Saturday, April 25, 2026

ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ’ਚ ਸਟੀਲ ਦੇ ਜੰਗਲੇ ਲਗਾਉਣ ਦੀ ਸੇਵਾ ਮੁਕੰਮਲ

ਗਿਆਨੀ ਜਗਤਾਰ ਸਿੰਘ ਤੇ ਲੌਂਗੋਵਾਲ ਨੇ ਬਾਬਾ ਪ੍ਰਦੀਪ ਸਿੰਘ ਬੱਧਨੀ ਵਾਲਿਆਂ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ, 23 ਨਵੰਬਰ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਲੱਗੇ ਲੋਹੇ ਦੇ ਜੰਗਲਿਆਂ ਦੀ ਥਾਂ ਸਟੀਲ ਦੇ ਜੰਗਲੇ ਲਗਾਉਣ ਦੀ ਸੇਵਾ ਅੱਜ ਮੁਕੰਮਲ ਹੋ ਗਈ।ਇਹ ਸੇਵਾ ਬਾਬਾ ਪ੍ਰਦੀਪ ਸਿੰਘ ਬੋਰੇਵਾਲ ਬੱਧਨੀ ਵਾਲਿਆਂ ਵੱਲੋਂ ਕਰਵਾਈ ਗਈ ਹੈ।ਇਸ ਦੇ ਨਾਲ ਹੀ ਪਰਿਕਰਮਾਂ ਵਿੱਚ ਪਾਣੀ ਦੇ ਨਿਕਾਸ ਲਈ ਲੱਗੀਆਂ ਜਾਲੀਆਂ ਵੀ ਬਦਲੀਆਂ ਗਈਆਂ ਹਨ।ਅੱਜ ਸੇਵਾ ਮੁਕੰਮਲ ਹੋਣ ‘ਤੇ ਬਾਬਾ ਪ੍ਰਦੀਪ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਗੁਰੂ ਬਖ਼ਸ਼ਿਸ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
            ਇਸ ਦੌਰਾਨ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਲੱਗੇ ਲੋਹੇ ਦੇ ਜੰਗਲਿਆਂ ਦੀ ਸਾਂਭ-ਸੰਭਾਲ ਲਈ ਕੁੱਝ ਮਹੀਨਿਆਂ ਬਾਅਦ ਹੀ ਇਨ੍ਹਾਂ ਨੂੰ ਰੰਗ ਰੋਗਨ ਕਰਨਾ ਪੈਂਦਾ ਸੀ, ਜਿਸ ਦੇ ਮੱਦੇਨਜ਼ਰ ਬਾਬਾ ਪ੍ਰਦੀਪ ਸਿੰਘ ਵੱਲੋਂ ਸਟੀਲ ਦੇ ਜੰਗਲੇ ਤਿਆਰ ਕਰਵਾ ਕੇ ਲਗਵਾਏ ਗਏ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਵਾਂ ’ਤੇ ਕਰੀਬ 15 ਟਨ ਸਟੀਲ ਦੀ ਵਰਤੋਂ ਹੋਈ ਹੈ।ਭਾਈ ਲੌਂਗੋਵਾਲ ਨੇ ਸੇਵਾ ਕਰਵਾਉਣ ’ਤੇ ਬਾਬਾ ਪ੍ਰਦੀਪ ਸਿੰਘ ਦਾ ਧੰਨਵਾਦ ਕੀਤਾ।
                       ਦੱਸਣਯੋਗ ਹੈ ਕਿ ਇਹ ਸੇਵਾ ਲੰਘੀ 18 ਨਵੰਬਰ ਨੂੰ ਅਰਦਾਸ ਉਪਰੰਤ ਸ਼ੁਰੂ ਕੀਤੀ ਗਈ ਸੀ, ਜੋ ਅੱਜ ਸੰਪੂਰਨ ਹੋਈ ਹੈ।ਸੇਵਾ ਦੀ ਸੰਪੂਰਨਤਾ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਚਰਨਜੀਤ ਸਿੰਘ ਜੱਸੋਵਾਲ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੁਖਤਾਰ ਸਿੰਘ, ਬਘੇਲ ਸਿੰਘ, ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ, ਜਸਪਾਲ ਸਿੰਘ ਢੱਡੇ, ਦਰਸ਼ਨ ਸਿੰਘ ਪੀ.ਏ, ਭਾਈ ਸੁਰਜੀਤ ਸਿੰਘ ਸਭਰਾ ਕਥਾਵਾਚਕ, ਸਰਚਾਂਦ ਸਿੰਘ ਆਦਿ ਮੌਜੂਦ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …