Tuesday, August 25, 2026

ਸਮਾਰਟ ਕੁਨੈਕਟ ਸਕੀਮ ਦੇ ਤੀਸਰੇ ਗੇੜ ‘ਚ ਮੁੱਖ ਮੰਤਰੀ ਨੇ 50 ਹਜਾਰ ਵਿਦਿਆਰਥੀਆਂ ਨੂੰ ਦਿੱਤਾ ਨਵੇਂ ਸਾਲ ਦਾ ਤੋਹਫਾ

ਅੰਤਿਮ ਗੇੜ ‘ਚ ਜ਼ਿਲ੍ਹੇ ਦੇ 60 ਸਕੂਲਾਂ ਦੇ 4357 ਵਿਦਿਆਰਥੀਆਂ ਨੂੰ ਵੰਡੇ ਸਮਾਰਟ ਫੋਨ

ਅੰਮ੍ਰਿਤਸਰ, 31 ਦਸੰਬਰ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਸਰਕਾਰ ਵਲੋਂ ਰਾਜ ਦੇ ਸਕੂਲ ਸਿੱਖਿਆ ਢਾਂਚੇ ਨੂੰ ਸਮੇਂ ਦੇ ਹਾਣ ਦਾ ਬਣਾਉਣ ਦੇ ਕੀਤੇ ਜਾ ਰਹੇ ਯਤਨਾਂ ਤਹਿਤ ਅੱਜ ਸੂਬੇ ਦੇ ਸਰਕਾਰੀ ਸਕੂਲਾਂ ਦੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦਿਆਂ ਸਮਾਰਟ ਕੁਨੈਕਟ ਸਕੀਮ ਤਹਿਤ ਸੂਬੇ ਦੇ 50 ਹਜਾਰ ਦੇ ਕਰੀਬ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡਣ ਦੇ ਆਨਲਾਈਨ ਉਦਘਾਟਨ ਕਰਨ ਨਾਲ ਇਹ ਮੁਹਿੰਮ ਨੇਪਰੇ ਚੜ੍ਹ ਗਈ।ਇਸ ਮੁਹਿੰਮ ਦੇ ਤੀਸਰੇ ਪੜਾਅ ਤਹਿਤ ਅੱਜ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ‘ਚ ਹੋਏ ਫੋਨ ਵੰਡ ਸਮਾਗਮ ‘ਚ 60 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ 4357 ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ।
                    ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੇ ਵਿਹੜੇ ਜ਼ਿਲ਼੍ਹਾ ਸਿੱਖਿਆ ਅਫਸਰ (ਸੈ.ਸਿ) ਅੰਮ੍ਰਿਤਸਰ ਸਤਿੰਦਰਬੀਰ ਸਿੰਘ ਤੇ ਕੰਵਲਜੀਤ ਸਿੰਘ ਡੀ.ਈ.ਓ. (ਐ.ਸਿ) ਅੰਮ੍ਰਿਤਸਰ ਦੀ ਸਾਂਝੀ ਅਗਵਾਈ ਹੇਠ ਹੋਏ ਜ਼ਿਲ਼੍ਹਾ ਪੱਧਰੀ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਪੁੱਜੇ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਫੋਨ ਵੰਡਣ ਦੀ ਰਸਮ ਅਦਾ ਕੀਤੀ।ਇਸ ਤੋਂ ਪਹਿਲਾਂ ਦੋ ਪੜਾਵਾਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੁਲਾਂ ਦੇ 9560 ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ ਸਨ।ਇਥੇ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ 88 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦੇ ਬਾਰਵੀਂ ਜਮਾਤ ‘ਚ ਪੜਦੇ 175448 ਵਿਦਿਆਰਥੀਆਂ ਨੂੰ ਸਮਾਰਟ ਫੋਨ ਅਤੇ 4 ਕਰੋੜ ਰੁਪਏ ਦੀ ਲਾਗਤ ਨਾਲ 3500 ਦੇ ਕਰੀਬ ਟੈਬਲੈਟ ਸਕੂਲਾਂ ਨੂੰ ਵੰਡੇ ਗਏ ਹਨ।
                 ਐਨ.ਐਸ.ਯੂ.ਆਈ ਦੇ ਸੂਬਾ ਪ੍ਰਧਾਨ ਅਕਸ਼ੇ ਸ਼ਰਮਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਰੋੋਨਾ ਮਹਾਂਮਾਰੀ ਦੌਰਾਨ ਬੱਚਿਆਂ ਨੂੰ ਸਮਾਰਟ ਫੋਨ ਵੰਡ ਕੇ ਸਿੱਖਿਆ ਨਾਲ ਜੋੜੀ ਰੱਖਣ ਦਾ ਉਪਰਾਲਾ ਸਿਰੇ ਚਾੜ ਕੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰਕੇ ਦਿਖਾਇਆ ਹੈ।
                 ਡੀ.ਸੀ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਹੇਠ ਕੋਰੋਨਾ ਸੰਕਟ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਹਾਸਲ ਕਰਨ ਲਈ ਸਮਾਰਟ ਫੋਨ ਪ੍ਰਦਾਨ ਕੀਤੇ ਗਏ ਹਨ।ਕੋਰੋਨਾ ਸੰਕਟ ਦੌਰਾਨ ਜਿਥੇ ਸੂਬਾ ਆਨਲਾਈਨ ਸਿੱਖਿਆ ਪ੍ਰਦਾਨ ਕਰਨ ‘ਚ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ ਉਥੇ ਹੀ ਸਰਕਾਰੀ ਸਕੂਲਾਂ ‘ਚ ਬੱਚਿਆਂ ਦੀ ਗਿਣਤੀ ਵਧਣ ਦੇ ਮਾਮਲੇ ਵਿੱਚ ਪੰਜਾਬ ਦੇਸ਼ ਭਰ ‘ਚੋਂ ਅੱਵਲ ਰਿਹਾ ਹੈ।
                ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਟੜਾ ਕਰਮ ਸਿੰਘ ਦੀ ਵਿਦਿਆਰਥਣ ਅਨਮੋਲ ਕੌਰ ਤੇ ਮੁਸਕਾਨ ਕੌਰ ਨੇ ਸਾਂਝੇ ਤੌਰ ਤੇ ਕਿਹਾ ਕਿ ਉਨ੍ਹਾਂ ਨੂੰ ਕੋਰੋਨਾ ਸੰਕਟ ਦੌਰਾਨ ਆਨਲਾਈਨ ਸਿੱਖਿਆ ਹਾਸਲ ਕਰਨ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।ਪਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਉਨ੍ਹਾਂ ਨੂੰ ਸਲਾਨਾ ਇਮਤਿਹਾਨਾਂ ਦੇ ਨੇੜੇ ਸਮਾਰਟ ਫੋਨ ਮੁਹੱਈਆ ਕਰਵਾ ਕੇ ਬਿਹਤਰ ਤਰੀਕੇ ਨਾਲ ਪੜਾਈ ਕਰਨ ਦਾ ਰਸਤਾ ਖੋਲ ਦਿੱਤਾ ਹੈ।
                 ਇਸ ਮੌਕੇ ਅਰੁਣ ਪੱਪਲ ਚੇਅਰਮੈਨ ਮਾਰਕੀਟ ਕਮੇਟੀ ਅੰਮਿ੍ਰਤਸਰ, ਵਿਕਾਸ ਹੀਰਾ ਐਸ.ਡੀ.ਐਮ ਅੰਮ੍ਰਿਤਸਰ, ਸ਼੍ਰੀਮਤੀ ਅਰਚਨਾ ਸ਼ਰਮਾ ਨਾਇਬ ਤਹਿਸੀਲਦਾਰ, ਸਤਿੰਦਰਬੀਰ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ (ਸੈ.ਸਿ), ਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ), ਹਰਭਗਵੰਤ ਸਿੰਘ, ਰਜੇਸ਼ ਕੁਮਾਰ (ਦੋਵੇਂ ਉਪ ਜ਼ਿਲ੍ਹਾ ਸਿੱਖਿਆ ਅਫਸਰ), ਡਾ: ਅਮਰਪਾਲੀ ਪ੍ਰਿੰਸੀਪਲ ਕਟੜਾ ਕਰਮ ਸਿੰਘ, ਪ੍ਰਿੰਸੀਪਲ ਮਨਦੀਪ ਕੌਰ ਮਾਲ ਰੋਡ, ਜਸਕਰਨ ਸਿੰਘ ਐਮ.ਆਈ.ਐਸ, ਪਰਮਿੰਦਰ ਸਿੰਘ ਕੜਿਆਲ ਮੀਡੀਆ ਕੋਆਰਡੀਨੇਟਰ, ਦਵਿੰਦਰ ਮੰਗੋਤਰਾ ਸੋਸ਼ਲ ਮੀਡੀਆ ਕੋਆਰਡੀਨੇਟਰ, ਮਿਸ ਅਦਰਸ਼ ਸ਼ਰਮਾ ਜ਼ਿਲ਼੍ਹਾ ਨੋਡਲ ਅਫਸਰ, ਸ਼੍ਰੀਮਤੀ ਪਰਤਿਭਾ ਲੈਕਚਰਾਰ ਮਾਲ ਰੋਡ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …