ਜਗਤ ਪੰਜਾਬੀ ਸਭਾ ਵੱਲੋਂ ਕੈਨੇਡਾ ’ਚ ਕਰਵਾਏ ਜਾ ਰਹੇ ਸਮਾਗਮ ’ਚ ਕੀਤਾ ਜਾਵੇਗਾ ਸਨਮਾਨਿਤ
ਅੰਮ੍ਰਿਤਸਰ, 12 ਜਨਵਰੀ (ਖੁਰਮਣੀਆਂ) – ਪੂਰੀ ਦੁਨੀਆ ‘ਚ ਪੰਜਾਬੀ ਸਭਿਆਚਾਰ ਤੇ ਵਿਰਾਸਤ ਨੂੰ ਉੱਚ ਪੱਧਰ ’ਤੇ ਲੈ ਜਾਣ ਲਈ ਕੈਨੇਡਾ ਦੀ ਸਿਰਮੌਰ ਸੰਸਥਾ
ਜਗਤ ਪੰਜਾਬੀ ਨੇ ਵਿਸ਼ਵ ਭਰ ਦੇ 101 ਪ੍ਰਮੁੱਖ ਪੰਜਾਬੀਆਂ ਦੀ ਇੱਕ ਸੂਚੀ ਬਣਾਈ ਹੈ, ਜਿਨ੍ਹਾਂ ਨੇ ਆਪਣੇ-ਆਪਣੇ ਖੇਤਰ ਜਾਂ ਗਤੀਵਿਧੀਆਂ ’ਚ ਇਕ ਵੱਡਾ ਯੋਗਦਾਨ ਪਾਇਆ ਹੈ।ਇਸ ਸੂਚੀ ’ਚ ਉੱਘੇ ਵਿਦਵਾਨ ਤੇ ਚਿੰਤਕ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਹੁਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਅਤੇ ਇਨ੍ਹਾਂ ਪ੍ਰਮੁੱਖ ਉਕਤ ਪੰਜਾਬੀਆਂ ਨੂੰ ਕੈਨੇਡਾ ’ਚ 25 ਤੋਂ 27 ਜੂਨ ਤੱਕ ਕਰਵਾਈ ਜਾ ਰਹੀ ਵਿਸ਼ਵ ਪੰਜਾਬੀ ਕਾਨਫ਼ਰੰਸ ਦੌਰਾਨ ਸਨਮਾਨਿਤ ਕੀਤਾ ਜਾਵੇਗਾ।
ਪੰਜਾਬੀ ਬਿਜਨਸ ਪ੍ਰੋਫ਼ੈਸ਼ਨਲ ਐਸੋਸੀਏਸ਼ਨ 2012 ’ਚ ਸਥਾਪਿਤ ਕੀਤੀ ਗਈ ਸੀ, ਜਦਕਿ ਜਗਤ ਪੰਜਾਬੀ ਸਭਾ ਸਾਲ 2019 ’ਚ ਓਂਟਾਰੀਓ, ਕੈਨੇਡਾ ’ਚ ਰਜਿਸਟਰ ਕੀਤੀ ਗਈ।ਇਹ ਦੋਵੇਂ ਅਜਿਹੀਆਂ ਸੰਸਥਾਵਾਂ ਹਨ ਜੋ ਲੋਕਾਂ ਦੇ ਸਮੂਹਾਂ ਵੱਲੋਂ ਚਲਾਈਆਂ ਜਾ ਰਹੀਆਂ ਹਨ।ਇਨ੍ਹਾਂ ਦੋਵਾਂ ਸੰਸਥਾਵਾਂ ਵਲੋਂ ਇਸ ਸਾਲ 25,26,27 ਜੂਨ ਨੂੰ ਟੋਰਾਂਟੋ, ਕੈਨੇਡਾ ਵਿਖੇ ਵਿਸ਼ਵ ਪੰਜਾਬੀ ਕਾਨਫ਼ਰੰਸ ਕਰਵਾਈ ਜਾ ਰਹੀ ਹੈ ਜਿਸ ਕਾਨਫ਼ਰੰਸ ’ਚ 101 ਪ੍ਰਮੁੱਖ ਪੰਜਾਬੀ ਸ਼ਿਰਕਤ ਕਰਨਗੇ ਤੇ ਇਸ ’ਚ ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਵੀ ਇਸ ਸਮਾਗਮ ’ਚ ਸਨਮਾਨਿਤ ਕੀਤਾ ਜਾਵੇਗਾ।
ਪ੍ਰਿੰਸੀਪਲ ਡਾ. ਮਹਿਲ ਸਿੰਘ ਹੁਰਾਂ ਨੂੰ 101 ਪ੍ਰਮੁੱਖ ਪੰਜਾਬੀਆਂ ’ਚ ਚੁਣੇ ਜਾਣ ਦਾ ਐਲਾਨ ਹੋਣ ’ਤੇ ਕਾਲਜ ਦਾ ਸਮੂਹ ਸਟਾਫ਼ ਉਨ੍ਹਾਂ ਨੂੰ ਵਧਾਈ ਦੇਣ ਪੁੱਜਾ।ਇਸੇ ਸਿਲਸਿਲੇ ’ਚ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ’ਚ ਜਗਤ ਪੰਜਾਬੀ ਸੰਸਥਾ, ਕੈਨੇਡਾ ਵਲੋਂ ਇਸ ਐਲਾਨ ਨਾਲ ਸਬੰਧਿਤ ਭੇਜਿਆ ਗਿਆ ਵਿਸ਼ੇਸ਼ ਸਨਮਾਨ ਨਿਸ਼ਾਨ ਤੇ ਦੋਸ਼ਾਲਾ ਡਾ. ਮਹਿਲ ਸਿੰਘ ਹੁਰਾਂ ਨੂੰ ਭੇਂਟ ਕੀਤਾ ਗਿਆ।
ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਜਗਤ ਪੰਜਾਬੀ ਸਭਾ ਵੱਲੋਂ ਐਲਾਨੀ ਗਈ ਸੂਚੀ ਦੀ ਜਾਣਕਾਰੀ ਦਿੰਦਿਆਂ, ਸੰਸਥਾ ਦੇ ਚੇਅਰਮੈਨ ਅਜਾਇਬ ਸਿੰਘ ਚੱਠਾ ਵੱਲੋਂ ਭੇਜਿਆ ਗਿਆ ਸੁਨੇਹਾ ਪੜ੍ਹ ਕੇ ਸੁਣਾਇਆ।ਇਸ ਸੁਨੇਹੇ ’ਚ ਚੱਠਾ ਨੇ ਕਿਹਾ ਕਿ ਪ੍ਰਿੰਸੀਪਲ ਡਾ. ਮਹਿਲ ਸਿੰਘ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਸੰਸਥਾ ਆਪ ਸਨਮਾਨਿਤ ਮਹਿਸੂਸ ਕਰ ਰਹੀ ਹੈ।ਡਾ. ਰੰਧਾਵਾ ਨੇ ਡਾ. ਮਹਿਲ ਸਿੰਘ ਦੀ ਅਗਵਾਈ ’ਚ ਕੀਤੇ ਗਏ ਕਾਰਜਾਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੀ ਦੂਰਦਰਸ਼ੀ ਅਗਵਾਈ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਕਾਲਜ ਦੇ ਰਜਿਸਟ੍ਰਾਰ ਪ੍ਰੋਫ਼ੈਸਰ ਦਵਿੰਦਰ ਸਿੰਘ ਨੇ ਕਿਹਾ ਕਿ ਡਾ. ਮਹਿਲ ਸਿੰਘ ਦਾ ਸਨਮਾਨ ਸਮੁੱਚੇ ਕਾਲਜ ਲਈ ਮਾਣ ਵਾਲੀ ਗੱਲ ਹੈ ਤੇ ਇਸ ਨਾਲ ਸਾਰਾ ਸਟਾਫ਼ ਸਨਮਾਨਿਤ ਮਹਿਸੂਸ ਕਰ ਰਿਹਾ ਹੈ।ਕਾਮਰਸ ਤੇ ਮੈਨੇਜਮੈਂਟ ਵਿਭਾਗ ਦੇ ਮੁਖੀ ਡਾ. ਅਵਤਾਰ ਸਿੰਘ ਨੇ ਕਿਹਾ ਕਿ ਡਾ. ਮਹਿਲ ਸਿੰਘ ਨਾ ਸਿਰਫ਼ ਵਿਦਿਆਰਥੀਆਂ ’ਚ ਹਰਮਨ-ਪਿਆਰੇ ਅਧਿਆਪਕ ਹਨ ਬਲਕਿ ਇਕ ਹਰਫ਼ਨਮੌਲਾ ਪ੍ਰਬੰਧਕ ਹਨ, ਜੋ ਹਰ ਮਸਲੇ ਨੂੰ ਬੜੇ ਸਹਿਜ਼ ਨਾਲ ਨਜਿੱਠ ਲੈਂਦੇ ਹਨ।ਡੀਨ ਖੇਤੀਬਾੜੀ ਪ੍ਰੋਫ਼ੈਸਰ ਗੁਰਦੇਵ ਸਿੰਘ ਨੇ ਕਿਹਾ ਕਿ ਜਿਹੜੇ ਡਾ. ਮਹਿਲ ਸਿੰਘ ਹੁਰਾਂ ਨੂੰ ਨੇੜਿਓਂ ਜਾਣਦੇ ਹਨ, ਉਹ ਸਾਰੇ ਵਾਕਫ਼ ਹਨ ਕਿ ਪ੍ਰਿੰਸੀਪਲ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਪ੍ਰਸ਼ਾਸਕ ਹੀ ਨਹੀਂ ਬਲਕਿ ਆਪਣੱਤ ਨਾਲ ਭਰਪੂਰ ਸ਼ਖ਼ਸੀਅਤ ਵੀ ਹਨ।ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਹੀਰਾ ਸਿੰਘ ਨੇ ਮੰਚ ਸੰਚਾਲਕ ਦੀ ਭੂਮਿਕਾ ਬਖ਼ੂਬੀ ਨਿਭਾਈ।
ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਦਲਜੀਤ ਸਿੰਘ, ਲਾਇਬ੍ਰੇਰੀਅਨ ਸੁਖਦੇਵ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿਲੋਂ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ, ਡਾ. ਗੁਰਿੰਦਰ ਕੌਰ, ਡਾ. ਪਵਨ ਕੁਮਾਰ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਗੁਰਸ਼ਰਨ ਸਿੰਘ, ਪ੍ਰੋ. ਗੁਰਸ਼ਿੰਦਰ ਕੌਰ, ਪ੍ਰੋ. ਅਮਨਦੀਪ ਕੌਰ, ਡਾ. ਰਾਜਬੀਰ ਕੌਰ, ਡਾ. ਚਿਰਜੀਵਨ ਕੌਰ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਅੰਮ੍ਰਿਤਪਾਲ ਕੌਰ, ਡਾ. ਰਜਨੀਸ਼ ਕੌਰ, ਡਾ. ਪਰਮਿੰਦਰਜੀਤ ਕੌਰ ਤੇ ਪੱਤਰਕਾਰੀ ’ਤੇ ਜਨਸੰਚਾਰ ਵਿਭਾਗ ਦੇ ਪ੍ਰੋਫ਼ੈਸਰ ਦੀਪ ਜਗਦੀਪ ਸਿੰਘ ਵੀ ਹਾਜ਼ਰ ਸਨ।
Punjab Post Daily Online Newspaper & Print Media