ਕਿਹਾ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ‘ਚ ਖੜ੍ਹੀ ਹੈ ਬਹੁਜਨ ਸਮਾਜ ਪਾਰਟੀ
ਸਮਰਾਲਾ, 2 ਜਨਵਰੀ (ਇੰਦਰਜੀਤ ਸਿੰਘ ਕੰਗ) – ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਸਮਰਾਲਾ ਦੇ ਪ੍ਰਧਾਨ ਲਖਵੀਰ ਸਿੰਘ ਘਰਖਣਾ ਦੀ ਅਗਵਾਈ
ਹੇਠ ਹਲਕਾ ਸਮਰਾਲਾ ਦੇ ਬਹੁਜਨ ਸਮਾਜ ਪਾਰਟੀ ਦੇ ਅਹੁੱਦੇਦਾਰ ਅਤੇ ਵਰਕਰ ਦਿੱਲੀ ਬਾਰਡਰ ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਇੱਕ ਵਿਸ਼ਾਲ ਜਥਾ ਸੰਘੂ ਬਾਰਡਰ ਵਿਖੇ ਪਹੁੰਚਿਆ।ਇਸ ਸਬੰਧੀ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦੇ ਹੋਏ ਪ੍ਰਧਾਨ ਲਖਵੀਰ ਸਿੰਘ ਘਰਖਣਾ ਨੇ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਦੇ ਸੁਪਰੀਮੋ ਭੈਣ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਦੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਹੇਠ ਦਿੱਲੀ ਪਹੁੰਚਣ ਦਾ ਸੁਨੇਹਾ ਦਿੱਤਾ ਸੀ।ਸਮਰਾਲਾ ਤੋਂ ਜਥਾ ਉਨ੍ਹਾਂ ਦੀ ਅਗਵਾਈ ਹੇਠ ਵੱਖ ਵੱਖ ਵਾਹਨਾਂ ਰਾਹੀਂ ਪਹੁੰਚਿਆ।ਜਿਥੇ ਉਨ੍ਹਾਂ ਨੇ ਕਿਸਾਨੀ ਸੰਘਰਸ਼ ਵਿੱਚ ਕਿਸਾਨਾਂ ਦੇ ਹੱਕ ‘ਚ ਹੋਰ ਵਿਧਾਨ ਸਭਾ ਹਲਕਿਆਂ ਤੋਂ ਪਹੰੁਚੇ ਬਸਪਾ ਦੇ ਆਗੂਆਂ ਅਤੇ ਵਰਕਰਾਂ ਨੇ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ।
ਇਸ ਮੌਕੇ ਬਸਪਾ ਦੇ ਵਰਕਰਾਂ ਨੇ ਕਿਸਾਨਾਂ ਦੇ ਹੱਕ ਵਿੱਚ ਅਸਮਾਨ ਗੂੰਜਦੇ ਨਾਅਰੇ ਲਗਾਏ।ਜਿਸ ਵਿੱਚ ‘ਕਿਸਾਨੋਂ ਕੇ ਸਨਮਾਨ ਮੇਂ, ਬੀ.ਐਸ.ਪੀ ਮੈਦਾਨ ਮੇਂ’, ਜ਼ਮੀਨ ਹਮਾਰੀ ਰਾਜ ਤੁਮਾਹਰਾ- ਨਹੀਂ ਚਲੇਗਾ-ਨਹੀਂ ਚਲੇਗਾ’ ਨਾਅਰੇ ਲਗਾਏ ਗਏ ਅਤੇ ਮੋਦੀ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ।ਉਨ੍ਹਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਜੋ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਗਏ ਹਨ, ਉਹ ਕੇਵਲ ਕਿਸਾਨਾਂ ਲਈ ਹੀ ਨਹੀਂ ਬਲਕਿ ਮਜ਼ਦੂਰਾਂ ਲਈ ਹਾਨੀਕਾਰਕ ਹਨ, ਬਹੁਜ਼ਨ ਸਮਾਜ ਪਾਰਟੀ ਜੋ ਕਿ ਮਜਲੂਮਾਂ ਅਤੇ ਮਜ਼ਦੂਰਾਂ ਦੀ ਪਾਰਟੀ ਹੈ, ਕੇਂਦਰ ਸਰਕਾਰ ਦੇ ਮਾੜੇ ਕਾਨੂੰਨਾਂ ਨਾਲ ਪੰਜਾਬ ਕੀ ਪੂਰੇ ਭਾਰਤ ਦੇ ਮਜਦੂਰ ਵੀ ਇਸ ਦੀ ਮਾਰ ਤੋਂ ਨਹੀਂ ਬਚ ਸਕਣਗੇ।ਜਿਸ ਕਾਰਨ ਬਹੁਜਨ ਸਮਾਜ ਪਾਰਟੀ ਪੂਰੀ ਤਰ੍ਹਾਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਨਾਲ ਖੜ੍ਹੀ ਹੈ ਅਤੇ ਮੋਦੀ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦਾ ਡਟ ਕੇ ਵਿਰੋਧ ਕਰੇਗੀ ਅਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਹੀ ਦਮ ਲਵੇਗੀ।ਉਨ੍ਹਾਂ ਨਾਲ ਕਿਸਾਨਾਂ ਦੇ ਹੱਕ ਵਿੱਚ ਦਿੱਲੀ ਜਾਣ ਵਾਲਿਆਂ ਵਿੱਚ ਪ੍ਰਮੁੱਖ ਤੌਰ ‘ਤੇ ਭੁਪਿੰਦਰ ਸਿੰਘ ਬੱਬੂ ਸ਼ਹਿਰੀ ਪ੍ਰਧਾਨ ਸਮਰਾਲਾ, ਰਣਜੀਤ ਸਿੰਘ ਬਿੱਟੂ ਸਾਬਕਾ ਪ੍ਰਧਾਨ, ਵਰਿੰਦਰ ਮਹਿਰਾ ਆਦਿ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਹਲਕਾ ਸਮਰਾਲਾ ਦੇ ਵਰਕਰ ਵੀ ਸ਼ਾਮਲ ਸਨ।
Punjab Post Daily Online Newspaper & Print Media