ਧੂਰੀ-ਪਿੰਡ ਦਾ ਖਸਤਾ ਹਾਲਤ ਰਵੀਦਾਸੀਆ ਦਰਵਾਜ਼ਾ ਦੇ ਰਿਹਾ ਹੈ ਵੱਡੇ ਹਾਦਸੇ ਨੂੰ ਸੱਦਾ
ਧੂਰੀ, 8 ਜਨਵਰੀ (ਪ੍ਰਵੀਨ ਗਰਗ) – ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਸੂਬੇ ਦੇ ਵਿਕਾਸ ਕਾਰਜਾਂ ਦੇ ਦਾਅਵੇ ਉਸ ਸਮੇਂ ਖੋਖਲੇ ਹੋਏ ਜਾਪੇ, ਜਦੋਂ ਧੂਰੀ-ਪਿੰਡ ਦੇ
ਰਵੀਦਾਸੀਆ ਦਰਵਾਜ਼ੇ ਦੀ ਹਾਲਤ ਬਦ ਤੋਂ ਬਦਤਰ ਦੇਖੀ ਗਈ।ਜਿਥੇ ਸਮੇਂ-ਸਮੇਂ ‘ਤੇ ਸਰਕਾਰਾਂ ਪੁਰਾਣੀਆਂ ਅਤੇ ਯਾਦਗਾਰੀ ਪਿੰਡਾਂ ਦੀਆਂ ਇਮਾਰਤਾਂ ਦੀ ਸਾਂਭ-ਸੰਭਾਲ ਲਈ ਲੱਖਾਂ ਰੁਪਏ ਦੀਆਂ ਗਰਾਂਟਾਂ ਦੇਣ ਦੇ ਦਾਅਵੇ ਕਰਦੀਆਂ ਹਨ, ਉਥੇ ਹੀ ਧੂਰੀ ਪਿੰਡ ਦਾ ਰਵੀਦਾਸੀਆ ਦਰਵਾਜਾ ਸਰਕਾਰੀ ਗਰਾਂਟ ਦੀ ਉਡੀਕ ਕਰ ਰਿਹਾ ਹੈ।ਇਥੇ ਰਹਿੰਦੇ ਵਸਨੀਕ ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਦਰਵਾਜਾ 1986 ਵਿੱਚ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਧੂਰੀ ਨੇ ਬਣਾਇਆ ਸੀ, ਜਿੱਥੇ 25 ਤੋਂ 30 ਘਰ ਇਸ ਦਰਵਾਜੇ ਨਾਲ ਜੁੜੇ ਹੋਏ ਹਨ, ਉਹਨਾਂ ਦੇ ਗਮੀ-ਖੁਸ਼ੀ ਦੇ ਪ੍ਰੋਗਰਾਮ ਇਸ ਦਰਵਾਜੇ ਅੰਦਰ ਹੀ ਹੁੰਦੇ ਹਨ, ਪ੍ਰੰਤੂ ਪਿਛਲੇ ਸਮੇਂ ਤੋਂ ਇਸ ਦੀ ਸਾਂਭ ਸੰਭਾਲ ਦੀ ਅਣਦੇਖੀ ਹੁੰਦੀ ਆ ਰਹੀ ਹੈ।ਹੁਣ ਇਸ ਦੀ ਹਾਲਤ ਤਰਸਯੋਗ ਬਣੀ ਹੋਈ ਹੈ।ਦਰਵਾਜੇ ਦੀ ਛੱਤ ਬੁਰੀ ਤਰਾਂ੍ਹ ਖਸਤਾ ਹਾਲਤ ਹੋ ਚੁੱਕੀ ਹੈ।ਜਿਸ ਵਿੱਚੋਂ ਇੱਟਾਂ-ਬਾਲੇ ਵਗੈਰਾ ਡਿੱਗਦੇ ਰਹਿੰਦੇ ਹਨ, ਜੋ ਕਿ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੇ ਹਨ।ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।ਉਹਨਾਂ ਦੁਖੀ ਮਨ ਨਾਲ ਦੱਸਿਆ ਕਿ ਆਮ ਲੋਕਾਂ ਵਾਸਤੇ ਇਹ ਇੱਕ ਪੁਰਾਣਾ ਦਰਵਾਜਾ ਹੋ ਸਕਦਾ ਹੈ, ਪਰ ਸਾਡੇ ਗਰੀਬ ਲੋਕਾਂ ਵਾਸਤੇ ਇਹ ਇੱਕ ਮੈਰਿਜ਼ ਪੈਲੇਸ ਵਾਂਗ ਹੈ।ਜਿਥੇ ਅਸੀਂ ਆਪਣੇ ਵਿਆਹ-ਸ਼ਾਦੀ ਅਤੇ ਹੋਰ ਧਾਰਮਿਕ ਪ੍ਰੋਗਰਾਮ ਕਰਵਾਉਂਦੇ ਹਾਂ।ਅਸੀਂ ਪਿਛਲੇ ਲੰਮੇਂ ਸਮੇਂ ਤੋਂ ਸੰਗਰੂਰ ਤੋਂ ਸੰਸਦ ਮੈਨਬਰ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਕੋਲ ਕਈ ਵਾਰ ਲਿਖਤੀ ਰੂਪ ਵਿੱਚ ਪੰਚਾਇਤੀ ਮਤਾ ਪਾ ਕੇ ਦਿੱਤਾ ਹੈ, ਪਰ ਕਿਸੇ ਨੇ ਸਾਡੀ ਬਾਂਹ ਨਹੀਂ ਫੜੀ ਅਤੇ ਇਸ ਦਰਵਾਜੇ ਵੱਲ ਕੋਈ ਧਿਆਨ ਨਹੀਂ ਦਿੱਤਾ।ਇਸ ਦਰਵਾਜੇ ਦੀਆਂ ਦੀਵਾਰਾਂ ਵੀ ਪੂਰੀ ਤਰਾਂ੍ਹ ਟੁੱਟ ਚੁੱਕੀਆਂ ਹਨ।ਉਹਨਾਂ ਕਿਹਾ ਕਿ ਵੋਟਾਂ ਵੇਲੇ ਹਰ ਸਿਆਸੀ ਲੀਡਰ ਵੱਡੇ-ਵੱਡੇ ਦਾਅਵੇ ਕਰਦੇ ਹਨ, ਪਰ ਵੋਟਾਂ ਲੈਣ ਤੋਂ ਬਾਅਦ ਨਜ਼ਰ ਨਹੀਂ ਆਉਂਦੇ।ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਦਰਵਾਜੇ ਦੀ ਜ਼ਲਦੀ ਤੋਂ ਜ਼ਲਦੀ ਮੁਰੰਮਤ ਕਰਵਾਈ ਜਾਵੇ।
ਇਸ ਮੌਕੇ ਰਾਜਵਿੰਦਰ ਸਿੰਘ, ਤਰਨਜੀਤ ਸਿੰਘ, ਦਰਸ਼ਨ ਸਿੰਘ, ਹਰੀਦੇਵ ਸਿੰਘ, ਮਨਪ੍ਰੀਤ ਸਿੰਘ, ਗੁਰਚਰਨ ਸਿੰਘ, ਹੈਪੀ ਅਤੇ ਕਈ ਔਰਤਾਂ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media