ਕਿਸਾਨਾਂ ਦੀਆਂ ਸ਼ਹੀਦੀਆਂ ਬੇਅਰਥ ਨਹੀਂ ਜਾਣਗੀਆਂ – ਜਗਜੀਤ ਸਿੰਘ ਡੱਲੇਵਾਲ
ਸਮਰਾਲਾ, 16 ਦਸੰਬਰ (ਇੰਦਰਜੀਤ ਸਿੰਘ ਕੰਗ) – ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ 29 ਨਵੰਬਰ ਨੂੰ ਸ਼ਹੀਦ ਹੋਏ ਗੱਜਣ ਸਿੰਘ ਖੱਟਰਾਂ ਦੇ ਭੋਗ ਅਤੇ
ਅੰਤਿਮ ਅਰਦਾਸ ਪਿੰਡ ਖੱਟਰਾਂ ਦੇ ਗੁਰੁਦਆਰਾ ਸਾਹਿਬ ਵਿਖੇ ਹੋਇਆ।ਕੀਰਤਨ ਉਪਰੰਤ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਅਤੇ ਸਮੁੱਚੇ ਇਲਾਕੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਖੱਟਰਾਂ ਪਿੰਡ ਦੇ ਗੱਜਣ ਸਿੰਘ ਇਸ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਹਨ।ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਕਿਸਾਨ ਸੰਘਰਸ਼ ਵਿੱਚ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਕਿਸਾਨਾਂ ਅਤੇ ਮਜਦੂਰਾਂ ਦੀਆਂ ਸ਼ਹੀਦੀਆਂ ਬੇਅਰਥ ਨਹੀਂ ਜਾਣਗੀਆਂ।ਕੇਂਦਰ ਸਰਕਾਰ ਨੂੰ ਇਹ ਤਿੰਨੋਂ ਕਾਲੇ ਕਾਨੂੰਨ ਹਰ ਹਾਲ ਵਿੱਚ ਵਾਪਸ ਲੈਣੇ ਪੈਣਗੇ, ਨਹੀਂ ਤਾਂ ਮੋਦੀ ਸਰਕਾਰ ਨੂੰ ਇਸ ਦਾ ਭਾਰੀ ਖਮਿਆਜ਼ਾ ਭੁਗਤਣਾ ਪਵੇਗਾ।
ਹਲਕਾ ਸਮਰਾਲਾ ਦੇ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ ਵਲੋਂ ਐਲਾਨੀ ਗਈ ਰਾਸ਼ੀ ਦਾ ਚੈਕ ਪਰਿਵਾਰ ਨੂੰ ਦਿੱਤਾ।ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਤਾ ਸਿੰਘ ਉਮੈਦਪੁਰੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਅਨਾਊਂਸ ਕੀਤੀ ਇੱਕ ਲੱਖ ਰੁਪਏ ਦੀ ਰਾਸ਼ੀ ਜਲਦ ਹੀ ਪਰਿਵਾਰ ਤੱਕ ਪਹੰੁਚ ਜਾਵੇਗੀ।ਆਮ ਆਦਮੀ ਪਾਰਟੀ ਵਲੋਂ ਉਚੇਚੇ ਤੌਰ ’ਤੇ ਪਹੁੰਚੇ ਕੁਲਤਾਰ ਸਿੰਘ ਸੰਧਵਾਂ, ਅਮਰਜੀਤ ਸਿੰਘ ਸੰਦੋਆ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ ਅਤੇ ਜੈ ਕਿਸ਼ਨ ਸਿੰਘ ਰੋੜੀ (ਪੰਜੇ ਵਿਧਾਇਕ) ਵਲੋਂ ਪਰਿਵਾਰ ਨੂੰ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ। ਨਿਰਭੈ ਸਿੰਘ ਕੁੱਬੇ ਵੱਲੋਂ ਪਰਿਵਾਰ ਨੂੰ ਇੱਕ ਲੱਖ ਰੁਪਇਆ, ਬਲਦੀਪ ਸਿੰਘ ਯੂ.ਐਸ.ਏ ਪੁੱਤਰ ਕੁਲਦੀਪ ਸਿੰਘ ਢੀਂਡਸਾ ਵਲੋਂ ਪੰਜਾਹ ਹਜਾਰ ਰੁਪਏ, ਸਿੱਖ ਬ੍ਰਿਟਿਸ਼ ਕੌਂਸਲ ਵੱਲੋਂ ਇੱਕ ਲੱਖ ਰੁਪਏ, ਪਿੰਡ ਕੋਟਗੰਗੂ ਰਾਏ ਦੇ ਪ੍ਰਵਾਸੀ ਭਾਰਤੀਆਂ ਵਲੋਂ ਇਕੱਤੀ ਹਜ਼ਾਰ ਰੁਪਏ ਅਤੇ ਇੱਕ ਦਾਨੀ ਸੱਜਣ ਵਲੋਂ ਗੁਪਤ ਦਾਨ ਤੀਹ ਹਜਾਰ ਰੁਪਏ ਨਾਲ ਮਦਦ ਦਿੱਤੀ ਗਈ।
ਵੱਖ-ਵੱਖ ਬੁਲਾਰਿਆਂ ‘ਚ ਕਿਸਾਨ ਆਗੂ ਉਤਮ ਸਿੰਘ ਬਰਵਾਲੀ, ਸਮੂਹ ਸਮਾਜਸੇਵੀ ਜਥੇਬੰਦੀਆਂ ਵਲੋਂ ਰਾਜਵਿੰਦਰ ਸਮਰਾਲਾ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਂਟ ਕੀਤੇ।ਹਰਜੀਵਨਪ੍ਰੀਤ ਸਿੰਘ ਗਹੌਰ ਨੇ ਬਾਪੂ ਜੀ ਦੇ ਜੀਵਨ ਨਾਲ ਸਬੰਧਿਤ ਕਵਿਤਾ ਪੇਸ਼ ਕੀਤੀ।ਸਮੁੱਚੇ ਪ੍ਰੋਗਰਾਮ ਦੀ ਭੂਮਿਕਾ ਦੀਪ ਦਿਲਬਰ ਵਲੋਂ ਨਿਭਾਈ ਗਈ।
ਇਸ ਮੌਕੇ ਬੀ.ਕੇ.ਯੂ ਏਕਤਾ ਸਿੱਧੂਪੁਰ ਦੇ ਸੂਬਾ ਵਾਈਸ ਪ੍ਰਧਾਨ ਜਸਵੀਰ ਸਿੰਘ, ਬਲਵੀਰ ਸਿੰਘ ਖੀਰਨੀਆਂ ਜ਼ਿਲ੍ਹਾ ਮੀਤ ਪ੍ਰਧਾਨ, ਤ੍ਰਿਬਤ ਸਿੰਘ ਮੁਸ਼ਕਾਬਾਦ ਬਲਾਕ ਪ੍ਰਧਾਨ ਸਮਰਾਲਾ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਬਲਜਿੰਦਰ ਸਿੰਘ ਬਬਲੂ ਲੋਪੋਂ, ਮਹਿੰਦਰ ਸਿੰਘ ਭੰਗਲਾਂ, ਜਗਤਾਰ ਸਿੰਘ ਦਿਆਲਪੁਰਾ ਆਮ ਆਦਮੀ ਪਾਰਟੀ, ਸੁਖਵਿੰਦਰ ਸਿੰਘ ਗਿੱਲ ਮਾਛੀਵਾੜਾ, ਸੁਖਵੰਤ ਸਿੰਘ ਟਿੱਲੂ, ਸੁਖਵਿੰਦਰ ਸਿੰਘ ਖੱਟਰਾਂ, ਹਰਦੀਪ ਸਿੰਘ ਖੱਟਰਾਂ, ਦੀਪੀ ਮਾਂਗਟ, ਮਾ. ਦਲੀਪ ਸਿੰਘ ਸਮਰਾਲਾ, ਨੀਰਜ਼ ਸਿਹਾਲਾ ਪ੍ਰਧਾਨ, ਅਮਰਜੀਤ ਸਿੰਘ ਬਾਲਿਓਂ, ਸਵਰਨ ਸਿੰਘ, ਬੱਗਾ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਹੋਏ।
ਅਖੀਰ ਵਿੱਚ ਸਰਪੰਚ ਮਨਪ੍ਰੀਤ ਕੌਰ ਅਤੇ ਸਮੂਹ ਗ੍ਰਾਮ ਪੰਚਾਇਤ ਖੱਟਰਾਂ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
Punjab Post Daily Online Newspaper & Print Media