Wednesday, March 18, 2026

ਡਿਪਟੀ ਕਮਿਸ਼ਨਰ ਵਲੋਂ ਸੁਵਿਧਾ ਕੇਂਦਰਾਂ ‘ਚ ਬਕਾਇਆ ਕੇਸਾਂ ਨੂੰ ਤਰੁੰਤ ਨਿਪਟਾਉਣ ਦੇ ਨਿਰਦੇਸ਼

ਲੋੜ ਅਨੁਸਾਰ ਨਵੇਂ ਸੇਵਾ ਕੇਂਦਰ ਖੋਲਣ ਬਾਰੇ ਵੀ ਤਜਵੀਜ਼ ਬਣਾਉਣ ਦੀ ਕੀਤੀ ਹਦਾਇਤ

ਅੰਮ੍ਰਿਤਸਰ, 12 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਜਿਲ੍ਹੇ ਵਿਚ ਚੱਲ ਰਹੇ ਸੇਵਾ ਕੇਂਦਰਾਂ ਦੇ ਕੰਮ ਦੀ ਸਮੀਖਿਆ ਕਰਦੇ ਹਰ ਨਾਗਰਿਕ ਨੂੰ ਖਿੜੇ ਮੱਥੇ ਜੀ ਆਇਆਂ ਕਹਿਣ ਦੀ ਲੋੜ ‘ਤੇ ਜ਼ੋਰ ਦਿੰਦੇ ਕਿਹਾ ਕਿ ਸੇਵਾ ਕੇਂਦਰ ਵਿਚ ਲੋਕਾਂ ਨੂੰ ਲੰਮਾ ਇੰਤਜ਼ਾਰ ਨਾ ਕਰਨਾ ਪਵੇ, ਇਸ ਲਈ ਠੋਸ ਕਦਮ ਚੁੱਕੇ ਜਾਣ।
                    ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਤੌਰ ਅਤੇ ਜਿਲ੍ਹਾ ਟੈਕਨੀਕਲ ਕੁਆਰਡੀਨੇਟਰ ਪ੍ਰਿੰਸ ਸਿੰਘ ਸਮੇਤ ਸਮੁੱਚੀ ਟੀਮ ਨਾਲ ਸੇਵਾ ਕੇਂਦਰਾਂ ਦੇ ਕੰਮ, ਬਕਾਇਆ ਪਏ ਕੇਸਾਂ, ਕੰਮ ਉਤੇ ਲੱਗਦੇ ਸਮੇਂ, ਸਟਾਫ ਤੇ ਹੋਰ ਸਾਜ਼ੋ ਸਮਾਨ ਆਦਿ ਦੀ ਲੋੜ ‘ਤੇ ਵਿਚਾਰ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਇਸ ਵੇਲੇ ਜਿਲ੍ਹੇ ਵਿਚ ਚਾਹੇ 41 ਸੇਵਾ ਕੇਂਦਰ ਕੰਮ ਕਰ ਰਹੇ ਹਨ, ਪਰ ਲੋਕਾਂ ਦੀ ਸਹੂਲਤ ਅਤੇ ਤੁਹਾਡੀ ਲੋੜ ਅਨੁਸਾਰ ਜੇਕਰ ਹੋਰ ਸੇਵਾ ਕੇਂਦਰ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਇਸ ਬਾਰੇ ਵਿਚਾਰ ਕੀਤਾ ਜਾਵੇ।ਉਨਾਂ ਕਿਹਾ ਕਿ ਸ਼ਹਿਰਾਂ ਦੇ ਸੇਵਾ ਕੇਂਦਰਾਂ ਵਿਚ ਵੱਡੀ ਭੀੜ ਲੱਗਦੀ ਹੈ।ਇਸ ਲਈ ਇੰਨਾਂ ਕੇਂਦਰਾਂ ਵਿਚ ਲੋਕਾਂ ਨੂੰ ਕੰਮ ਕਰਵਾਉਣ ਲਈ ਵੱਧ ਇੰਤਜ਼ਾਰ ਵੀ ਕਰਨਾ ਪੈਂਦਾ ਹੈ, ਜਿਸ ਨੂੰ ਘੱਟ ਕਰਨ ਦੀ ਲੋੜ ਹੈ।ਉਨਾਂ ਕਿਹਾ ਕਿ ਹਰੇਕ ਕੰਮ ਕਰਵਾਉਣ ਆਏ ਨਾਗਰਿਕ ਨੂੰ ਟੋਕਨ ਸਮੇਂ ਦੀ ਵੰਡ ਕਰਕੇ ਦਿੱਤਾ ਜਾਵੇ, ਤਾਂ ਜੋ ਕੰਮ ਕਰਵਾਉਣ ਵਾਲਾ ਆਪਣੀ ਵਾਰੀ ‘ਤੇ ਹੀ ਕੇਂਦਰ ਵਿਚ ਆਵੇ ਤੇ ਉਸ ਦਾ ਸਮਾਂ ਬਰਬਾਦ ਨਾ ਹੋਵੇ।ਖਹਿਰਾ ਨੇ ਇਸ ਲਈ ਨਵਾਂ ਸਾਫਟਵੇਅਰ ਤਿਆਰ ਕਰਵਾਉਣ ਵਾਸਤੇ ਆਈ.ਆਈ.ਐਮ ਦੇ ਮਾਹਿਰਾਂ ਨਾਲ ਵੀ ਵਿਚਾਰ ਕਰਨ ਦਾ ਸੁਝਾਅ ਦਿੱਤਾ।
                     ਖਹਿਰਾ ਨੇ ਕਿਹਾ ਕਿ ਭਾਵੇਂ ਸਾਡੇ ਸੇਵਾ ਕੇਂਦਰ ਢਾਈ ਲੱਖ ਦੇ ਕਰੀਬ ਲੋਕਾਂ ਨੂੰ ਸੇਵਾਵਾਂ ਦੇ ਚੁੱਕੇ ਹਨ, ਜੋ ਕਿ ਵੱਡੀ ਗਿਣਤੀ ਹੈ, ਪਰ ਇਸ ਸੇਵਾ ਵਿਚ ਸੁਧਾਰ ਦੀਆਂ ਵੱਡੀਆਂ ਲੋੜਾਂ ਹਨ।ਪ੍ਰਿੰਸ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਹਾਲ ਹੀ ਵਿਚ 56 ਸੇਵਾਵਾਂ ਦਾ ਵਾਧਾ ਕਰਨ ਨਾਲ ਸੇਵਾ ਕੇਂਦਰਾਂ ਵਿਚ ਕਰਵਾਏ ਜਾਣ ਵਾਲੇ ਕੰਮਾਂ ਦੀ ਗਿਣਤੀ 300 ਤੋਂ ਉਪਰ ਹੋ ਗਈ ਹੈ, ਜਿਸ ਨਾਲ ਲੋਕਾਂ ਦੀ ਗਿਣਤੀ ਹੋਰ ਵਧੇਗੀ।ਖਹਿਰਾ ਨੇ ਸੇਵਾ ਕੇਂਦਰਾਂ ਦੀ ਹਰ ਲੋੜ, ਟੈਕਨੀਕਲ ਜਰੂਰਤਾਂ ਪੂਰੀਆਂ ਕਰਵਾਉਣ ਦਾ ਭਰੋਸਾ ਦਿੰਦੇ ਕਿਹਾ ਕਿ ਤੁਸੀਂ ਇਸ ਬਾਰੇ ਵਿਸਥਾਰਤ ਤਜਵੀਜ਼ ਬਣਾਉ, ਜਿਸ ਨੂੰ ਪੂਰਾ ਕਰਕੇ ਸੇਵਾਵਾਂ ਬਿਹਤਰ ਢੰਗ ਨਾਲ ਦੇ ਸਕੀਏ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …