ਬੀਤੇ ਦਿਨੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ ਮਹਾਨ ਫਨਕਾਰ ਸਰਦੂਲ ਸਕੰਦਰ ਦਾ ਜਨਮ 15 ਜਨਵਰੀ 1961 ਨੂੰ ਜਿਲ੍ਹਾ ਫਤਹਿਗੜ੍ਹ ਦੀ ਤਹਿਸੀਲ ਖੰਨਾਂ ਦੇ ਪਿੰਡ ਖੇੜੀ ਨੌਧ ਸਿੰਘ ਦੇ ਸਾਗਰ ਮਸਤਾਨਾ ਜੀ ਦੇ ਘਰ ਵਿਖੇ ਹੋਇਆ।ਇਹ ਆਪਣੇ ਪਰਵਾਰ ਵਿੱਚ ਸਭ ਤੋਂ ਛੋਟੇ ਸਨ।ਇਹਨਾਂ ਨੇ ਅਪਣੀ ਰਿਹਾਇਸ਼ ਖੰਨਾ ਵਿਖੇ ਰੱਖੀ ਅਤੇ ਆਲ ਇੰਡੀਆ ਰੇਡੀਓ ‘ਤੇ ਵੀ ਗਾਇਆ।ਇਸ ਦੀ ਸੁਰੀਲੀ ਆਵਾਜ਼ ਨੇ ਦੂਰਦਰਸ਼ਨ ਜਲੰਧਰ ਨੂੰ ਵੀ ਖਿੱਚਿਆ।ਇਹ ਗੱਲ ਕਹਿ ਦਿੱਤੀ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ ਕਿ ਦੂਰਦਰਸ਼ਨ ਨੇ ਇਹਨਾਂ ਨੂੰ ਹਰਮਨ ਪਿਆਰਾ ਬਣਾਇਆ ਤੇ ਦੂਰ ਦਰਸ਼ਨ ਨੂੰ ਇਹਨਾਂ ਨੇ ਹਰਮਨ ਪਿਆਰਾ ਬਣਾਇਆ।ਉਹ ਆਪ ਤਾਂ ਗਾਉਂਦੇ ਹੀ ਸਨ, ਉਹਨਾਂ ਦਾ ਅੰਗ ਅੰਗ ਵੀ ਗਾਉਂਦਾ ਜਾਪਦਾ ਸੀ।ਉਹਨਾਂ ਨੇ ‘ਰੋਡਵੇਜ਼ ਦੀ ਲਾਰੀ’ ਕਈ ਕਲਾਕਾਰਾਂ ਦੀ ਅਵਾਜ਼ ਵਿੱਚ ਇੰਨ-ਬਿੰਨ ਪੇਸ਼ ਕਰਕੇ ਸਭ ਦਾ ਮਨ ਜਿੱਤਿਆ।ਉਹਨਾਂ ਦੀ ਕਾਬਲੀਅਤ ਦਾ ਸਭ ਨੇ ਲੋਹਾ ਮੰਨਿਆ।ਉਹ ਮਿੰਟਾਂ ਸਕਿੰਟਾਂ ਵਿੱਚ ਦੂਜੇ ਕਿਰਦਾਰ ਵਿੱਚ ਆਪਣੇ ਆਪ ਨੂੰ ਢਾਲ ਲੈਂਦੇ ਸਨ।ਉਹਨਾਂ ਨੇ ਦੂਰ ਦਰਸ਼ਨ ਰਾਹੀਂ ਬਹੁਤ ਸਾਰੇ ਯੋਗ ਕਲਾਕਾਰਾਂ ਨੂੰ ਪ੍ਰਮੋਟ ਕਰਵਾਇਆ।ਅਮਰ ਨੂਰੀ ਤੇ ਸਰਦੂਲ ਸਕੰਦਰ ਦੀ ਜੋੜੀ ਬਹੁਤ ਹਿੱਟ ਹੋਈ।ਦੋੋਨੋਂ ਹੀ ਸੁਲਝੇ ਕਲਾਕਾਰ ਸਨ।ਇਸ ਜੋੜੀ ਦੇ ਦੋ ਪੁੱਤਰ ਸਾਰੰਘ ਤੇ ਅਲਾਪ ਹਨ, ਜੋ ਸਰਦੂਲ ਦੇ ਪੈਰ ਚਿੰਨਾਂ ‘ਤੇ ਚੱਲ ਰਹੇ ਸਨ।
ਸਰਦੂਲ ਜੀ ਨੇ ਫਿਲਮਾਂ ਵਿੱਚ ਵੀ ਰੋਲ ਕੀਤੇ।ਉਹਨਾਂ ਦੀ ਇੱਕ ਐਲਬਮ ‘ਹੁਸਨਾਂ ਦੇ ਮਾਲਕੋ ਸਤਾਇਆ ਨਾ ਕਰੋ’ ਦੀ ਰਿਕਾਰਡ ਤੋੜ ਵਿਕਰੀ (55 ਲੱਖ) ਹੋਈ ਸੀ।ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ, ਫੁਲਾਂ ਦੀਏ ਕੱਚੀਏ ਵਪਾਰਨੇ, ਸਿੱਖ ਲੈ ਕਲੈਰੀਆ ਮੋਰਾ ਵੇ ਤੁਰਨਾ ਤੋਰ ਪੰਜਾਬਣ ਦੀ, ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਬਹਿ ਗਈ ਦੂਰ ਕਿੱਤੇ ਆਲ੍ਹਣਾ ਬਣਾ ਕੇ ਆਦਿ ਅਨੇਕਾਂ ਗੀਤ, ਐਲਬਮਾਂ ਸਮਾਜ ਦੀ ਝੋਲੀ ਪਾਈਆਂ।ਉਹ ਕਈ ਸਾਜ਼ ਵਜ਼ਾ ਲੈਂਦੇ ਸਨ ਅਤੇ ਹਰ ਤਰ੍ਹਾਂ ਦਾ ਗਾ ਲੈਂਦੇ ਸਨ।
ਅਮਰ ਨੂਰੀ ਤੇ ਉਹ, ਦੋ ਕਲਬੂਤ ਤੇ ਇੱਕ ਜਾਨ ਸਨ।ਸਰਦੂਲ ਸਕੰਦਰ ਦੇ ਦੋਨੋਂ ਗੁਰਦੇ ਖਰਾਬ ਹੋ ਗਏ ਸਨ।ਨੂਰੀ ਨੇ ਪਤੀ ਦੀ ਜਾਨ ਬਚਾਉਣ ਖਾਤਰ ਆਪਣਾ ਇੱਕ ਗੁਰਦਾ ਵੀ ਦਿੱਤਾ।ਤਨੋਂ ਮਨੋਂ ਸੇਵਾ ਕੀਤੀ।ਉਹ ਠੀਕ ਵੀ ਹੋ ਗਏ ਸਨ।ਪਰ ਫਿਰ ਬਿਮਾਰ ਹੋਣ ‘ਤੇ ਫੋਰਟਿਸ ਹਸਪਤਲ ਦਾਖਲ ਕਰਵਾਇਆ ਗਿਆ।ਇਹ ਹਰਮਨ ਪਿਆਰਾ ਕਲਾਕਾਰ 24 ਫਰਵਰੀ 2021 ਨੂੰ ਓਥੇ ਚਲਾ ਗਿਆ ਜਿਥੋਂ ਕੋਈ ਵਾਪਸ ਨਹੀਂ ਆਉਂਦਾ।
ਹਾਂ, ਉਹ ਆਪਣੇ ਪਿਆਰੇ ਗੀਤਾਂ ਰਾਹੀਂ ਸਦਾ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਰਹਿਣਗੇ। 06032021
(ਸ਼ਰਧਾਂਜਲ਼ੀ ਸਮਾਗਮ ‘ਤੇ ਵਿਸ਼ੇਸ਼)

ਮਨਜੀਤ ਸਿੰਘ ਸੌਂਦ
ਟਾਂਗਰਾ।ਮੋ-9803761451
Punjab Post Daily Online Newspaper & Print Media