Saturday, March 21, 2026

ਸਰਕਾਰੀ ਸਕੂਲਾਂ ‘ਦੀ ਦਾਖਲਾ ਮੁਹਿੰਮ ਦਾ ਰਿਕਸ਼ਾ ਰੇਹੜੀ ਰਾਹੀਂ ਹੋਵੇਗਾ ਪ੍ਰਚਾਰ

ਵਿਭਾਗ ਵਲੋਂ ਸੂਬੇ ‘ਚ 226 ਬਲਾਕ ਨੋਡਲ ਅਧਿਕਾਰੀ ਕੀਤੇ ਤਾਇਨਾਤ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ)- ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸੂਬੇ ਦੇ ਸਰਕਾਰੀ ਸਕੂਲ਼ਾਂ ਨਾਲ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਜੋੜਨ ਅਤੇ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਦੇ ਦਾਖਲੇ ਨੂੰ ਵਧਾਉਣ ਲਈ ਵੱਖ-ਵੱਖ ਪਹਿਲੂਆਂ ਤੇ ਕੰਮ ਕਰਦਿਆਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
                   ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਤਿੰਦਰਬੀਰ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ (ਸੈ.ਸਿ) ਅੰਮ੍ਰਿਤਸਰ ਤੇ ਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਅੰਮ੍ਰਿਤਸਰ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਵਿਭਾਗ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਅਤੇ ਸੂਬੇ ਵਿੱਚ ਚਲਾਈ ਜਾ ਰਹੀ ਦਾਖਲਾ ਮੁਹਿੰਮ ਨੂੰ ਘਰ ਘਰ ਪਹੁੰਚਾਉਣ ਲਈ ਪੰਜਾਬ ਦੇ 226 ਬਲਾਕਾਂ ਵਿੱਚ ਬਲਾਕ ਨੋਡਲ ਅਧਿਕਾਰੀ ਲਗਾਏ ਗਏ ਹਨ।ਇੰਨਾਂ ਬਲਾਕ ਨੋਡਲ ਅਫਸਰਾਂ ਦੀ ਨਿਗਰਾਨੀ ਵਿੱਚ ਵਿਭਾਗ ਵਲੋਂ ਚਲਾਈ ਜਾ ਰਹੀ ਦਾਖਲਾ ਮੁਹਿੰਮ ਨੂੰ ਹੋਰ ਤੇਜ ਕਰਨ ਲਈ ਸੂਬੇ ਦੇ ਸਮੂਹ ਬਲਾਕਾਂ ਵਿੱਚ ਰਿਕਸ਼ਾ ਰੇਹੜੀ ਰਾਹੀਂ ਘੱਟੋ ਘੱਟ 10 ਦਿਨ ਅਨਾਊਂਸਮੈਂਟ ਕਰਵਾਈ ਜਾਵੇਗੀ ਜਿਸ ਲਈ ਸਾਊਂਡ ਸਿਸਟਮ ਨਾਲ ਲੈਸ ਰਿਕਸਾ ਰੇਹੜੀ ਬਲਾਕ ਦੇ ਸਮੂਹ ਪਿੰਡਾਂ ਵਿੱਚ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਤੇ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਅੰਦਰ ਮੁਹੱਈਆ ਕਰਵਾਈਆਂ ਜਾ ਰਹੀਆਂ ਸੁਵਿਧਾਵਾਂ ਦਾ ਪ੍ਰਚਾਰ ਕਰਦਿਆਂ ਮਾਪਿਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਿਲ ਕਰਵਾਉਣ ਲਈ ਪ੍ਰੇਰਿਤ ਕਰਦੇ ਨਜਰ ਆਉਣਗੇ।ਇਸ ਕੰਮ ਲਈ ਸਿੱਖਿਆ ਵਿਭਾਗ ਪੰਜਾਬ ਵਲੋਂ ਸਮੂਹ ਨੋਡਲ ਅਫਸਰ ਦੇ ਨਾਲ ਸੰਬੰਧਿਤ ਸਕੂਲਾਂ ਨੂੰ 5 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕਰ ਦਿਤੀ ਗਈ ਤੇ ਨੋਡਲ ਅਫਸਰ ਇਸ ਮੁਹਿੰਮ ਦੀਆਂ ਤਸਵੀਰਾਂ ਤੇ ਆਡੀਓ-ਵੀਡੀਓ ਕਲਿੱਪ ਨੂੰ ਜ਼ਿਲ਼੍ਹਾ ਤੇ ਸਕੂਲਾਂ ਦੇ ਸੋਸ਼ਲ ਮੀਡੀਆ ਪੇਜਾਂ ਜ਼ਰੀਏ ਸਾਂਝਾ ਕਰਨਗੇ।
                    ਇਸ ਸਮੇਂ ਰਜੇਸ਼ ਸ਼ਰਮਾ, ਹਰਭਗਵੰਤ ਸਿੰਘ, ਸ਼੍ਰੀਮਤੀ ਰੇਖਾ ਮਹਾਜਨ (ਉਪ ਜ਼ਿਲ਼੍ਹਾ ਸਿੱਖਿਆ ਅਫਸਰ), ਪ੍ਰਿੰਸੀਪਲ ਬਲਰਾਜ ਸਿੰਘ ਢਿਲੋਂ ਜ਼ਿਲ਼੍ਹਾ ਡੀ.ਐਸ.ਐਮ, ਪਰਮਿੰਦਰ ਸਿੰਘ ਸਰਪੰਚ ਜ਼ਿਲ਼੍ਹਾ ਮੀਡੀਆ ਕੋਆਰਡੀਨੇਟਰ, ਦਵਿੰਦਰ ਮੰਗੋਤਰਾ, ਰਾਜਦੀਪ ਸਿੰਘ ਸਟੈਨੋ ਆਦਿ ਹਾਜਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …