Sunday, February 22, 2026

ਨਿੱਜੀ ਸਕੂਲਾਂ ‘ਚ ਪ੍ਰਮਾਣਿਤ ਸੰਸਥਾਵਾਂ ਤੋਂ ਪ੍ਰਕਾਸ਼ਿਤ ਕਿਤਾਬਾਂ ਹੀ ਲਗਵਾਈਆਂ ਜਾਣ – ਜਿਲ੍ਹਾ ਸਿੱਖਿਆ ਅਫਸਰ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਨਿੱਜੀ ਸਕੂਲਾਂ ਵਿੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਸਿਰਫ ਪ੍ਰਵਾਨਿਤ ਸੰਸਥਾਵਾਂ ਵਲੋਂ ਪ੍ਰਕਾਸ਼ਿਤ ਕਿਤਾਬਾਂ ਨੂੰ ਹੀ ਵਿਦਿਆਰਥੀਆਂ ਨੂੰ ਲਗਾਏ ਜਾਣ ਸੰਬੰਧੀ ਨਿਰਦੇਸ਼ ਜਾਰੀ ਕੀਤੇ ਹਨ।
                      ਜ਼ਿਲ਼੍ਹਾ ਸਿੱਖਿਆ ਅਫਸਰ (ਸੈ.ਸਿ) ਸਤਿੰਦਰਬੀਰ ਸਿੰਘ ਅਤੇ ਕੰਵਲਜੀਤ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ (ਐ.ਸਿ) ਅੰਮ੍ਰਿਤਸਰ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਦੀ ਅਗਵਾਈ ਹੇਠ ਵਿਦਿਆਰਥੀ ਹਿੱਤਾਂ ਦੀ ਰਾਖੀ ਕਰਦਿਆਂ ਸੂਬੇ ਦੇ ਸਮੂਹ ਨਿੱਜੀ ਸਕੂਲਾਂ ‘ਚ ਸਿੱਖਿਆ ਹਾਸਲ ਕਰ ਰਹੇ ਵਿਦਿਾਰਥੀਆਂ ਨੂੰ ਕੇਵਲ ਕੌਮੀ ਸਿੱਖਿਆ ਖੋਜ਼ ਤੇ ਸਿਖਲਾਈ ਪ੍ਰੀਸ਼ਦ, ਕੌਂਸਲ ਫਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਐਗਜਾਮੀਨੇਸ਼ਨ (ਸੀ.ਆਈ.ਐਸ.ਸੀ.ਈ) ਅਤੇ ਸੰਬੰਧਿਤ ਬੋਰਡਾਂ ਵਲੋਂ ਪ੍ਰਵਾਨਿਤ ਸੰਸਥਾਵਾਂ ਦੁਆਰਾ ਪ੍ਰਕਾਸ਼ਿਤ ਕਿਤਾਬਾਂ ਨੂੰ ਹੀ ਲਾਏ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ।ਜਿਸ ਲਈ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ (ਸੈ.ਸਿ) ਵਲੋਂ ਸੀ.ਬੀ.ਐਸ.ਈ, ਆਈ.ਸੀ.ਐਸ.ਈ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਸਾਰੇ ਨਿੱਜੀ ਸਕੂਲ ਪ੍ਰਬੰਧਕਾਂ ਨੂੰ ਇਸ ਬਾਰੇ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਨੂੰ ਮਾਪਿਆ ਵਲੋਂ ਲਗਾਤਾਰ ਇਹ ਦੱਸਿਆ ਜਾਂਦਾ ਰਿਹਾ ਹੈ ਕਿ ਕੁੱਝ ਨਿੱਜੀ ਸਕੂਲ ਪ੍ਰਬੰਧਕਾਂ ਵਲੋਂ ਆਪਣੇ ਸਕੂਲ ਵਿੱਚ ਪੜਦੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਪ੍ਰਕਾਸ਼ਕਾਂ ਵਲੋਂ ਪ੍ਰਕਾਸ਼ਿਤ ਕਿਤਾਬਾਂ ਲਾਈਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਇਹ ਕਿਤਾਬਾਂ ਅਤੇ ਸਕੂਲ ਦੀ ਵਰਦੀ ਕਿਸੇ ਖਾਸ ਦੁਕਾਨ ਜਾਂ ਫਰਮ ਤੋਂ ਖਰੀਦਣ ਲਈ ਆਖਿਆ ਜਾਂਦਾ ਹੈ ਅਤੇ ਇਹ ਕਿਤਾਬਾਂ ਤੇ ਵਰਦੀਆਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਮਹਿੰਗੇ ਮੁੱਲ ‘ਤੇ ਖਰੀਦਣੀਆਂ ਪੈਂਦੀਆਂ ਹਨ। ਇੰਨਾਂ ਸ਼ਿਕਾਇਤਾਂ ਦੇ ਮੱਦੇਨਜਰ ਵਿਭਾਗ ਵਲੋਂ ਪੱਤਰ ਜਾਰੀ ਕਰਕੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਖਾਸ ਦੁਕਾਨਾਂ ਜਾਂ ਫਰਮਾਂ ਤੋਂ ਕਿਤਾਬਾਂ ਜਾਂ ਵਰਦੀਆਂ ਖਰੀਦਣ ਲਈ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਮਜ਼ਬੂਰ ਨਾ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ।
                   ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕਿਸੇ ਸਕੂਲ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਜਾਂ ਮਾਪਿਆਂ ਨੂੰ ਅਜਿਹਾ ਕਰਨ ਤੇ ਮਜ਼ਬੂਰ ਕਰਨ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਅਜਿਹੀਆਂ ਦੋਸ਼ੀ ਸੰਸਥਾਵਾਂ ਦੀ ਮਾਨਤਾ, ਇਤਰਾਜ਼ਹੀਣਤਾ ਸਰਟੀਫਿਕੇਟ ਜਾਂ ਐਫਿਲੀਏਸ਼ਨ ਵੀ ਰੱਦ ਕੀਤੀ ਜਾ ਸਕਦੀ ਹੈ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …