ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਵਿਖੇ ਗਊਧਨ ਭਲਾਈ ਕੈਂਪ ਦੀ ਕੀਤੀ ਸ਼ੁਰੂਆਤ
ਅੰਮ੍ਰਿਤਸਰ, 5 ਦਸੰਬਰ (ਸੁਖਬੀਰ ਸਿੰਘ) – ਸੂਬੇ ਵਿੱਚ 200 ਕੈਂਪ ਲਗਾਉਣ ਦੀ ਸ਼ੁਰੂ ਕੀਤੀ ਗਈ ਲੜੀ ਤਹਿਤ ਪੰਜਾਬ ਗਊਸੇਵਾ ਕਮਿਸ਼ਨ ਚੇਅਰਮੈਨ ਸਚਿਨ
ਸ਼ਰਮਾ ਦੀ ਸਰਪ੍ਰਸਤੀ ਅਧੀਨ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਵਿਖੇ ਗਊ ਹੈਲਥ ਵੈਲਨੈਸ ਕੈਂਪ ਲਗਾਇਆ ਗਿਆ ਹੈ।ਇਸ ਸਮੇਂ ਚੇਅਰਮੈਨ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗਊਸੇਵਾ ਦੀ ਸੰਭਾਲ ਲਈ ਵਚਨਬੱਧ ਹਨ।ਇਸੇ ਤਰ੍ਹਾਂ ਗਊ ਸ਼ੈਡ, ਹਰਾ ਚਾਰਾ, ਸਾਫ ਪਾਣੀ, ਮੈਡੀਕਲ ਸੇਵਾ, ਬਿਜਲੀ ਆਦਿ ਦੀ ਸੇਵਾ ਤੋਂ ਇਲਾਵਾ ਸਮੇਂ ਸਮੇਂ ‘ਤੇ ਮੈਡੀਕਲ ਕੈਂਪ ਆਪਣਾ ਕੰਮ ਕਰ ਰਹੇ ਹਨ।ਚੇਅਰਮੈਨ ਨੇ ਕਿਹਾ ਕਿ ਇਸ ਕੈਂਪ ਵਿਚ 131 ਗੋਧਨਾਂ ਦੇ ਡਾਕਟਰਾਂ ਨੇ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ।ਵੈਟਰਨਰੀ ਡਾਕਟਰਾਂ ਦੀ ਟੀਮ ਦੁਆਰਾ ਐਂਟੀ-ਬਾਇਓਟਿਕਸ, ਪੋਸ਼ਣ, ਡੀ-ਵਾਰਮਿੰਗ, ਟਰੀਟਮੈਂਟ ਆਫ ਵੌਂਡ ਦਾ ਇਲਾਜ ਵੀ ਕੀਤਾ ਗਿਆ ਅਤੇ ਇਹ ਸਹੂਲਤ ਭਵਿੱਖ ਵਿਚ ਵੀ ਜਾਰੀ ਰਹੇਗੀ।
ਉਨਾਂ ਦੱਸਿਆ ਕਿ ਰਾਜ ਦੀਆਂ ਲਗਭਗ 426 ਗਊਸ਼ਾਲਾਵਾਂ ਨੂੰ ਕਮਿਸ਼ਨ ਅਧੀਨ ਗਡਵਾਸੂ ਅਤੇ ਪਸ਼ੂ ਵਸਤੂ ਬੋਰਡ ਦੀ ਸਹਾਇਤਾ ਨਾਲ ਸਵੈ-ਨਿਰਭਰ ਬਣਾਉਣ ਲਈ ਕਦਮ ਚੁਕੇ ਜਾ ਰਹੇ ਹਨ ਅਤੇ ਰਾਜ ਦੀਆਂ ਸਾਰੀਆਂ ਗਊਸ਼ਾਲਾਵਾਂ ਵਿੱਚ ਭਲਾਈ ਕੈਂਪ ਲਗਾਏ ਜਾਣਗੇ ਅਤੇ ਸਾਰੀਆਂ ਸਮਾਜਸੇਵੀ ਸੰਸਥਾਵਾਂ ਨੂੰ ਗੋਬਰ ਅਤੇ ਗੋਬਰ ਦੀ ਲੱਕੜ, ਦੀਵੇ, ਬਰਤਨ, ਦੁਧ, ਦੇਸੀ ਘਿਓ ਅਤੇ ਹਵਨ ਸਮੱਗਰੀ ਬਣਾਉਣ ਦੀ ਟ੍ਰੇਨਿਗ ਦਿੱਤੀ ਜਾਵੇਗੀ।ਉਨਾਂ ਦੱਸਿਆ ਕਿ ਕੋਵਿਡ 19 ਮਹਾਂਮਾਰੀ ਦੇ ਕਾਰਨ ਗਊਆਂ ਨੂੰ ਟੈਗਿੰਗ ਕਰਨ ਦਾ ਕੰਮ ਰੁੱਕ ਗਿਆ ਸੀ ਜੋ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ।
ਸ਼ਰਮਾ ਨੇ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅੱਜ ਲੋੜ ਹੈ ਕਿ ਗਊਆਂ ਦੀ ਸੇਵਾ ਲਈ ਸਾਰੇ ਧਰਮਾਂ, ਵਿਦਿਅਕ ਸੰਸਥਾਵਾਂ, ਸਮਾਜਿਕ ਸੰਗਠਨਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਲੋਕ ਅੱਗੇ ਆਉਣ ਅਤੇ ਬਿਨਾਂ ਕਿਸੇ ਭੇਦਭਾਵ ਦੇ ਸਰਕਾਰ ਦਾ ਸਹਿਯੋਗ ਕਰਨ।ਇਨ੍ਹਾਂ ਕੋਸ਼ਿਸ਼ਾਂ ਨਾਲ ਗਊ ਹੱਤਿਆ ਨੂੰ ਰੋਕਣ ਵਿਚ ਵੱਡਾ ਫਾਇਦਾ ਹੋਵੇਗਾ। ਉਨਾਂ ਦੱਸਿਆ ਕਿ ਕਮਿਸ਼ਨ ਵਲੋਂ ਪ੍ਰੋਜੈਕਟ ਸਾਹੀਵਾਲ ਵੀ ਸ਼ੁਰੂ ਕੀਤਾ ਜਾ ਰਿਹਾ ਹੈ।
ਕੈਂਪ ਵਿੱਚ ਓਮ ਪ੍ਰਕਾਸ਼ ਕਨੋਜੀਆ ਮੈਂਬਰ, ਪੰਜਾਬ ਗਊ ਸੇਵਾ ਕਮਿਸ਼ਨ, ਡਾ: ਅਮਰਜੀਤ ਸਿੰਘ ਔਲਖ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਅੰਮ੍ਰਿਤਸਰ, ਡਾ: ਮਨੀਸ਼ ਗੁਪਤਾ ਐਸ.ਵੀ.ਓ ਅਜਨਾਲਾ, ਡਾ: ਜਗਮੋਹਨ ਸਿੰਘ ਵੈਟਰਨਰੀ ਅਫਸਰ ਅਜਨਾਲਾ, ਡਾ ਮਨਦੀਪ ਮਾਨ ਵੈਟਰਨਰੀ ਅਫਸਰ ਚੱਕ ਡੋਗਰਾ, ਡਾ. ਕੰਵਲਜੀਤ ਸਿੰਘ ਵੈਟਰਨਰੀ ਅਫਸਰ, ਮਨੋਜ ਕੁਮਾਰ ਮਹਿਤਾ ਮੁੱਖ ਕਾਹਨਾ ਗੋਸ਼ਾਲਾ ਆਦਿ ਹਾਜ਼ਰ ਸਨ।
Punjab Post Daily Online Newspaper & Print Media