Sunday, March 29, 2026

ਲੰਦਨ ਤੋਂ ਆਏ 264 ਯਾਤਰੀਆਂ ਦੇ ਆਰ.ਟੀ.ਪੀ.ਸੀ.ਆਰ ਟੈਸਟ ਕੀਤੇ – ਸੋਨੀ

8 ਯਾਤਰੀ ਪਾਏ ਗਏ ਕਰੋਨਾ ਪਾਜ਼ਟਿਵ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਦੱਸਿਆ ਕਿ ਲੰਦਨ ਤੋਂ ਬੀਤੀ ਰਾਤ ਅੰਮ੍ਰਿਤਸਰ ਲਈ ਆਈ ਉਡਾਨ ਵਿਚ ਆਏ 264 ਯਾਤਰੀਆਂ ਦੇ ਆਰ.ਟੀ.ਪੀ.ਸੀ.ਆਰ ਟੈਸਟ ਕੀਤੇ ਗਏ ਹਨ, ਜਿਸ ਵਿਚੋਂ 8 ਯਾਤਰੀ ਪਾਜ਼ਟਿਵ ਪਾਏ ਗਏ ਹਨ ਜਿੰਨਾਂ ਵਿੱਚੋਂ 6 ਪੁਰਸ਼ ਅਤੇ 2 ਮਹਿਲਾਵਾਂ ਹਨ। ਇਨ੍ਹਾਂ ਪਾਜ਼ਟਿਵ ਪਾਏ ਗਏ ਯਾਤਰੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇੰਸਟੀਟਿਊਸ਼ਨਲ ਕੁਆਰਟੀਨ ਕੀਤਾ ਜਾਵੇਗਾ।

                 ਉਨਾਂ ਦੱਸਿਆ ਕਿ ਲੰਦਨ ਵਿਚ ਫੈਲੇ ਕੋਰਨਾ ਦੇ ਨਵੇਂ ਸੰਸਕਰਣ ਕਾਰਨ ਕੇਂਦਰ ਸਰਕਾਰ ਵਲੋਂ ਲੰਦਨ ਤੋਂ ਹਵਾਈ ਸੇਵਾ 31 ਦਸੰਬਰ ਤੱਕ ਬੰਦ ਕਰ ਦਿੱਤੀ ਗਈ ਹੈ, ਪਰ ਇਹ ਜਹਾਜ਼ ਉਸ ਵੇਲੇ ਤੱਕ ਲੰਦਨ ਤੋਂ ਉਡਾਨ ਭਰ ਚੁੱਕਾ ਹੋਣ ਕਾਰਨ ਇਸ ਦੇ ਸਾਰੇ ਯਾਤਰੀਆਂ ਦੇ ਆਰ.ਟੀ.ਪੀ.ਸੀ.ਆਰ ਟੈਸਟ ਕਰਵਾਉਣ ਦੀਆਂ ਹਦਾਇਤਾਂ ਕੇਂਦਰ ਸਰਕਾਰ ਵੱਲੋਂ ਪ੍ਰਾਪਤ ਹੋਈਆਂ ਸਨ, ਜਿਸ ਦੇ ਮੱਦੇਨਜ਼ਰ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਵਾਈ ਅੱਡੇ ਉਤੇ ਹੀ ਪੁਖ਼ਤਾ ਪ੍ਰਬੰਧ ਕੀਤੇ ਗਏ।ਉਨਾਂ ਦੱਸਿਆ ਕਿ ਇਸ ਕੰਮ ਲਈ 4 ਟੀਮਾਂ ਹਵਾਈ ਅੱਡੇ ਉਤੇ ਤਾਇਨਾਤ ਕੀਤੀਆਂ ਗਈਆਂ, ਜਿੰਨਾ ਨੇ ਸਾਰੀ ਰਾਤ ਨਿੰਰਤਰ ਟੈਸਟਿੰਗ ਦਾ ਕੰਮ ਕੀਤਾ, ਪਰ ਟੈਸਟ ਦੀ ਇਹ ਪ੍ਰੀਕਿਰਿਆ ਜੋ ਕਿ ਅੰਦਾਜ਼ਨ 24 ਘੰਟੇ ਦਾ ਸਮਾਂ ਲੈ ਲੈਂਦੀ ਹੈ, ਨੂੰ 12-13 ਘੰਟਿਆਂ ਵਿਚ ਪੂਰਾ ਕੀਤਾ ਹੈ।
                ਉਨਾਂ ਸਿਹਤ ਵਿਭਾਗ ਵਲੋਂ ਕੋਰੋਨਾ ਕਾਲ ਵਿਚ ਲਗਾਤਾਰ ਕੀਤੀ ਜਾ ਰਹੀ ਅਣਥੱਕ ਸੇਵਾ ਦੀ ਸਰਾਹਨਾ ਕਰਦੇ ਕਿਹਾ ਕਿ ਸਾਡੇ ਡਾਕਟਰ ਤੇ ਹੋਰ ਅਮਲਾ ਆਪਣੇ ਫਰਜ਼ਾਂ ਨੂੰ ਬਾਖੂਬੀ ਨਿਭਾਅ ਰਿਹਾ ਹੈ।ਉਨਾਂ ਕਿਹਾ ਕਿ ਇਸ ਕੰਮ ਵਿਚ ਕਿਧਰੇ ਕੋਈ ਕੁਤਾਹੀ ਨਹੀਂ ਹੋਈ, ਪਰ ਕਿਉਂਕਿ ਮੁਸਾਫਰਾਂ ਨੂੰ ਆਪਣੀ ਮੰਜ਼ਿਲ ਉਤੇ ਛੇਤੀ ਜਾਣ ਦੀ ਕਾਹਲ ਹੁੰਦੀ ਹੈ, ਸੋ ਉਸ ਵਿਚ ਵਿਘਨ ਪਿਆ ਹੋਣ ਕਾਰਨ ਮੁਸਾਫਰ ਵੀ ਕਾਹਲੇ ਪਏ।ਉਨਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਦੀ ਮਨਸ਼ਾ ਕਿਸੇ ਨੂੰ ਪਰੇਸ਼ਾਨ ਕਰਨ ਦੀ ਨਹੀਂ ਹੁੰਦੀ, ਪਰ ਆਪਣੇ ਨਾਗਰਿਕਾਂ ਨੂੰ ਕੋਰੋਨਾ ਦੇ ਨਵੇਂ ਖ਼ਤਰੇ ਤੋਂ ਬਚਾਉਣ ਵਿਚ ਕੋਈ ਕੁਤਾਹੀ ਨਹੀਂ ਵਰਤੀ ਜਾ ਸਕਦੀ।ਇਸ ਲਈ ਬਿਨਾਂ ਆਰ.ਟੀ.ਪੀ.ਸੀ.ਆਰ ਟੈਸਟ ਦੀ ਰਿਪੋਰਟ ਦੇ ਮੁਸਾਫਿਰਾਂ ਨੂੰ ਜਾਣ ਦੀ ਆਗਿਆ ਨਹੀਂ ਸੀ ਦਿੱਤੀ ਜਾ ਸਕਦੀ।
                  ਦੱਸਣਯੋਗ ਹੈ ਕਿ ਐਸ.ਡੀ.ਐਮ ਅਜਨਾਲਾ ਦੀਪਕ ਭਾਟੀਆ ਦੀ ਅਗਵਾਈ ਹੇਠ ਮੈਡੀਕਲ ਟੀਮਾਂ ਵੱਲੋਂ ਪੂਰੀ ਰਾਤ ਯਾਤਰੀਆਂ ਦੇ ਟੈਸਟ ਕੀਤੇ ਗਏ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …