Saturday, April 25, 2026

ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ

ਸੰਗਰਰ, 24 ਮਾਰਚ (ਜਗਸੀਰ ਲੌਂਗੋਵਾਲ) – ਅੱਜ ਹਲਕਾ ਸਾਹਨੇਵਾਲ ਦੇ ਵੱਖ-ਵੱਖ ਪਿੰਡਾਂ ਵਿੱਚ ਮਨਰੇਗਾ ਮਜ਼ਦੂਰਾਂ ਅਤੇ ਕਿਸਾਨਾਂ ਵਲੋਂ ਸਾਂਝੇ ਤੌਰ ‘ਤੇ ਭਾਰਤ ਮਾਂ ਦੇ ਧਰੂ ਤਾਰੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਇੰਕਲਾਬੀ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।ਕਿਸਾਨ ਆਗੂ ਅਤੇ ਸਾਬਕਾ ਚੇਅਰਮੈਨ ਲੁਧਿਆਣਾ-2 ਸਾਥੀ ਸਤਪਾਲ ਜੋਸ਼ੀਲਾ, ਸੀਟੂ ਪੰਜਾਬ ਦੇ ਸੂਬਾ ਸਕੱਤਰ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ, ਸੀਟੂ ਆਗੂ ਸਾਥੀ ਸਿਕੰਦਰ ਬਖ਼ਸ਼ ਮੰਡ ਚੌਂਤਾ ਨੇ ਕਿਹਾ ਕਿ ਅਜ਼ਾਦੀ ਦੇ ਸੰਗਰਾਮ ਵਿਚ ਸ਼ਹਾਦਤਾਂ ਦੇ ਜਾਮ ਪੀਣ ਵਾਲੇ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਨਹੀਂ ਸਿਰਜ਼ਿਆ ਗਿਆ।ਦੇਸ਼ ਦੀ ਵਾਗਡੋਰ ਫਿਰਕਾਪ੍ਰਸਤ, ਸਾਮਰਾਜੀਆਂ ਪੱਖੀ ਅਤੇ ਕਾਰਪੋਰੇਟ ਘਰਾਣਿਆਂ ਦੇ ਦਲਾਲਾਂ ਤੇ ਜੁਮਲੇਬਾਜ਼ਾਂ ਦੇ ਹੱਥ ਆ ਗਈ ਹੈ।ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਕਿਸਾਨ, ਮਜ਼ਦੂਰ ਆਪਣੇ ਹੱਕਾਂ ਅਧਿਕਾਰਾਂ ਦੀ ਰਾਖੀ ਲਈ, ਖੇਤੀ ਨਾਲ ਸਬੰਧਤ ਕਾਲੇ ਕਾਨੂੰਨਾਂ ਦੀ ਵਾਪਸੀ ਲਈ ਅਤੇ ਮਜ਼ਦੂਰ ਜਮਾਤ ਨੇ ਆਪਣੇ ਅਧਿਕਾਰਾਂ ਲਈ ਲਹੂਵੀਟਵੇਂ ਸੰਘਰਸ਼ਾਂ ਰਾਹੀਂ ਪ੍ਰਾਪਤ ਕੀਤੇ ਕਾਨੂੰਨਾਂ ਨੂੰ ਰੱਦ ਕਰਨ ਵਿਰੁੱਧ ਨਿਰੰਤਰ ਸੰਘਰਸ਼ ਜਾਰੀ ਹੈ।ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਸੇਵਾ ਕਰਨ ਲਈ ਬਜਿੱਦ ਹੈ।ਜਦਕਿ ਦੇਸ਼ ਦਾ ਹਰ ਵਰਗ ਸਰਕਾਰ ਦੀਆਂ ਕਿਸਾਨ, ਮਜ਼ਦੂਰ, ਦੁਕਾਨਦਾਰ, ਆੜਤੀਆਂ, ਪੱਲੇਦਾਰ, ਮੁਨੀਮ, ਸ਼ੈਲਰ ਮਾਲਕ, ਰੇੜੀ ਫੜੀ ਵਾਲੇ, ਸਬਜ਼ੀ ਵਿਕਰੇਤਾ, ਮੁਲਾਜ਼ਮ, ਪੇਂਡੂ ਚੌਕੀਦਾਰ, ਆਂਗਨਵਾੜੀ ਮੁਲਾਜ਼ਮ, ਮਨਰੇਗਾ ਮਜ਼ਦੂਰ ਸਰਕਾਰ ਦੀਆਂ ਲੋਕ ਦੋਖੀ ਨੀਤੀਆਂ ਵਿਰੁੱਧ ਲਗਾਤਾਰ ਸੰਘਰਸ਼ ਦੇ ਮੈਦਾਨ ਵਿੱਚ ਹਨ।
                      ਉਨ੍ਹਾਂ ਕਿਹਾ ਕਿ ਸਰਕਾਰਾਂ ਐਨੀਆਂ ਢੀਠ ਹੋ ਗਈਆਂ ਹਨ ਕਿ ਪੈਟਰੋਲ, ਡੀਜ਼ਲ, ਰਸੋਈ ਗੈਸ, ਸਰੋਂ ਦਾ ਤੇਲ, ਘਿਓ, ਦਾਲਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ, ਬੱਸਾਂ ਦੇ ਕਿਰਾਏ ਵਿੱਚ ਵਾਧਾ ਕੀਤਾ ਗਿਆ ਹੈ।ਪ੍ਰੰਤੂ ਸੱਤਾਧਾਰੀ ਰਾਜਨੀਤਕ ਪਾਰਟੀਆਂ ਦੇ ਆਗੂ ਹਾਲੇ ਵੀ ਲੋਕਾਂ ਨੂੰ ਜੁਮਲੇਬਾਜ਼ੀ ਵਿਚ ਫਸਾ ਕੇ ਆਪਣੇ ਰਾਜਭਾਗ ਦੀ ਉਮਰ ਲੰਬੀ ਕਰਨਾ ਚਾਹੁੰਦੇ ਹਨ।ਆਗੂਆਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਕੇਂਦਰ ਸਰਕਾਰ ਦੇ ਹਿਟਲਰਸ਼ਾਹੀ ਰਵੱਈਏ ਨੂੰ ਤੋੜਨ ਲਈ ਸੰਯੁਕਤ ਮੋਰਚੇ ਦੀ ਕਾਲ ਨੂੰ ਸਫ਼ਲ ਬਣਾਉਣ ਲਈ 26 ਮਾਰਚ ਨੂੰ ਭਾਰਤ ਬੰਦ ‘ਚ ਕੋਈ ਵੀ ਕਸਰ ਬਾਕੀ ਨਾ ਛੱਡੀ ਜਾਵੇ ਅਤੇ ਕੁਹਾੜਾ ਚੌਕ ਵਿੱਚ ਮੁਕੰਮਲ ਜਾਮ `ਚ ਸ਼ਮੂਲੀਅਤ ਕੀਤੀ ਜਾਵੇ।
                  ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਥੀ ਹਰੀ ਰਾਮ ਭੱਟੀ, ਸਾਬਕਾ ਸਰਪੰਚ ਚਰਨ ਸਿੰਘ ਭੂਖੜੀ ਕਲਾਂ, ਅਮਰਜੀਤ ਸਿੰਘ ਗਾਗੂ, ਕਰਮ ਸਿੰਘ, ਜਰਨੈਲ ਸਿੰਘ, ਹਿੰਮਤ ਸਿੰਘ ਮੋਹਨ ਸਿੰਘ, ਜੰਗੀਰ ਸਿੰਘ, ਮਦਨ ਸਿੰਘ, ਪਰਮਜੀਤ ਕੌਰ, ਅਮਰਜੀਤ ਕੌਰ, ਪਰਮਜੀਤ ਪੰਮੀ, ਸ਼ਿੰਦਰਪਾਲ ਕੌਰ, ਬਲਜੀਤ ਕੌਰ, ਗੁਰਪਾਲ ਕੌਰ, ਦਲਜੀਤ ਕੌਰ ਹਾਜ਼ਰ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …