Wednesday, April 29, 2026

ਕੋਵਿਡ-19 ਟੀਕਾਕਰਨ ਵਾਸਤੇ ਹੁਣ ਵੱਖਰਾ ਪ੍ਰਮਾਣ ਪੱਤਰ ਦੇਣ ਦੀ ਲੋੜ ਨਹੀਂ – ਡਾ. ਕਪੂਰ

ਕਿਹਾ ਸਾਰੇ ਸੀਨੀਅਰ ਸਿਟੀਜ਼ਨ ਤੇ ਸਹਿ-ਰੋਗਾਂ ਤੋਂ ਪੀੜਤ ਵਿਅਕਤੀ ਕੋਵਿਡ-19 ਟੀਕਾ ਲਗਵਾਉਣ
ਨਵਾਂਸ਼ਹਿਰ, 21 ਮਾਰਚ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਦੀ ਅਗਵਾਈ ਹੇਠ ਕੋਵਿਡ-19 ਮਹਾਂਮਾਰੀ ਦੀ ਰੋਕਥਾਮ ਲਈ ਸ਼ਹੀਦ ਭਗਤ ਸਿੰਘ ਨਗਰ ਵਿਚ ਸਿਹਤ ਸੰਭਾਲ ਕਰਮਚਾਰੀਆਂ ਅਤੇ ਫਰੰਟਲਾਈਨ ਵਰਕਰਾਂ ਸਮੇਤ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨਾਂ ਅਤੇ ਸਹਿ-ਰੋਗਾਂ ਤੋਂ ਪੀੜਤ 45 ਤੋਂ 59 ਸਾਲ ਤੱਕ ਦੀ ਉਮਰ ਦੇ ਵਿਅਕਤੀਆਂ ਦੇ ਕੋਵਿਡ-19 ਟੀਕੇ ਲਗਾਉਣ ਦੇ ਕੰਮ ਨੇ ਰਫਤਾਰ ਫੜ ਲਈ ਹੈ।ਜ਼ਿਲ੍ਹੇ ਵਿਚ ਹੁਣ ਤੱਕ 10,391 ਟੀਕੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿਚ ਪਹਿਲੀ ਖੁਰਾਕ ਅਤੇ ਦੂਜੀ ਖਰਾਕ ਸ਼ਾਮਲ ਹੈ।
               ਸਿਵਲ ਸਰਜਨ ਡਾ. ਕਪੂਰ ਨੇ ਦੱਸਿਆ ਕਿ ਕੋਵਿਡ-19 ਟੀਕਾਕਰਨ ਮੁਹਿੰਮ ਵਿਚ ਹੋਰ ਤੇਜ਼ੀ ਲਿਆਉਣ ਲਈ ਪੰਜਾਬ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।ਉਨ੍ਹਾਂ ਦੱਸਿਆ ਕਿ ਹੁਣ ਸਹਿ-ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਟੀਕਾਕਰਨ ਵਾਸਤੇ ਸਹਿ-ਰੋਗਾਂ ਬਾਰੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਤੋਂ ਵੱਖਰਾ ਪ੍ਰਮਾਣ ਪੱਤਰ ਦੇਣਾ ਲਾਜ਼ਮੀ ਨਹੀਂ ਹੋਵੇਗਾ।
                   ਉਨਾਂ ਦੱਸਿਆ ਕਿ ਜ਼ਿਲੇ੍ਹ ਦੇ 18 ਸਰਕਾਰੀ ਅਤੇ 5 ਪ੍ਰਾਈਵੇਟ ਹਸਪਤਾਲਾਂ ਵਿਚ ਟੀਕਾ ਲਗਵਾਇਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਟੀਕਾਕਰਨ ਲਈ ਸਰਕਾਰੀ ਸਿਹਤ ਸੰਸਥਾਵਾਂ ਵਿਚ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ, ਸਬ ਡਵੀਜ਼ਨਲ ਹਸਪਤਾਲ ਬਲਾਚੌਰ, ਪੀ.ਐਚ.ਸੀ. ਕਾਠਗੜ੍ਹ, ਪਨਿਆਲੀ, ਠਕਾਰਲਾ, ਪੋਜੇਵਾਲ, ਸਾਹਿਬਾ, ਮੁਜ਼ੱਫਰਪੁਰ, ਬੰਗਾ, ਰਾਹੋਂ, ਮੁਕੰਦਪੁਰ, ਖਾਨਖਾਨਾ, ਔੜ, ਬਹਿਰਾਮ, ਕਟਾਰੀਆ, ਖਟਕੜ ਕਲਾਂ, ਸੁਜੋਂ, ਜੱਬੋਵਾਲ, ਮਿੰਨੀ ਪੀ.ਐਚ.ਸੀ ਜਾਡਲਾ, ਆਰ.ਐਚ ਸੰਧਵਾਂ-ਫਰਾਲਾ ਅਤੇ ਸੀ.ਐਚ.ਸੀ ਸੜੋਆ ਤੇ ਆਰ.ਐਚ.ਕਮਾਮ ਸ਼ਾਮਿਲ ਹਨ।ਜਦਕਿ ਪਾਈਵੇਟ ਹਸਪਤਾਲਾਂ ਵਿਚ ਰਾਜਾ ਹਸਪਤਾਲ, ਆਈ.ਵੀ.ਵਾਈ ਹਸਪਤਾਲ ਅਤੇ ਮਿੱਤਲ ਹਸਪਤਾਲ, ਗੁਰਮੀਤ ਹਸਪਤਾਲ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਸ਼ਾਮਿਲ ਹਨ।
                     ਉਨ੍ਹਾਂ ਇਹ ਵੀ ਦੱਸਿਆ ਕਿ ਕੋਵਿਡ-19 ਟੀਕਾਕਰਨ ਲਈ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਨਹੀਂ ਹੈ। ਟੀਕਾ ਲਗਵਾਉਣ ਦੇ ਇਛੁੱਕ ਵਿਅਕਤੀ ਇਸ ਲਈ ਪ੍ਰੀ-ਰਜਿਸਟ੍ਰੇਸ਼ਨ ਵੀ ਕਰ ਸਕਦੇ ਹਨ ਜਾਂ ਟੀਕਾਕਰਨ ਲਈ ਸਿੱਧੇ ਹਸਪਤਾਲ ਪਹੁੰਚ ਸਕਦੇ ਹਨ।ਸਰਕਾਰੀ ਹਸਪਤਾਲਾਂ ਵਿਚ ਟੀਕਾ ਮੁਫ਼ਤ ਲਗਾਇਆ ਜਾ ਰਿਹਾ ਹੈ। ਸਹਿ-ਰੋਗਾਂ ਵਿਚ ਡਾਇਬਟੀਜ਼, ਦਿਲ ਦੇ ਰੋਗਾਂ, ਗੁਰਦੇ ਦੇ ਰੋਗਾਂ, ਜਿਗਰ ਦੇ ਰੋਗਾਂ, ਸਾਹ ਪ੍ਰਣਾਲੀ ਦੇ ਰੋਗਾਂ ਅਤੇ ਸਟਰੋਕ ਆਦਿ ਨਾਲ ਸਬੰਧਤ 20 ਦੇ ਕਰੀਬ ਬਿਮਾਰੀਆਂ ਸ਼ਾਮਿਲ ਹਨ।
                      ਡਾ. ਕਪੂਰ ਨੇ ਦੱਸਿਆ ਕਿ ਜ਼ਿਲੇ ਵਿਚ ਸਿਹਤ ਸੰਭਾਲ ਕਰਮਚਾਰੀਆਂ ਅਤੇ ਫਰੰਟਲਾਈਨ ਕਰਮਚਾਰੀਆਂ ਲਈ ਟੀਕਾਕਰਨ ਵੀ ਨਾਲੋ-ਨਾਲ ਚੱਲ ਰਿਹਾ ਹੈ।ਫਰੰਟਲਾਈਨ ਕਰਮਚਾਰੀਆਂ ਨੂੰ ਟੀਕਾ ਲਗਵਾਉਣ ਲਈ ਕੇਵਲ ਆਪਣਾ ਅਧਿਕਾਰਤ ਪਛਾਣ ਪੱਤਰ ਹੀ ਦਿਖਾਉਣਾ ਹੋਵੇਗਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …