ਕੋਵਿਡ ਨਿਯਮਾਂ ਪ੍ਰਤੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ-ਐਸ.ਐਸ.ਪੀ ਅਲਕਾ ਮੀਨਾ
ਨਵਾਂਸ਼ਹਿਰ, 20 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਸਬੰਧੀ ਜਾਰੀ ਕੀਤੇ ਗਏ ਤਾਜ਼ਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ
ਕਰਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਅੱਜ ਜ਼ਿਲ੍ਹੇ ਦੀ ਹਦੂਦ ਅੰਦਰ ਵੱਖ-ਵੱਖ ਮੈਡੀਕਲ ਟੀਮਾਂ ਨੂੰ ਨਾਲ ਲੈ ਕੇ ਜਨਤਕ ਥਾਵਾਂ ’ਤੇ ਘੁੰਮਣ ਵਾਲੇ 593 ਵਿਅਕਤੀਆਂ ਦੇ ਮੌਕੇ ’ਤੇ ਹੀ ਕੋਵਿਡ ਟੈਸਟ ਕਰਵਾਏ ਗਏ।ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਬਗੈਰ ਮਾਸਕ ਘੁੰਮ ਰਹੇ 148 ਵਿਅਕਤੀਆਂ ਦੇ ਅੱਜ ਚਲਾਨ ਕੱਟੇ ਗਏ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੁਲਿਸ ਨੂੰ ਪੂਰੀ ਸਖ਼ਤੀ ਵਰਤਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਕੋਵਿਡ ਨਿਯਮਾਂ ਪ੍ਰਤੀ ਲਾਪਰਵਾਹੀ ਵਰਤਣ ਵਾਲਿਆਂ ਨਾਲ ਕੋਈ ਲਿਹਾਜ਼ ਨਾ ਵਰਤਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਜੋ ਵੀ ਵਿਅਕਤੀ ਬਗੈਰ ਮਾਸਕ ਤੋਂ ਘੁੰਮਦਾ ਵੇਖਿਆ ਗਿਆ, ਉਸ ਦਾ ਮੌਕੇ ’ਤੇ ਹੀ ਕੋਵਿਡ ਟੈਸਟ ਕਰਨ ਦੇ ਨਾਲ-ਨਾਲ ਜ਼ੁਰਮਾਨਾ ਵੀ ਕੀਤਾ ਜਾਵੇਗਾ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਣ ਕਰਨ, ਤਾਂ ਜੋ ਜ਼ਿਲ੍ਹੇ ਨੂੰ ਜ਼ਿਲ੍ਹੇ ਨੂੰ ਕੋਵਿਡ ਮੁਕਤ ਕੀਤਾ ਜਾ ਸਕੇ।
Punjab Post Daily Online Newspaper & Print Media