ਧੂਰੀ, 7 ਦਸੰਬਰ (ਪ੍ਰਵੀਨ ਗਰਗ) – ਪਿੰਡ ਭਸੌੜ ਦੇ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਗਮਦੂਰ ਸਿੰਘ ਜਵੰਧਾ ਨੇ ਦੱਸਿਆ ਕਿ ਪਿੰਡ ਭਸੌੜ ਦੇ ਕਿਸਾਨ ਵੱਡੀ
ਗਿਣਤੀ ‘ਚ ਕੇਂਦਰ ਵੱਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਕੜਕਦੀ ਠੰਡ ਵਿੱਚ ਦਿੱਲੀ ਵਿਖੇ ਮੋਰਚਿਆਂ ਵਿੱਚ ਡਟੇ ਬੈਠੇ ਹਨ।ਜਦਕਿ ਦੂਜੇ ਪਾਸੇ ਆਮ ਲੋਕਾਂ ਤੇ ਕਿਸਾਨਾਂ ਦੀਆਂ ਵੋਟਾਂ ਲੈ ਕੇ ਸੱਤਾ ਦਾ ਸੁੱਖ ਭੋਗ ਰਹੇ ਸਿਆਸੀ ਆਗੂ ਵਾਤਾਅਨੂਕੂਲ ਕਮਰਿਆਂ ਵਿੱਚ ਸੋ ਰਹੇ ਹਨ।ਉਹਨਾਂ ਕਿਹਾ ਕਿ ਪਿੰਡ ਭਸੌੜ ਦਾ ਬੱਚਾ-ਬੱਚਾ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਹੈ।
ਇਸੇ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੇਵ ਸਿੰਘ ਅਤੇ ਅਜੀਤ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਉਤਸਵ ਅਤੇ ਆਉਣ ਵਾਲੇ ਦਿਨਾਂ ਵਿੱਚ ਸਰਹੰਦ ਵਿਖੇ ਲੱਗਣ ਵਾਲੀ ਸ਼ਹੀਦੀ ਜੋੜ ਸਭਾ ਦਾ ਵੀ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ।ਉਹਨਾਂ ਦੱਸਿਆ ਕਿ ਪਿੰਡ ਭਸੌੜ ਵਿਖੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਚਰਨ ਪਾਏ ਜਾਣ ਕਾਰਨ ਪੰਜਾਬ ਸਰਕਾਰ ਵੱਲੋਂ ਇਸ ਪਿੰਡ ਨੂੰ ਵੀ ਅਨੇਕਾਂ ਗਰਾਂਟਾਂ ਦਿੱਤੀਆਂ ਗਈਆਂ ਸਨ ਅਤੇ ਸਰਪੰਚ ਗੁਰਨਾਮ ਸਿੰਘ ਦੇ ਯਤਨਾਂ ਸਦਕਾ ਪਿੰਡ ਵਿਖੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਇਸ ਤੋਂ ਪਹਿਲਾਂ 10 ਸਾਲਾਂ ਦੇ ਸਰਪੰਚੀ ਦੇ ਕਾਰਜਕਾਲ ਦੌਰਾਨ ਸਾਬਕਾ ਸਰਪੰਚ ਗਮਦੂਰ ਸਿੰਘ ਵੱਲੋਂ ਵੀ ਪਿੰਡ ਵਿੱਚ ਸੀਵਰੇਜ ਪੁਵਾਏ, ਪਾਰਕ ਬਣਾਏ, ਸਟਰੀਟ ਲਾਈਟਾਂ ਲਗਵਾਈਆਂ, ਅਨਾਜ ਮੰਡੀ ਦੇ ਪੱਕੇ ਫੜ ਬਣਾਏ, ਸਕੂਲ ਦਾ ਸਾਇੰਸ ਗਰੁੱਪ ਬਹਾਲ ਕਰਵਾਉਣ ਦੇ ਨਾਲ-ਨਾਲ ਗਰਿੱਡ ਬਣਵਾ ਕੇ 24 ਘੰਟੇ ਲਾਈਟ ਦਾ ਪ੍ਰਬੰਧ ਅਤੇ ਹੋਰ ਅਨੇਕਾਂ ਵਿਕਾਸ ਕਾਰਜ ਕਰਵਾ ਕੇ ਇਸ ਪਿੰਡ ਦੀ ਨੁਹਾਰ ਬਦਲੀ ਗਈ ਹੈ।
ਇਸ ਮੌਕੇ ਇਤਿਹਾਸਿਕ ਗੁਰੂਦੁਆਰਾ ਪਾਤਸ਼ਾਹੀ ਪਹਿਲੀ ਅਤੇ ਗੁਰੂਦੁਆਰਾ ਸ਼੍ਰੀ ਸਿੰਘ ਸਭਾ ਦੇ ਮੁੱਖ ਗ੍ਰੰਥੀ ਬਾਬਾ ਸੰਤੋਖ ਸਿੰਘ, ਬਾਬਾ ਗੁਰਪਾਲ ਸਿੰਘ ਅਤੇ ਬਾਬਾ ਗੁਰਜੰਟ ਸਿੰਘ ਨੇ ਵੀ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media