾ ਸਿੰਘ, ਭਾਈ ਸੁਖਜੀਤ ਸਿੰਘ ਕਨ੍ਹਇਆ, ਭਾਈ ਰਣਜੋਧ ਸਿੰਘ, ਬਾਬਾ ਮੇਜਰ ਸਿੰਘ ਦਸ਼ਮੇਸ਼ ਤਰਨਾ ਦਲ ਲੁਧਿਆਣਾ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਭਗਤ ਸਿੰਘ ਬਹਾਦਰਗੜ੍ਹ ਪਟਿਆਲਾ ਆਦਿ ਹਾਜ਼ਰ ਸਨ।

Check Also

40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ

ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …