ਧੂਰੀ, 24 ਜਨਵਰੀ (ਪ੍ਰਵੀਨ ਗਰਗ) – ਆਮ ਆਦਮੀ ਪਾਰਟੀ ਦੇ ਆਗੂ ਡਾ. ਅਨਵਰ ਭਸੌੜ, ਰਾਜਵੰਤ ਸਿੰਘ ਘੁੱਲੀ ਅਤੇ ਅਨਿਲ ਮਿੱਤਲ ਨੇ ਪੱਤਰਕਾਰਾਂ ਨੂੰ ਸ਼ਹਿਰ
ਦੇ ਵੱਖ-ਵੱਖ ਹਿੱਸਿਆਂ ਵਿੱਚ ਮੰਦਰਾਂ, ਸਕੂਲਾਂ, ਧਰਮਸ਼ਾਲਾਵਾਂ ਅਤੇ ਅਨੇਕਾਂ ਚੌਕਾਂ ਵਿੱਚ ਗੰਦਗੀ ਦੇ ਲੱਗੇ ਢੇਰ ਦਿਖਾਉਂਦਿਆਂ ਕਿਹਾ ਕਿ ਸ਼ਹਿਰ ਵਿੱਚ ਬਹੁਤ ਸਾਰੀਆਂ ਥਾਂਵਾਂ ‘ਤੇ ਅਕਸਰ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ, ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਨਾਲੇ-ਨਾਲੀਆਂ ਪਲਾਸਟਿਕ ਦੇ ਲਿਫਾਫਿਆਂ ਨਾਲ ਭਰੇ ਰਹਿੰਦੇ ਹਨ।ਉਹਨਾਂ ਕਿਹਾ ਕਿ ਇਸ ਸਬੰਧੀ ਉਹ ਕਈ ਵਾਰ ਨਗਰ ਕੌਂਸਲ ਦੇ ਦਫਤਰ ਵਿਖੇ ਜਾ ਕੇ ਅਧਿਕਾਰੀਆਂ ਨੂੰ ਮੌਕੇ ‘ਤੇ ਬੁਲਾ ਕੇ ਅਸਲ ਹਕੀਕਤ ਤੋਂ ਜਾਣੂ ਕਰਵਾ ਚੁੱਕੇ ਹਨ।ਇਸ ਦੇ ਬਾਵਜ਼ੂਦ ਨਗਰ ਕੌਂਸਲ ਦੇ ਕਈ ਅਧਿਕਾਰੀ ਇਹਨਾਂ ਹਿੱਸਿਆਂ ਦੀ ਸਫਾਈ ਕਰਵਾਉਣ ਦਾ ਵਿਸ਼ਵਾਸ ਦਿਵਾ ਕੇ ਪਾਸਾ ਵੱਟ ਜਾਂਦੇ ਹਨ ਅਤੇ ‘ਪੰਚਾਂ ਦਾ ਕਿਹਾ ਸਿਰ-ਮੱਥੇ ਪਰਨਾਲਾ ਉੱਥੇ ਦਾ ਉੱਥੇ’ ਵਾਲੀ ਕਹਾਵਤ ਨਗਰ ਕੌਂਸਲ ਧੂਰੀ ‘ਤੇ ਪੂਰੀ ਤਰਾਂ ਢੁੱਕਦੀ ਹੈ।
ਉਹਨਾਂ ਕਿਹਾ ਕਿ ਨਗਰ ਕੌਂਸਲ ਦੇ ਕਈ ਜਿੰਮੇਵਾਰ ਅਧਿਕਾਰੀਆਂ ਵੱਲੋਂ ਸਟੇਸ਼ਨ ਹੈਡ ਕੁਆਰਟਰ ‘ਤੇ ਨਾ ਰਹਿਣ ਕਾਰਨ ਅਤੇ ਆਏ ਦਿਨ ਡਿਊਟੀ ‘ਤੇ ਸਮੇਂ ਤੋਂ ਪਹਿਲਾਂ-ਪਿੱਛੋਂ ਆਉਣ-ਜਾਣ ਦੇ ਚੱਲਦਿਆਂ ਅਤੇ ਉਚ-ਪ੍ਰਸ਼ਾਸਨਿਕ ਅਧਿਕਾਰੀਆਂ ਦਾ ਡਰ ਨਾ ਹੋਣ ਕਾਰਨ ਧੂਰੀ ਸ਼ਹਿਰ ਦੀ ਤਸਵੀਰ ਨਿੱਖਰਣ ਦੀ ਬਜ਼ਾਏ ਧੁੰਦਲੀ ਹੁੰਦੀ ਜਾ ਰਹੀ ਹੈ।ਜਦੋਂਕਿ ਹਲਕਾ ਵਿਧਾਇਕ ਵੱਲੋਂ ਧੂਰੀ ਨੂੰ ਪੰਜਾਬ ਵਿੱਚ ਚਮਕਾਉਣ ਦੇ ਦਾਅਵੇ ਕੀਤੇ ਗਏ ਸਨ ਅਤੇ ਲੱਗਭਗ 4 ਸਾਲ ਬੀਤ ਜਾਣ ਤੋਂ ਮਗਰੋਂ ਵੀ ਸ਼ਹਿਰ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋਇਆ।
ਇਸ ਮੌਕੇ ਐਡਵੋਕੇਟ ਰਾਜ ਕੁਮਾਰ ਸਿੰਗਲਾ, ਐਸ.ਐਸ ਚੱਠਾ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਕਰਵਾ ਕੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਲੋੜੀਦੇ ਦਿਸ਼ਾ-ਨਿਰਦੇਸ਼ ਦੇਣ ਤਾਂ ਜੋ ਸਰਕਾਰੀ ਕੰਮਾਂ ਲਈ ਆਉਣ ਵਾਲੀ ਗਰਾਂਟ ਦੀ ਸਹੀ ਵਰਤੋਂ ਹੋ ਸਕੇ ਅਤੇ ਹਕੀਕਤ ਵਿੱਚ ਵੀ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਹੋ ਸਕੇ।
Check Also
ਬੀਬੀਕੇ ਡੀਏਵੀ ਕਾਲਜ ਵੂਮੈਨ ਨੇ ਰਾਸ਼ਟਰੀ ਖੇਡ ਦਿਵਸ ਮੌਕੇ ‘ਖੇਲੋ ਇੰਡੀਆ ਡਾਇਲਾਗ’ ਵਿੱਚ ਹਿੱਸਾ ਲਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਵੱਲੋਂ ਰਾਸ਼ਟਰੀ ਖੇਡ ਦਿਵਸ …
Punjab Post Daily Online Newspaper & Print Media