Wednesday, June 24, 2026

ਖ਼ਾਲਸਾ ਕਾਲਜ ਵਿਖੇ ਚਾਰ ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲਾ 2021 ਸੰਪਨ

ਪੁਸਤਕ-ਪ੍ਰੇਮੀਆਂ ਨੇ ਖ਼ਰੀਦੀਆਂ 50 ਦੇ ਕਰੀਬ ਪ੍ਰਕਾਸ਼ਕਾਂ ਤੋਂ 30 ਲੱਖ ਦੀਆਂ ਪੁਸਤਕਾਂ

ਅੰਮ੍ਰਿਤਸਰ, 6 ਮਾਰਚ (ਖੁਰਮਣੀਆਂ) – ਪੰਜਾਬੀ ਸਾਹਿਤ, ਸਭਿਆਚਾਰ ਤੇ ਵਿਰਾਸਤ ਦੀ ਬਾਤ ਪਾਉਦਾ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਚੱਲ ਰਿਹਾ ਚਾਰ ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ 2021 ਸ਼ੁੱਕਰਵਾਰ ਨੂੰ ਸੰਪਨ ਹੋ ਗਿਆ।ਚਾਰ ਦਿਨਾਂ ਪੁਸਤਕ ਮੇਲੇ ਵਿਚ ਪੁਸਤਕ ਪ੍ਰੇਮੀਆਂ ਨੇ 50 ਦੇ ਕਰੀਬ ਪੁਸਤਕ ਵਿਕਰੇਤਾਵਾਂ ਤੋਂ 30 ਲੱਖ ਤੋਂ ਵਧ ਦੀਆਂ ਪੁਸਤਕਾਂ ਖ਼ਰੀਦੀਆਂ।
                  ਆਖ਼ਰੀ ਦਿਨ ਦੀ ਸ਼ੁਰੂਆਤ ‘ਸਾਹਿਤ, ਸਮਾਜ ਤੇ ਪੱਤਰਕਾਰੀ‘ਸਿਰਲੇਖ ਅਧੀਨ ਪੈਨਲ ਚਰਚਾ ਨਾਲ ਹੋਈ ਜਿਸ ਵਿਚ ਉਘੇ ਰਾਜਨੀਤੀ-ਵਿਗਿਆਨੀ ਡਾ. ਜਗਰੂਪ ਸਿੰਘ ਸੇਖੋਂ ਨੇ ਪੰਜਾਬ ਦੇ ਸਿਆਸੀ ਉਤਰਾਅ-ਚੜਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਮੁੜ-ਮੁੜ ਢਹਿ ਕੇ ਉਸਰਿਆ ਹੈ ਤੇ ਪੰਜਾਬੀਆਂ ਅੰਦਰ ਸਿਆਸਤ, ਪੱਤਰਕਾਰੀ ਤੇ ਸਾਹਿਤ ਵਿਚ ਆਈ ਗਿਰਾਵਟ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਨਿਵੇਕਲਾ ਸੁਭਾਅ ਹੈ।ਉਨ੍ਹਾਂ ਕਿਹਾ ਕਿ ਮੌਜ਼ੂਦਾ ਮਾਹੌਲ ਪੰਜਾਬ ਵਿਚ ਵੱਡੇ ਸਿਆਸੀ ਬਦਲ ਦੀ ਨਿਸ਼ਾਨਦੇਹੀ ਕਰ ਰਿਹਾ ਹੈ।
                 ਇਸ ਤੋਂ ਪਹਿਲਾਂ ਸੁਆਗਤੀ ਸ਼ਬਦ ਸੰਬੋਧਿਤ ਕਰਦਿਆਂ ਕਿਹਾ ਕਿ ਪੰਜਾਬ ਦੇ ਸਮਾਜ, ਸਾਹਿਤ ਤੇ ਪੱਤਰਕਾਰੀ ਵਿਚ ਜੋ ਤਬਦੀਲੀਆਂ ਆਈਆਂ ਹਨ, ਉਨ੍ਹਾਂ ਨੂੰ ਵਿਦਵਾਨ ਬਹੁਤ ਬਾਰੀਕੀ ਨਾਲ ਵੇਖ ਰਹੇ ਹਨ ਅਤੇ ਤਿੰਨਾਂ ਨੂੰ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ।ਪ੍ਰਵਚਨ ਮੈਗਜ਼ੀਨ ਦੇ ਸੰਪਾਦਕ ਤੇ ਆਲੋਚਕ ਡਾ. ਰਜਨੀਸ਼ ਬਹਾਦਰ ਸਿੰਘ ਨੇ ਕਿਹਾ ਕਿ ਸਾਹਿਤ ਨੂੰ ਆਪਣੇ ਖਿੱਤੇ ਦੀ ਅਮੀਰ ਪਰੰਪਰਾ ਤੋਂ ਤੋੜ ਕੇ ਨਹੀਂ ਵੇਖਿਆ ਜਾ ਸਕਦਾ।
                   ਨਵਾਂ-ਜ਼ਮਾਨਾ ਅਖ਼ਬਾਰ ਦੇ ਸਾਬਕਾ ਸਾਹਿਤ ਸੰਪਾਦਕ ਤੇ ਨਾਵਲਕਾਰ ਬਲਬੀਰ ਪਰਵਾਨਾ ਨੇ ਕਿਹਾ ਕਿ ਪੱਤਰਕਾਰੀ ਅਦਾਰਿਆਂ ਨੇ ਪੱਤਰਕਾਰਾਂ ਕੋਲੋਂ ਸੱਚ ਬੋਲਣ ਦੀ ਆਜ਼ਾਦੀ ਖੋਹ ਲਈ ਹੈ।ਭਾਵੇਂ ਜ਼ਮੀਨੀ ਪੱਧਰ ’ਤੇ ਪੱਤਰਕਾਰ ਲੋਕਾਂ ਨਾਲ ਖੜ੍ਹਨ ਲਈ ਜੂਝਦਾ ਹੈ, ਪਰ ਪੱਤਰਕਾਰੀ ਅਦਾਰੇ ਉਸ ਦੀ ਆਵਾਜ਼ ਘੁੱਟ ਦਿੰਦੇ ਹਨ।ਇਸੇ ਕਰਕੇ ਖ਼ਬਰ ਲੋਕ-ਭਲਾਈ ਦੀ ਤਾਸੀਰ ਛੱਡ ਕੇ ਬਾਜ਼ਾਰ ਦੀ ਵਸਤੂ ਬਣ ਕੇ ਰਹਿ ਗਈ ਹੈ।ਪ੍ਰਬੁੱਧ ਵਿਦਵਾਨ ਅਤੇ ਲਾਇਲਪੁਰ ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾ. ਕੁਲਵੰਤ ਸਿੰਘ ਨੇ ਕਿਹਾ ਕਿ ਪ੍ਰਗਤੀਵਾਦੀ ਸਾਹਿਤ ਸਿਰਫ਼ ਨਾਮ ਦਾ ਯਥਾਰਥਵਾਦੀ ਰਿਹਾ ਤੇ ਯਥਾਰਵਾਦੀ ਸਾਹਿਤ ਕਦੇ ਪ੍ਰਗਤੀਵਾਦੀ ਨਹੀਂ ਹੋ ਸਕਿਆ।ਇਸ ਪੈਨਲ ਚਰਚਾ ਦਾ ਸੰਚਾਲਨ ਪੱਤਰਕਾਰੀ ਤੇ ਜਨਸੰਚਾਰ ਵਿਭਾਗ ਦੇ ਪ੍ਰੋ. ਦੀਪ ਜਗਦੀਪ ਸਿੰਘ ਨੇ ਕਰਦਿਆਂ ਕਿਹਾ ਕਿ ਅੱਜ ਭਾਰਤ ਲੋਕਤੰਤਰ ਦੇ ਮਾਮਲੇ ਵਿਚ 27ਵੇਂ ਤੋਂ ਖਿਸਕ ਕੇ 53ਵੇਂ ਸਥਾਨ ਤੇ ਆ ਗਿਆ ਹੈ ਜਦਕਿ ਪੱਤਰਕਾਰੀ ਦੀ ਆਜ਼ਾਦੀ ਦੇ ਮਾਮਲੇ ਵਿਚ 142ਵੇਂ ਸਥਾਨ ’ਤੇ ਪਹੁੰਚ ਚੁੱਕਾ ਹੈ।ਇਨ੍ਹਾਂ ਹਾਲਾਤ ਦੇ ਮੱਦੇਨਜ਼ਰ ਸਾਹਿਤ, ਸਮਾਜ ਤੇ ਪੱਤਰਕਾਰੀ ਨੂੰ ਲੋਕ-ਪੱਖੀ ਨਜ਼ਰੀਏ ਨਾਲ ਮੁੜ-ਪਰਭਾਸ਼ਿਤ ਕਰਨ ਦੀ ਲੋੜ ਹੈ।
                 ਧੰਨਵਾਦੀ ਸ਼ਬਦ ਕਹਿੰਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਰੰਧਾਵਾ ਨੇ ਕਿਹਾ ਕਿ ਸਾਰੇ ਹੀ ਵਿਦਵਾਨਾਂ ਨੇ ਇਸ ਗੱਲ ਦੀ ਸ਼ਾਹਦੀ ਭਰੀ ਹੈ ਕਿ ਹਾਲੇ ਵੀ ਸਭ ਕੁੱਝ ਖ਼ਤਮ ਨਹੀਂ ਹੋਇਆ, ਪੰਜਾਬ ਦੇ ਲੋਕਾਂ ਅੰਦਰ ਤਬਦੀਲੀ ਦੀ ਚਿਣਗ ਹਾਲੇ ਵੀ ਮੌਜੂਦ ਹੈ।ਇਸ ਤਰ੍ਹਾਂ ਦੀਆਂ ਵਿਚਾਰ-ਚਰਚਾਵਾਂ ਉਸ ਚਿਣਗ ਨੂੰ ਜਿਊਂਦੀਆਂ ਰੱਖਦੀਆਂ ਹਨ।ਪੰਜਾਬੀ ਵਿਭਾਗ ਇਸ ਸੰਵਾਦ ਨੂੰ ਜਾਰੀ ਰੱਖੇਗਾ।ਦੂਸਰਾ ਸੈਸ਼ਨ ਸਭਿਆਚਾਰਕ ਪੇਸ਼ਕਾਰੀਆਂ ਦਾ ਰਿਹਾ ਜਿਸ ਦੌਰਾਨ ਕਾਲਜ਼ ਦੇ ਵਿਦਿਆਰਥੀਆਂ ਵਲੋਂ ਢੱਡ, ਸਾਰੰਗੀ, ਝੂਮਰ, ਸੰਮੀ ਤੇ ਗਿੱਧਾ ਪੇਸ਼ ਕਰਕੇ ਹਾਜ਼ਰ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ।ਇਹ ਸਭਿਆਚਾਰਕ ਸਮਾਗਮ ਪੰਜਾਬ ਦੇ ਰਿਵਾਇਤੀ ਵਿਰਸੇ ਦੀ ਮੂੰਹ ਬੋਲਦੀ ਤਸਵੀਰ ਹੋ ਨਿੱਬੜਿਆ।
                    ਉਤਸਵ ਦੇ ਵਿਦਾਇਗੀ ਸਮਾਰੋਹ ਦੇ ਰੂਪ ਵਿਚ ਪੰਜਾਬੀ ਵਿਭਾਗ ਦੇ ਮਾਣਮੱਤੇ ਹਸਤਾਖ਼ਰ ਅਧੀਨ ਪੰਜਾਬੀ ਵਿਭਾਗ ਦੇ ਸਾਬਕਾ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਿਲਣੀ ਤੇ ਖੁੱਲ੍ਹਾ ਵਿਚਾਰ-ਵਟਾਂਦਰਾ ਕੀਤਾ, ਜਿਸ ਵਿੱਚ ਪ੍ਰੋ. ਸੁਰਿੰਦਰ ਸਿੰਘ ਸਰੀਨ, ਡਾ. ਉਧਮ ਸਿੰਘ ਸ਼ਾਹੀ, ਡਾ. ਹਰਚੰਦ ਸਿੰਘ ਬੇਦੀ, ਡਾ. ਕੁਲਵੰਤ ਸਿੰਘ, ਡਾ. ਹਰਭਜਨ ਸਿੰਘ ਸੇਖੋਂ, ਡਾ. ਦਵਿੰਦਰ ਕੌਰ ਅਤੇ ਪ੍ਰੋ. ਸੂਬਾ ਸਿੰਘ ਨੇ ਵਿਭਾਗ ਦੀ ਤਰੱਕੀ ਵਿੱਚ ਪਾਏ ਯੋਗਦਾਨ ਦੀਆਂ ਅਬੁੱਲ ਯਾਦਾਂ ਸਾਂਝੀਆਂ ਕੀਤੀਆਂ।ਉਨ੍ਹਾਂ ਆਪਣੇ ਸਮੇਂ ਦੇ ਅਧਿਆਪਨ, ਵਿਦਿਆਰਥੀਆਂ ਤੇ ਯਾਦਗਾਰੀ ਪਲਾਂ ਨੂੰ ਬਹੁਤ ਭਾਵਪੂਰਤ ਅੰਦਾਜ਼ ਵਿਚ ਪੇਸ਼ ਕੀਤਾ।
ਵਿਦਾਇਗੀ ਸਮਾਰੋਹ ਦੌਰਾਨ ਸੰਬੋਧਿਤ ਕਰਦਿਆਂ ਖ਼ਾਲਸਾ ਕਾਲਜ ਅੰਮਿ੍ਰਤਸਰ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸਾਹਿਤ ਉਤਸਵ ਤੇ ਪੁਸਤਕ ਮੇਲੇ ਦਾ ਸਫ਼ਲ ਆਯੋਜਨ ਕਰਨ ਲਈ ਪੰਜਾਬੀ ਅਧਿਐਨ ਵਿਭਾਗ ਨੂੰ ਵਧਾਈ ਦਿੱਤੀ ਤੇ ਸਮੂਹ ਵਿਭਾਗਾਂ ਵਲੋਂ ਦਿੱਤੇ ਗਏ ਸਹਿਯੋਗ ਦੀ ਪ੍ਰਸੰਸਾ ਕੀਤੀ।ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਆਪਣੀ ਪਰੰਪਰਾ ਨੂੰ ਅੱਗੇ ਤੋਰਦਿਆਂ ਹਰ ਸਾਲ ਇਹ ਉਤਸਵ ਕਰਵਾਉਂਦਾ ਰਹੇਗਾ।
                   ਸਮਾਪਨ ਸਮਾਰੋਹ ਦੌਰਾਨ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਮੇਲੇ ਦੇ ਆਯੋਜਨ ਲਈ ਮਿਲੇ ਸਹਿਯੋਗ ਲਈ ਕਾਲਜ ਮੈਨੇਜਮੈਂਟ ਤੇ ਪ੍ਰਿੰਸੀਪਲ ਸਾਹਿਬ ਦਾ ਵਿਸ਼ੇਸ਼ ਤੌਰ ’ਤੇ ਸ਼ੁਕਰਾਨਾ ਕੀਤਾ।ਇਸ ਦੇ ਨਾਲ ਹੀ ਉਨ੍ਹਾਂ ਮੇਲੇ ਨੂੰ ਸਫ਼ਲ ਬਣਾਉਣ ਲਈ ਪੰਜਾਬੀ ਵਿਭਾਗ ਦੇ ਸਟਾਫ਼ ਤੋਂ ਮਿਲੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਵਿਭਾਗ ਦੇ ਸਟਾਫ਼ ਤੇ ਬਾਕੀ ਵਿਭਾਗਾਂ ਤੋਂ ਮਿਲੇ ਸਹਿਯੋਗ ਤੋਂ ਬਿਨਾਂ ਇਸ ਤਰ੍ਹਾਂ ਦਾ ਵੱਡਾ ਸਮਾਗਮ ਆਯੋਜਿਤ ਨਹੀਂ ਕੀਤਾ ਜਾ ਸਕਦਾ।
                    ਬਾਅਦ ਦੁਪਹਿਰ ਖ਼ਾਲਸਾ ਕਾਲਜ ਅੰਮਿ੍ਰਤਸਰ ਦੇ ਥਿਏਟਰ ਵਿਭਾਗ ਵਲੋਂ ਨਿਰਦੇਸ਼ਕ ਇਮੈਨੂਅਲ ਸਿੰਘ ਦੀ ਨਿਰਦੇਸ਼ਨਾ ਹੇਠ ਪੰਜਾਬੀ ਨਾਟਕ ‘ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ’ ਪੇਸ਼ ਕੀਤਾ ਗਿਆ।ਪੁਸਤਕ ਮੇਲੇ ਦਾ ਪ੍ਰਬੰਧ ਕਰ ਰਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਕਾਸ਼ਨ ਬਿਊਰੋ ਦੇ ਪ੍ਰਬੰਧਕ ਗੁਰਜੰਟ ਸਿੰਘ ਨੇ ਦੱਸਿਆ ਕਿ ਇਸ ਸਾਲ ਪਿਛਲੀ ਵਾਰ ਨਾਲੋਂ ਪੁਸਤਕ ਪ੍ਰੇਮਿਆਂ ਵਿਚ ਦੁੱਗਣਾ ਉਤਸ਼ਾਹ ਦੇਖਣ ਨੂੰ ਮਿਲਿਆ।ਉਨ੍ਹਾਂ ਦੱਸਿਆ ਕਿ ਉਤਰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ 50 ਦੇ ਕਰੀਬ ਪੁਸਤਕ ਵਿਕਰੇਤਾਵਾਂ ਨੂੰ ਆਪਣੀ ਪੁਸਤਕਾਂ ਦੀ ਨੁਮਾਇਸ਼ ਲਾਈ।ਪੁਸਤਕ ਪ੍ਰੇਮੀ ਪੁਸਤਕਾਂ ਖ਼ਰੀਦਣ ਲਈ ਮੇਲੇ ਵਿਚ ਪਹੁੰਚੇ ਤੇ 30 ਲੱਖ ਤੋਂ ਜ਼ਿਆਦਾ ਦੀਆਂ ਪੁਸਤਕਾਂ ਦੀ ਵਿਕਰੀ ਹੋਈ।
                      ਇਸ ਮੌਕੇ ਕਾਲਜ ਦੇ ਡੀਨ ਅਕਾਦਮਿਕ ਮਾਮਲੇ ਮੈਡਮ ਸੁਖਮੀਨ ਬੇਦੀ, ਰਜਿਸਟਰਾਰ ਪ੍ਰੋ. ਦਵਿੰਦਰ ਸਿੰਘ ਤੇ ਪੰਜਾਬੀ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿੱਲੋਂ, ਡਾ. ਹੀਰਾ ਸਿੰਘ ਰੰਧਾਵਾ, ਡਾ. ਹਰਜੀਤ ਕੌਰ, ਡਾ. ਮਿੰਨੀ ਸਲਵਾਨ, ਡਾ. ਗੁਰਸ਼ਿੰਦਰ ਕੌਰ, ਡਾ. ਚਿਰਜੀਵਨ ਕੌਰ, ਡਾ. ਰਜਨੀਸ਼ ਕੌਰ, ਪ੍ਰੋ. ਅੰਮਿ੍ਰਤਪਾਲ ਕੌਰ, ਡਾ. ਜਸਬੀਰ ਸਿੰਘ, ਡਾ. ਗੁਰਿੰਦਰ ਕੌਰ, ਡਾ. ਅਮਨਦੀਪ ਕੌਰ ਥਿੰਦ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਗੁਰਸ਼ਰਨ ਸਿੰਘ ਹਾਜ਼ਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …